ਟੋਰਾਂਟੋ, 19 ਸਤੰਬਰ(ਹਰਜੀਤ ਸਿੰਘ ਬਾਜਵਾ)-ਮਹਿਫ਼ਲ ਮੀਡੀਆ ਗਰੁੱਪ ਤੇ ਆਰ.ਕੇ. ਇੰਟਰਟੇਨਮੈਂਟ ਵੱਲੋਂ ਜਸਵਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਪੰਜਾਬ ਦਿਵਸ ਨੂੰ ਸਮਰਪਿਤ 'ਪੰਜਾਬ ਡੇਅ ਮੇਲਾ' ਟੋਰਾਂਟੋ ਦੇ ਵੁੱਡਬਾਈਨ ਮਾਲ ਦੀ ਵੱਡੀ ਪਾਰਕਿੰਗ 'ਚ ਕਰਵਾਇਆ ਗਿਆ ਜਿੱਥੇ ਪੰਜਾਬ ਦੇ ਗੌਰਵ ਮਈ ਇਤਿਹਾਸ, ਭਗੋਲ, ਪੰਜਾਬੀਅਤ ਦੀਆਂ ਗੱਲਾਂ ਬਾਤਾਂ ਹੋਈਆਂ ਤੇ 'ਅਸੀ ਪੰਜਾਬੀ ਹਾਂ' ਦੀ ਬਾਤ ਵੀ ਦੁਹਰਾਈ ਗਈ, ਸਭਨਾਂ ਲਈ ਮੁਫਤ ਦਾਖਲੇ ਵਾਲੇ ਇਸ ਮੇਲੇ 'ਚ ਹਰ ਪਾਸੇ ਪੰਜਾਬੀ ਰੰਗ ਵੇਖਣ ਨੂੰ ਮਿਲਿਆ ਜਿੱਥੇ ਪੰਜਾਬੀ ਨੌਜਵਾਨ ਕੁੜਤੇ ਚਾਦਰੇ ਪਹਿਨ ਕੇ ਅਤੇ ਹੱਥਾਂ 'ਚ ਸੰਮਾਂ ਵਾਲੀਆਂ ਡਾਂਗਾਂ ਫੜ ਕੇ ਘੁੰਮਦੇ ਵੇਖੇ ਗਏ ਉੱਥੇ ਮੁਟਿਆਰਾਂ ਪੰਜਾਬੀ ਸੂਟਾਂ 'ਚ ਇਸ ਮੇਲੇ ਦਾ ਆਨੰਦ ਮਾਣਦੀਆਂ ਵੇਖੀਆਂ ਗਈਆਂ, ਮੇਲੇ 'ਚ ਪੰਜਾਬ ਦੀਆਂ ਹੋਰ ਪੁਰਾਤਨ ਖੇਡਾਂ ਵੀ ਹੋਈਆਂ, ਇੱਥੇ ਪਹੁੰਚੇ ਪੰਜਾਬ ਦੇ ਮਸ਼ਹੂਰ ਗਾਇਕਾਂ/ ਗਾਇਕਾਵਾਂ ਨੇ ਆਪੋ ਆਪਣੀ ਗਾਇਕੀ ਨਾਲ ਲੋਕਾਂ ਦਾ ਖੂਬ ਮਨੋਰੰਜਨ ਵੀ ਕੀਤਾ ਜਦੋਂ ਕਿ ਮੇਲੇ ਦੌਰਾਨ ਆਸੇ ਪਾਸੇ ਲੱਗੀਆਂ ਖਾਣ ਪੀਣ ਅਤੇ ਖਰੀਦਦਾਰੀ ਕਰਨ ਵਾਲੀਆਂ ਦੁਕਾਨਾਂ ਪੰਜਾਬ ਦੀ ਤਸਵੀਰ ਪੇਸ਼ ਕਰ ਰਹੀਆਂ ਸਨ | ਮੇਲੇ ਦੌਰਾਨ ਸਟੇਜ ਦੀ ਕਾਰਵਾਈ ਪੁਸ਼ਪਿੰਦਰ ਸੰਧੂ, ਅਮਨਦੀਪ ਕੌਰ ਪੰਨੂੰ, ਕੁਲਵੰਤ ਸੇਖੋਂ ਤੇ ਦਵਿੰਦਰ ਬੈਂਸ ਵੱਲੋਂ ਬੜੇ ਸੁਚੱਜੇ ਢੰਗ ਨਾਲ ਨਿਭਾਈ ਗਈ ਤੇ ਮੇਲੇ ਦੀ ਸ਼ੁਰੂਆਤ ਪੰਜਾਬ 'ਚ ਆਏ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਨਾਲ ਹੋਈ ਉਪਰੰਤ ਨੌਜਵਾਨ ਗਾਇਕ ਬੌਬੀ ਪੰਧੇਰ ਨੇ ਧਾਰਮਿਕ ਸ਼ਬਦ ਨਾਲ ਹਾਜ਼ਰੀ ਲੁਆਈ | ਪੰਜਾਬ ਦੀ ਰਵਾਇਤ ਅਨੁਸਾਰ ਮੇਲੇ 'ਚ ਹਰ ਇਕ ਲਈ ਚਾਹ ਪਾਣੀ ਦਾ ਪ੍ਰਬੰਧ ਸੀ | ਇਸ ਮੌਕੇ ਜਿੱਥੇ ਪੰਜਾਬ ਤੋਂ ਆਈ ਸੁਰਿੰਦਰ ਮਾਨ ਅਤੇ ਕਰਮਜੀਤ ਕੰਮੋਂ ਦੀ ਦੋਗਾਣਾ ਜੋੜੀ ਨੇ ਪੰਜਾਬ ਦੇ ਪੁਰਾਤਨ ਮੇਲਿਆਂ ਦੀ ਯਾਦ ਤਾਜਾ ਕਰਵਾਈ ਉੱਥੇ ਹੀ ਬੁੱਕਣ ਜੱਟ, ਹੈਰੀ ਸੰਧੂ, ਕੋਰੇਆਲਾ ਮਾਨ ਨੇ ਆਪੋ ਆਪਣੀ ਗਾਇਕੀ ਨਾਲ ਚੰਗੀਆਂ ਧਮਾਲਾਂ ਪੁਆਈਆਂ, ਇਸਤੋਂ ਇਲਾਵਾ ਮੰਗੀ ਮਾਹਲ, ਲਖਵਿੰਦਰ ਸੰਧੂ, ਸਾਬੀ, ਸੁੱਖੀ ਬਰਾੜ, ਸੁਖਵਿੰਦਰ ਸੁੱਖੀ, ਗੀਤਾ ਬੈਂਸ, ਰੂਪ ਸਿੱਧੂ, ਗੁਰਵਿੰਦਰ ਬਰਾੜ, ਹੁਸਨੈਨ ਅਕਬਰ, ਹਰਮਿਲਾਪ ਗਿੱਲ, ਲੱਖ ਸੰਧੂ ਆਦਿ ਗਾਇਕਾਂ ਨੇ ਆਪੋ ਆਪਣੀ ਗਾਇਕੀ ਨਾਲ ਵਧੀਆ ਹਾਜ਼ਰੀ ਲੁਆ ਕੇ ਹਾਜ਼ਰੀਨ ਦਾ ਖੂਬ ਮਨੋਰੰਜਨ ਕੀਤਾ | ਸਮਾਗਮ ਦੌਰਾਨ ਜਿੱਥੇ ਖੁੱਲ੍ਹੇ ਗਰਾਊਾਡ 'ਚ ਮੁਫ਼ਤ ਦਸਤਾਰ ਕੈਂਪ ਲੱਗੇ ਹੋਏ ਸਨ ੳੇੱਥੇ ਹੀ ਪੰਜਾਬੀਆਂ ਵੱਲੋਂ ਸ਼ਿੰਗਾਰੀਆਂ ਜੀਪਾਂ ਤੇ ਮੋਟਰ ਸਾਈਕਲ ਵੀ ਇਸ ਮੇਲੇ 'ਚ ਖਿੱਚ ਦਾ ਕੇਂਦਰ ਬਣੇ ਹੋਏ ਸਨ | ਇਸ ਮੌਕੇ ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ, ਰਿਜ਼ਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਨੇ ਵੀ ਹਾਜ਼ਰੀ ਲੁਆਈ |