JALANDHAR WEATHER

ਮੁੱਕੇਬਾਜ਼ ਸਾਕਸ਼ੀ, ਅਰੁੰਧਤੀ ਤੇ ਸਚਿਨ ਸੈਮੀਫਾਈਨਲ ’ਚ ਪੁੱਜੇ, ਤਗਮੇ ਪੱਕੇ

ਗਲਾਸਗੋ, 29 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ’ਚ ਭਾਰਤ ਦੀ ਮੁੱਕੇਬਾਜ਼ ਸਾਕਸ਼ੀ ਨੇ ਮਹਿਲਾਵਾਂ ਦੇ 51 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉੱਤਰੀ ਆਇਰਲੈਂਡ ਦੀ ਕੈਟਲਿਨ ਫ੍ਰਾਇਰਜ਼ ਨੂੰ 5-0 ਦੇ ਇਕਤਰਫ਼ਾ ਫ਼ੈਸਲੇ ਨਾਲ ਹਰਾ ਦਿੱਤਾ। ਐੱਸ.ਈ.ਸੀ. ਹਾਲ-5 ’ਚ ਖੇਡੇ ਗਏ ਇਸ ਮੁਕਾਬਲੇ ’ਚ ਸਾਕਸ਼ੀ ਨੇ ਸ਼ੁਰੂ ਤੋਂ ਅੰਤ ਤੱਕ ਪੂਰਾ ਦਬਦਬਾ ਬਣਾਈ ਰੱਖਿਆ। ਪੰਜਾਂ ਜੱਜਾਂ ਨੇ ਭਾਰਤੀ ਮੁੱਕੇਬਾਜ਼ ਦੇ ਹੱਕ ’ਚ ਫ਼ੈਸਲਾ ਸੁਣਾਇਆ, ਜਿਸ ਨਾਲ ਉਸ ਨੇ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਦੇ ਨਾਲ-ਨਾਲ ਘੱਟੋ-ਘੱਟ ਕਾਂਸੀ ਦਾ ਤਗਮਾ ਵੀ ਪੱਕਾ ਕਰ ਲਿਆ। ਸਾਕਸ਼ੀ ਹੁਣ ਸੈਮੀਫਾਈਨਲ ’ਚ ਸੋਨ ਤਗਮੇ ਵੱਲ ਇਕ ਹੋਰ ਕਦਮ ਵਧਾਉਣ ਲਈ ਉਤਰੇਗੀ। ਉਸ ਦੀ ਇਸ ਜਿੱਤ ਨਾਲ ਭਾਰਤੀ ਮੁੱਕੇਬਾਜ਼ੀ ਦਲ ਨੂੰ ਇੱਕ ਹੋਰ ਤਗਮੇ ਦੀ ਉਮੀਦ ਬੱਝ ਗਈ ਹੈ।
ਸਚਿਨ ਦੀ ਇਕਤਰਫ਼ਾ ਜਿੱਤ
ਸਚਿਨ ਨੇ ਪੁਰਸ਼ਾਂ ਦੇ 60 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ ’ਚ ਬੋਤਸਵਾਨਾ ਦੇ ਟ੍ਰੇਜ਼ਰ ਮੋਰੇਮੀ ਨੂੰ 5-0 ਦੇ ਇਕਤਰਫ਼ਾ ਫ਼ੈਸਲੇ ਨਾਲ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। ਸਚਿਨ ਨੇ ਸ਼ੁਰੂ ਤੋਂ ਅੰਤ ਤੱਕ ਮੁਕਾਬਲੇ ’ਤੇ ਪੂਰਾ ਦਬਦਬਾ ਬਣਾਈ ਰੱਖਿਆ। ਪੰਜਾਂ ਜੱਜਾਂ ਨੇ ਭਾਰਤੀ ਮੁੱਕੇਬਾਜ਼ ਦੇ ਹੱਕ ਵਿੱਚ ਫ਼ੈਸਲਾ ਦਿੱਤਾ, ਜਿਸ ਨਾਲ ਉਸ ਨੇ ਸ਼ਾਨਦਾਰ ਅੰਦਾਜ਼ ਵਿੱਚ ਆਖ਼ਰੀ ਚਾਰ ਵਿੱਚ ਪ੍ਰਵੇਸ਼ ਕੀਤਾ।
ਅਰੁੰਧਤੀ ਚੌਧਰੀ ਨੇ ਨਿਊਜ਼ੀਲੈਂਡ ਦੀ ਖ਼ਿਡਾਰਨ ਨੂੰ ਹਰਾਇਆ
ਮਹਿਲਾ 70 ਕਿਲੋਗ੍ਰਾਮ ਮੁੱਕੇਬਾਜ਼ੀ ਮੁਕਾਬਲੇ ’ਚ ਭਾਰਤ ਦੀ ਅਰੁੰਧਤੀ ਚੌਧਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁਆਰਟਰ ਫਾਈਨਲ ਵਿਚ ਨਿਊਜ਼ੀਲੈਂਡ ਦੀ ਮੋਰਗਨ ਹੈਂਡਰਸਨ ਨੂੰ 3-1 ਨਾਲ ਹਰਾ ਦਿੱਤਾ। ਇਸ ਮੁਕਾਬਲੇ ’ਚ ਅਰੁੰਧਤੀ ਨੇ ਪ੍ਰਭਾਵਸ਼ਾਲੀ ਮੁੱਕੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਤੇ ਜੱਜਾਂ ਦੇ 3-1 ਦੇ ਫ਼ੈਸਲੇ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਉਹ ਸੈਮੀਫਾਈਨਲ ’ਚ ਪਹੁੰਚ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ