ਸੱਕੀ ਤੇ ਬਰਸਾਤੀ ਨਾਲਿਆਂ 'ਚ ਉਛਾਲ ਆਉਣ ਨਾਲ ਹਜ਼ਾਰਾਂ ਏਕੜ ਫ਼ਸਲ ਪਾਣੀ 'ਚ ਡੁੱਬ ਕੇ ਤਬਾਹ
ਚੋਗਾਵਾਂ/ਅੰਮ੍ਰਿਤਸਰ, 25 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਤਹਿਸੀਲ ਲੋਪੋਕੇ ਅਧੀਨ ਆਉਂਦੇ ਸਰਹੱਦੀ ਪਿੰਡਾਂ ਅਤੇ ਸੱਕੀ ਤੇ ਬਰਸਾਤੀ ਨਾਲਿਆਂ ਵਿਚ ਪਿਛਲੇ ਤਿੰਨ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਨੇ ਜਿਥੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ, ਉਥੇ ਪਿੰਡ ਵਣੀਏਕੇ, ਲੋਧੀਗੁੱਜਰ, ਸ਼ਹੂਰਾ, ਮੁਜ਼ੱਫਰਪੁਰ ਸਮੇਤ ਦਰਜਨਾਂ ਪਿੰਡਾਂ ਦੀਆਂ ਪੈਲੀਆਂ ਵਿਚ ਬੀਜੀ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਨੁਕਸਾਨੀ ਗਈ। ਇਸ ਸੰਬੰਧੀ ਸਾਬਕਾ ਚੇਅਰਮੈਨ ਹਰਭੇਜ ਸਿੰਘ ਵਣੀਏਕੇ, ਸੁੱਖ ਵਣੀਏਕੇ ਆਦਿ ਨੇ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਹਰ ਸਾਲ ਫ਼ਸਲਾਂ ਬਰਬਾਦ ਹੁੰਦੀਆਂ ਹਨ, ਜਿਸ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਸਰਕਾਰ ਨੇ ਡਰੇਨ, ਸੱਕੀ ਤੇ ਬਰਸਾਤੀ ਨਾਲਿਆਂ ਦੀ ਸਫਾਈ ਕਰਵਾਈ ਹੁੰਦੀ ਤਾਂ ਕਿਸਾਨਾਂ ਦਾ ਇੰਨਾ ਵੱਡਾ ਨੁਕਸਾਨ ਨਹੀਂ ਹੋਣਾ ਸੀ। ਘਾਹ ਬੂਟੀ ਦੀ ਡੱਕ ਲੱਗਣ ਕਾਰਨ ਪਿੰਡਾਂ ਦਾ ਸਾਰਾ ਬਰਸਾਤੀ ਪਾਣੀ ਕਿਸਾਨਾਂ ਦੇ ਖੇਤਾਂ ਵਿਚ ਵੜ ਗਿਆ ਹੈ। ਫਸਲਾਂ ਪਾਣੀ ਵਿਚ ਡੁੱਬ ਕੇ ਬਰਬਾਦ ਹੋ ਰਹੀਆਂ ਹਨ। ਪਰ ਸਰਕਾਰ ਨੇ ਕੋਈ ਸਾਰ ਨਹੀਂ ਲਈ।ਲਗਾਤਾਰ ਪੈ ਰਹੇ ਮੀਂਹ ਕਾਰਨ ਪਿੰਡਾਂ ਵਿਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਉਨ੍ਹਾਂ ਜ਼ਿਲ੍ਹੇ ਦੇ ਡੀ.ਸੀ. ਅਤੇ ਐਸ.ਡੀ.ਐਮ ਤੋਂ ਮੰਗ ਕੀਤੀ ਕਿ ਸਰਹੱਦੀ ਪਿੰਡਾਂ ਵਿਚ ਬਰਸਾਤ ਦੇ ਰੂਪ ਵਿਚ ਆਈ ਕੁਦਰਤੀ ਆਫਤ ਨਾਲ ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਕਰਾ ਕੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਡਰੈਨ, ਸੱਕੀ ਤੇ ਬਰਸਾਤੀ ਨਾਲਿਆ ਦੀ ਸਫ਼ਾਈ ਕਰਵਾਈ ਜਾਵੇ।
;
;
;
;
;
;
;
;
;