ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅੰਤਰ ਜ਼ਿਲ੍ਹਾ ਗਿਰੋਹ ਦਾ ਪਰਦਾਫਾਸ਼
ਸ਼ਾਹਕੋਟ (ਜਲੰਧਰ), 31 ਜੁਲਾਈ (ਨਗਿੰਦਰ ਸਿੰਘ ਬਾਂਸਲ)- ਸ਼ਾਹਕੋਟ ਦੇ ਉਪ ਪੁਲਿਸ ਕਪਤਾਨ ਸਰਵਣ ਸਿੰਘ ਬੱਲ ਦੀ ਅਗਵਾਈ ਹੇਠ ਪੁਲਿਸ ਵਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਲੋਹੀਆਂ ਖ਼ਾਸ ਦੇ ਥਾਣਾ ਮੁਖੀ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਖਹਿਰਾ ਦੀ ਟੀਮ ਵਲੋਂ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੰਤਰ-ਜ਼ਿਲ੍ਹਾ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪਿਛਲੇ ਸਮੇਂ ਵਿਚ ਵਾਪਰੀਆਂ ਲੁੱਟ ਖੋਹ ਦੀਆਂ 27 ਵਾਰਦਾਤਾਂ ਨੂੰ ਹੱਲ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ।
ਇਸ ਸਬੰਧੀ ਡੀ.ਐੱਸ.ਪੀ. ਦਫ਼ਤਰ ਸ਼ਾਹਕੋਟ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸਰਵਨ ਸਿੰਘ ਬੱਲ ਨੇ ਦੱਸਿਆ ਕਿ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਖਹਿਰਾ ਥਾਣਾ ਮੁਖੀ ਲੋਹੀਆਂ ਖ਼ਾਸ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਸੀਚੇਵਾਲ ਦੇ ਸ਼ਮਸ਼ਾਨ ਘਾਟ ਦੇ ਬਾਹਰ ਗੇਟ ਦੇ ਕੋਲ ਖੜੇ ਸਚਦੇਵ ਸਿੰਘ ਉਰਫ਼ ਸੱਚ ਪੁੱਤਰ ਬਲਵੰਤ ਸਿੰਘ ਵਾਸੀ ਸੀਚੇਵਾਲ ਥਾਣਾ ਲੋਹੀਆਂ ਜ਼ਿਲ੍ਹਾ ਜਲੰਧਰ, ਹਰਮਨਜੋਤ ਸਿੰਘ ਉਰਫ ਹੰਮਾ ਪੁੱਤਰ ਗੁਰਦਿਆਲ ਸਿੰਘ ਵਾਸੀ ਬਾਦਸ਼ਾਹਪੁਰ ਥਾਣਾ ਲੋਹੀਆਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਇਹਨਾਂ ਦੋਨਾਂ ਪਾਸੋਂ ਚੋਰੀ ਕੀਤਾ 1 ਮੋਟਰਸਾਇਕਲ, ਵਾਰਦਾਤ ਕਰਨ ਲਈ ਵਰਤਿਆ ਜਾਂਦਾ 1 ਮੋਟਰਸਾਈਕਲ (ਕੁੱਲ 2 ਮੋਟਰ ਸਾਈਕਲ), 2 ਦਾਤਰ ਅਤੇ 30 ਹਜ਼ਾਰ ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ ਗਈ।
ਪੁਲਿਸ ਵਲੋਂ ਉਕਤ ਦੋਹਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਪਾਸੋਂ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਪਿੰਡ ਸੀਚੇਵਾਲ ਵਿਚ ਕੁੱਲ 4 ਵਾਰਦਾਤਾਂ, ਥਾਣਾ ਲੋਹੀਆਂ ਦੇ ਖੇਤਰ ਵਿਚ 5 ਵਾਰਦਾਤਾਂ, ਥਾਣਾ ਸਦਰ ਨਕੋਦਰ ਦੇ ਖੇਤਰ ਵਿਚ 1 ਵਾਰਦਾਤ, ਥਾਣਾ ਸ਼ਾਹਕੋਟ-ਮਲਸੀਆਂ ਦੇ ਖੇਤਰ ਵਿਚ 10 ਵਾਰਦਾਤਾਂ ਅਤੇ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਡੱਲਾ ਅਤੇ ਪਵਿੱਤਰ ਬੇਈਂ ਦੇ ਕੰਢੇ ਦੇ ਖੇਤਰ ਵਿਚ 6 ਵਾਰਦਾਤਾਂ ਕੀਤੀਆਂ ਹਨ।
ਸ. ਬੱਲ ਨੇ ਕਿਹਾ ਕਿ ਇਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਨ੍ਹਾਂ ਪਾਸੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਤੋਂ ਹੋਰ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਹਾਂ ਖ਼ਿਲਾਫ਼ ਪਹਿਲਾਂ ਵੀ ਥਾਣਾ ਸਦਰ ਨਕੋਦਰ ਅਤੇ ਥਾਣਾ ਸ਼ਾਹਕੋਟ ਵਿਖੇ ਮੁਕੱਦਮੇ ਦਰਜ ਹਨ। ਇਸ ਮੌਕੇ ਲੋਹੀਆਂ ਖ਼ਾਸ ਦੇ ਥਾਣਾ ਮੁਖੀ ਸੁਖਜਿੰਦਰ ਸਿੰਘ ਖਹਿਰਾ ਵੀ ਹਾਜ਼ਰ ਸਨ।
;
;
;
;
;
;
;
;