JALANDHAR WEATHER

ਸ਼ਾਂਤੀਪੂਰਨ ਮਾਰਚ ‘ਤੇ ਲਾਠੀਚਾਰਜ ਲੋਕਤੰਤਰ ‘ਤੇ ਸਿੱਧਾ ਹਮਲਾ- ਐਡਵੋਕੇਟ ਕਰਮਵੀਰ ਸਿੰਘ

ਅਮਰਕੋਟ (ਤਰਨਤਾਰਨ), 29 ਜੁਲਾਈ (ਭੱਟੀ)- ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਬੁਲਾਰੇ ਐਡਵੋਕੇਟ ਕਰਮਵੀਰ ਸਿੰਘ ਨੇ ਸਮੂਹ ਬੰਦੀ ਸਿੰਘਾਂ ਅਤੇ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਰਿਹਾਈ ਸਮੇਤ ਪੰਜਾਬ ਦੇ ਭਖਦੇ ਮੁੱਦਿਆਂ ਸਬੰਧੀ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਵੱਲ ਸ਼ਾਂਤੀਪੂਰਨ ਕੂਚ ਕਰ ਰਹੀਆਂ ਸੰਗਤਾਂ ‘ਤੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਤਿੱਖੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਆਪਣੇ ਹੀ ਸੂਬੇ ਦੀ ਰਾਜਧਾਨੀ ਵਿਚ ਲੋਕਤੰਤਰਿਕ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰ ਰਹੇ ਸਿੱਖਾਂ ਦੀਆਂ ਪੱਗਾਂ ਨੂੰ ਹੱਥ ਪਾਉਣਾ ਅਤੇ ਉਨ੍ਹਾਂ ਉੱਤੇ ਤਾਕਤ ਦੀ ਵਰਤੋਂ ਕਰਨਾ ਬੇਹੱਦ ਮੰਦਭਾਗਾ ਅਤੇ ਨਿੰਦਣਯੋਗ ਹੈ। ਇਹ ਕਾਰਵਾਈ ਇਹ ਪ੍ਰਭਾਵ ਛੱਡਦੀ ਹੈ ਕਿ ਸਿੱਖਾਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ, ਜੋ ਲੋਕਤੰਤਰਿਕ ਕਦਰਾਂ-ਕੀਮਤਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਐਡਵੋਕੇਟ ਕਰਮਵੀਰ ਸਿੰਘ ਨੇ ਕਿਹਾ ਕਿ ਅੱਜ ਦਾ ਵਿਸ਼ਾਲ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੀ ਜਵਾਨੀ ਵੱਡੇ ਪੱਧਰ ‘ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਝੰਡੇ ਹੇਠ ਇਕਜੁੱਟ ਹੋ ਰਹੀ ਹੈ। ਅੰਦਾਜ਼ਨ 18 ਤੋਂ 20 ਹਜ਼ਾਰ ਲੋਕਾਂ ਦੀ ਭਾਗੀਦਾਰੀ ਨਾਲ ਕਈ ਕਿਲੋਮੀਟਰ ਲੰਬੇ ਅਨੁਸ਼ਾਸਿਤ ਕਾਫ਼ਲੇ ਵਿੱਚ ਰੋਸ ਮਾਰਚ ਕੀਤਾ ਗਿਆ। ਸੈਂਕੜੇ ਤਖ਼ਤੀਆਂ ‘ਤੇ ਬੰਦੀ ਸਿੰਘਾਂ ਦੀ ਰਿਹਾਈ, ਇਨਸਾਫ਼ ਅਤੇ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਰਿਹਾਈ ਦੀਆਂ ਮੰਗਾਂ ਦਰਜ ਸਨ। ਪੂਰਾ ਮਾਰਚ ਸ਼ਾਂਤੀਪੂਰਨ, ਅਨੁਸ਼ਾਸਿਤ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋਇਆ।

ਉਨ੍ਹਾਂ ਕਿਹਾ ਕਿ ਰਿਕਾਰਡ ਤੋੜ ਗਰਮੀ ਵੀ ਸੰਗਤਾਂ ਦੇ ਜੋਸ਼ ਨੂੰ ਨਹੀਂ ਰੋਕ ਸਕੀ। ਹਜ਼ਾਰਾਂ ਸੰਗਤਾਂ ਇਕ ਰਾਤ ਪਹਿਲਾਂ ਹੀ ਪਹੁੰਚ ਗਈਆਂ ਅਤੇ ਗੁਰਦੁਆਰਿਆਂ ਵਿਚ ਰਾਤ ਬਿਤਾਈ। ਇਹ ਦਰਸਾਉਂਦਾ ਹੈ ਕਿ ਪੰਜਾਬ ਦੀ ਜਵਾਨੀ ਆਪਣੇ ਹੱਕਾਂ, ਇਨਸਾਫ਼ ਅਤੇ ਪੰਥਕ ਮੁੱਦਿਆਂ ਲਈ ਦ੍ਰਿੜ ਇਰਾਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੰਥਕ ਇਤਿਹਾਸ ਵਿਚ ਮੋਰਚਿਆਂ ਦੀ ਮਜ਼ਬੂਤ ਅਤੇ ਗੌਰਵਮਈ ਪਰੰਪਰਾ ਰਹੀ ਹੈ। ਅੱਜ ਦਾ ਇਹ ਸੰਘਰਸ਼ ਵੀ ਉਸੇ ਇਤਿਹਾਸ ਦੀ ਤਾਜ਼ਾ ਕੜੀ ਹੈ, ਜੋ ਨੌਜਵਾਨਾਂ ਦੀ ਜਾਗਰੂਕਤਾ, ਅਨੁਸ਼ਾਸਨ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਸਪੱਸ਼ਟ ਕਿਹਾ ਕਿ ਜਨਤਕ ਰੋਸ ਦਾ ਜਵਾਬ ਲਾਠੀਆਂ, ਪਾਣੀ ਦੀਆਂ ਬੋਛਾਰਾਂ ਜਾਂ ਬੈਰੀਕੇਡਾਂ ਨਾਲ ਨਹੀਂ ਦਿੱਤਾ ਜਾ ਸਕਦਾ। ਲੋਕਤੰਤਰ ਵਿੱਚ ਸਰਕਾਰਾਂ ਦਾ ਫਰਜ਼ ਹੈ ਕਿ ਉਹ ਲੋਕਾਂ ਦੀ ਗੱਲ ਸੁਣਨ, ਸੰਵਾਦ ਦਾ ਰਸਤਾ ਅਪਣਾਉਣ ਅਤੇ ਸੰਵਿਧਾਨਕ ਦਾਇਰੇ ਅੰਦਰ ਰਹਿ ਕੇ ਮਸਲਿਆਂ ਦਾ ਹੱਲ ਲੱਭਣ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਲੋਕ ਸਭਾ ਲਈ ਚੁਣ ਕੇ ਆਪਣਾ ਭਰੋਸਾ ਪ੍ਰਗਟ ਕੀਤਾ ਹੈ। ਭਾਵੇਂ ਉਨ੍ਹਾਂ ਨਾਲ ਸੰਬੰਧਿਤ ਮਾਮਲੇ ਅਦਾਲਤੀ ਪ੍ਰਕਿਰਿਆ ਅਧੀਨ ਹਨ, ਪਰ ਉਨ੍ਹਾਂ ਦੇ ਸਮਰਥਕ ਸੰਵਿਧਾਨਕ ਅਤੇ ਸ਼ਾਂਤੀਪੂਰਨ ਢੰਗ ਨਾਲ ਆਪਣੀਆਂ ਮੰਗਾਂ ਉਠਾ ਰਹੇ ਹਨ।

ਐਡਵੋਕੇਟ ਕਰਮਵੀਰ ਸਿੰਘ ਨੇ ਕਿਹਾ ਕਿ ਅੱਜ ਦੀ ਘਟਨਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੀ ਰਾਜਨੀਤੀ ਇੱਕ ਨਵੇਂ ਦੌਰ ਵਿਚ ਦਾਖ਼ਲ ਹੋ ਰਹੀ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਸੱਦੇ ‘ਤੇ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਲੋਕਾਂ ਦੀ ਰਿਕਾਰਡ ਤੋੜ ਸ਼ਮੂਲੀਅਤ ਇਸ ਗੱਲ ਦਾ ਸੰਕੇਤ ਹੈ ਕਿ ਇਹ ਧਿਰ ਇੱਕ ਮਜ਼ਬੂਤ ਪੰਥਕ ਅਤੇ ਲੋਕ ਆਵਾਜ਼ ਵਜੋਂ ਉਭਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਜਨ ਸਮਰਥਨ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਅਗਵਾਈ ਵਿਚ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਦੀ ਰਾਜਨੀਤੀ ਵਿਚ ਵੱਡੇ ਬਦਲਾਅ ਵੱਲ ਇਸ਼ਾਰਾ ਕਰਦਾ ਹੈ।

ਉਨ੍ਹਾਂ ਅੰਤ ਵਿਚ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਸ਼ਾਂਤੀਪੂਰਨ ਆਵਾਜ਼ ਨੂੰ ਦਬਾਉਣ ਦੀ ਬਜਾਏ ਗੱਲਬਾਤ ਦਾ ਰਸਤਾ ਅਪਣਾਇਆ ਜਾਵੇ ਅਤੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੇ ਮਾਮਲਿਆਂ ਵਿੱਚ ਇਨਸਾਫ਼ ਅਤੇ ਪੰਜਾਬ ਦੇ ਹੋਰ ਭਖਦੇ ਮੁੱਦਿਆਂ ਦੇ ਸੰਵਿਧਾਨਕ ਹੱਲ ਲਈ ਠੋਸ ਕਦਮ ਚੁੱਕੇ ਜਾਣ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ