JALANDHAR WEATHER

32 ਕਨਾਲ 16 ਮਰਲੇ ਜ਼ਮੀਨ ਟਰਾਂਸਫਰ ਕਰਨ ਦਾ ਦੋਸ਼, ਪਤੀ-ਪਤਨੀ ਖ਼ਿਲਾਫ਼ ਮੁਕੱਦਮਾ ਦਰਜ

ਡੱਬਵਾਲੀ, 28 ਜੁਲਾਈ (ਇਕਬਾਲ ਸਿੰਘ ਸ਼ਾਂਤ)- ਇਲਾਕੇ ਦੇ ਪ੍ਰਸਿੱਧ ਰਈਸ ‘ਮੱਲ’ ਖ਼ਾਨਦਾਨ ਦੀ ਪੁਸ਼ਤੈਨੀ ਜ਼ਮੀਨ ਦੇ ਵਿਵਾਦ ਵਿਚ ਥਾਣਾ ਸਦਰ ਨੇ ਅਮਨ ਚੁੱਘ ਅਤੇ ਉਸ ਦੀ ਪਤਨੀ ਸੁਪਰਣਾ ਖ਼ਿਲਾਫ਼ ਧੋਖਾਦੇਹੀ, ਅਮਾਨਤ ਵਿਚ ਖ਼ਿਆਨਤ ਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ। ਦੋਸ਼ ਹੈ ਕਿ ਮਾਨਸਿਕ ਪੱਖੋਂ ਗੈਰ ਸਿਹਤਮੰਦ ਵਿਅਕਤੀ ਦੀ ਮੌਤ ਉਪਰੰਤ ਉਸ ਦੀ ਪਾਵਰ ਆਫ਼ ਅਟਾਰਨੀ ਦੀ ਕਥਿਤ ਦੁਰਵਰਤੋਂ ਕਰਕੇ 32 ਕਨਾਲ 16 ਮਰਲੇ ਜ਼ਮੀਨ ਆਪਣੀ ਪਤਨੀ ਦੇ ਨਾਂਅ ਤਬਦੀਲ ਕਰਵਾਈ ਗਈ। ਆਰਥਿਕ ਅਪਰਾਧ ਸ਼ਾਖਾ ਦੀ ਜਾਂਚ ਉਪਰੰਤ ਬਾਅਦ ਮੁਕੱਦਮਾ ਦਰਜ ਕੀਤਾ ਗਿਆ। ਮਾਮਲੇ ਵਿਚ ਸਤਨਾਮ ਦਾਸ ਦੀ ਮੌਤ ਦੇ ਦਿਨ ਨੂੰ ਲੈ ਕੇ ਵੱਡਾ ਰਹੱਸ ਹੈ। ਜਾਇਦਾਦ ਦੇ ਖੇਡ ਵਿਚ ਵੱਡੇ ਖ਼ਾਨਦਾਨ ਦੇ ਮਾਨਸਿਕ ਤੌਰ 'ਤੇ ਗੈਰ ਸਿਹਤਮੰਦ ਵਿਅਕਤੀ ਦੀ ਮੌਤ ਦਾ ਦਿਨ ਗੁੰਝਲ ਵਿਚ ਪਾ ਦਿੱਤਾ ਗਿਆ।

ਸ਼ਿਕਾਇਤਕਰਤਾ ਪੰਚਕੂਲਾ ਵਾਸੀ ਓਮ ਪ੍ਰਕਾਸ਼ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਸਕੇ ਭਰਾ ਸਵਰਗੀ ਸਤਨਾਮ ਦਾਸ ਸਾਰੀ ਉਮਰ ਮਾਨਸਿਕ ਤੌਰ 'ਤੇ ਗੈਰਸਿਹਤਮੰਦ ਰਹੇ ਅਤੇ ਆਪਣੀ ਜਾਇਦਾਦ ਡੀ ਸਾਂਭ-ਸੰਭਾਲ ਕਰਨ ਦੇ ਯੋਗ ਨਹੀਂ ਸਨ। ਸ਼ਿਕਾਇਤ ਮੁਤਾਬਕ ਉਨ੍ਹਾਂ ਦਾ ਇਲਾਜ ਮੈਡੀਕਲ ਕਾਲਜ ਰੋਹਤਕ ਅਤੇ ਮਾਨਸਿਕ ਹਸਪਤਾਲ ਅੰਮ੍ਰਿਤਸਰ ਵਿਚ ਹੋਇਆ ਸੀ। ਸਾਲ 1976 ਵਿੱਚ ਹਿਸਾਰ ਦੀ ਅਦਾਲਤ ਨੇ ਭਾਰਤੀ ਪਾਗਲਪਨ ਐਕਟ, 1912 ਤਹਿਤ ਉਨ੍ਹਾਂ ਦੇ ਪਿਤਾ ਮੋਹਕਮ ਚੰਦ ਨੂੰ ਕਾਨੂੰਨੀ ਸਰਪ੍ਰਸਤ ਨਿਯੁਕਤ ਕੀਤਾ ਸੀ। ਦੋਸ਼ ਹੈ ਕਿ 1 ਜੁਲਾਈ 2021 ਨੂੰ ਸਤਨਾਮ ਦਾਸ ਦੀ ਮੌਤ ਹੋ ਗਈ ਸੀ, ਪਰ ਇਸਤੋਂ ਬਾਅਦ 2 ਅਤੇ 5 ਜੁਲਾਈ 2021 ਨੂੰ ਉਸ ਦੀ ਪਾਵਰ ਆਫ਼ ਅਟਾਰਨੀ ਦੇ ਆਧਾਰ 'ਤੇ ਦੋ ਰਜਿਸਟਰੀਆਂ ਕਰਵਾ ਕੇ 32 ਕਨਾਲ 16 ਮਰਲੇ ਜ਼ਮੀਨ ਅਮਨ ਚੁੱਘ ਦੀ ਪਤਨੀ ਸੁਪਰਣਾ ਦੇ ਨਾਂਅ ਦਰਜ ਕਰਵਾ ਦਿੱਤੀ ਗਈ।

ਜਾਂਚ ਦੌਰਾਨ ਪੁਲੀਸ ਨੇ ਡੱਬਵਾਲੀ ਦੇ ਸ਼ਮਸ਼ਾਨ ਘਾਟ ਅਤੇ ਹਰਿਦੁਆਰ ਦੇ ਧਾਰਮਿਕ ਰਿਕਾਰਡ ਫਰੋਲੇ। ਜਿਸ ਵਿਚ ਹੈਰਾਨੀਜਨਕ ਤੱਥ ਸਾਹਮਣੇ ਆਏ। ਸ਼ਮਸ਼ਾਨ ਘਾਟ ਡੱਬਵਾਲੀ ਦੇ ਰਜਿਸਟਰ ਵਿੱਚ 2 ਜੁਲਾਈ 2021 ਦੀ ਐਂਟਰੀ ਨੰਬਰ 256 ਖਾਲੀ ਮਿਲੀ, ਜਦਕਿ ਹਰਿਦੁਆਰ ਦੇ ਕੁਸ਼ਾ ਘਾਟ ਦੀ ਧਾਰਮਿਕ ਬਹੀ ਵਿੱਚ ਸਤਨਾਮ ਦਾਸ ਦੀ ਮੌਤ 1 ਜੁਲਾਈ 2021 ਦਰਜ ਸੀ ਅਤੇ ਉਸ 'ਤੇ ਮੁਲਜ਼ਮਾਂ ਦੇ ਦਸਤਖ਼ਤ ਵੀ ਮਿਲੇ। ਪੜਤਾਲ ਵਿਚ ਦੋਸ਼ ਹੈ ਕਿ ਮੌਤ ਤੋਂ ਬਾਅਦ ਪਾਵਰ ਆਫ਼ ਅਟਾਰਨੀ ਦੀ ਕਥਿਤ ਦੁਰਵਰਤੋਂ ਕਰਕੇ ਜਾਇਦਾਦ ਟਰਾਂਸਫਰ ਕਰਵਾਈ ਗਈ। ਜਾਂਚ ਰਿਪੋਰਟ ਵਿੱਚ ਆਰਥਿਕ ਅਪਰਾਧ ਸ਼ਾਖਾ ਨੇ ਮੁਕੱਦਮਾ ਦਰਜ ਕਰਨ ਦੀ ਸਿਫ਼ਾਰਸ਼ ਕੀਤੀ।

ਰਾਜਨੀਤਿਕ ਦਬਾਅ ਹੇਠ ਝੂਠਾ ਕੇਸ ਦਰਜ ਹੋਇਆ: ਅਮਨ ਚੁੱਘ

ਦੂਜੇ ਪਾਸੇ ਅਮਨ ਚੁੱਘ ਨੇ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਪਰਿਵਾਰਕ ਜ਼ਮੀਨੀ ਵਿਵਾਦ ਹੈ, ਜਿਸ ਵਿੱਚ ਰਾਜਨੀਤਿਕ ਦਬਾਅ ਹੇਠ ਕੇਸ ਦਰਜ ਕਰਵਾਇਆ ਗਿਆ ਹੈ। ਉਹ ਆਪਣੇ ਤਾਏ ਦੀ ਦੇਖਭਾਲ ਕਰਦੇ ਸਨ, ਉਨ੍ਹਾਂ ਕੋਲ ਜਾਇਜ਼ ਪਾਵਰ ਆਫ਼ ਅਟਾਰਨੀ ਸੀ ਅਤੇ ਪਰਿਵਾਰਕ ਪੰਚਾਇਤ ਵਿੱਚ ਜ਼ਮੀਨ ਦਾ ਫ਼ੈਸਲਾ ਪਹਿਲਾਂ ਹੀ ਹੋ ਚੁੱਕਾ ਸੀ। ਅਮਨ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਆਪਣੇ ਚਾਚਾ ਦੀ ਕਰੀਬ ਅੱਠ ਏਕੜ ਜ਼ਮੀਨ ਮਿਲਣੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ