ਚੰਡੀਗੜ੍ਹ, 30 ਅਗਸਤ (ਪ੍ਰੋ. ਅਵਤਾਰ ਸਿੰਘ)-2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਆਪਣੀਆਂ ਸਿਆਸੀ ਤੇ ਜਥੇਬੰਦਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ । ਪਾਰਟੀ ਵਲੋਂ ਅੱਜ 32 ਵਿਧਾਨ ਸਭਾ ਹਲਕਿਆਂ ਦੇ ਕੋ-ਆਰਡੀਨੇਟਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ, ਜਿਸ ਰਾਹੀਂ ਹਲਕਾ ਪੱਧਰ ’ਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਸਰਗਰਮ ਕਰਨ ਦੀ ਕਵਾਇਦ ਸ਼ੁਰੂ ਕੀਤੀ ਗਈ ਹੈ । ਪਾਰਟੀ ਵਲੋਂ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ’ਚ ਕੋ-ਆਰਡੀਨੇਟਰ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਤੇ ਕੋਰ ਕਮੇਟੀ ਦੇ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਕੋ-ਆਰਡੀਨੇਟਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਇਸ ਸੂਚੀ ਨੂੰ ਤਿਆਰ ਕਰਨ ਸਮੇਂ ਪਾਰਟੀ ਦੇ ਸੀਨੀਅਰ ਤੇ ਤਜਰਬੇਕਾਰ ਆਗੂਆਂ ਦੇ ਨਾਲ-ਨਾਲ ਜੁਝਾਰੂ ਨੌਜਵਾਨਾਂ ਨੂੰ ਵੀ ਨੁਮਾਇੰਦਗੀ ਦਿੱਤੀ ਗਈ ਹੈ ਤੇ ਇਹ ਤਜਰਬੇ, ਹੋਸ਼ ਤੇ ਜੋਸ਼ ਦਾ ਸੁਮੇਲ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਨਵ-ਨਿਯੁਕਤ ਕੋ-ਆਰਡੀਨੇਟਰਾਂ ਨੂੰ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੰਦਿਆਂ ਉਨ੍ਹਾਂ ਨੂੰ ਆਪੋ-ਆਪਣੇ ਹਲਕਿਆਂ ’ਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਉਸਾਰੂ ਢੰਗ ਨਾਲ ਚਲਾਉਣ ਦੇ ਆਦੇਸ਼ ਦਿੱਤੇ।
ਪਾਰਟੀ ਦੇ ਦਫ਼ਤਰ ਸਕੱਤਰ ਜਗਜੀਤ ਸਿੰਘ ਕੋਹਲੀ ਤੇ ਮੀਡੀਆ ਇੰਚਾਰਜ ਤਜਿੰਦਰ ਸਿੰਘ ਪੰਨੂ ਵਲੋਂ ਜਾਰੀ ਪ੍ਰੈੱਸ ਨੋਟ ਰਾਹੀਂ ਦੱਸਿਆ ਗਿਆ ਕਿ ਪਾਰਟੀ ਵਲੋਂ ਬਾਕੀ ਵਿਧਾਨ ਸਭਾ ਹਲਕਿਆਂ ਲਈ ਕੋ-ਆਰਡੀਨੇਟਰਾਂ ਦੀ ਦੂਜੀ ਸੂਚੀ ਵੀ ਜਲਦ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ’ਚ ਜਥੇਬੰਦਕ ਸਰਗਰਮੀਆਂ ਨੂੰ ਮਜ਼ਬੂਤ ਕਰਨ ਲਈ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ।
ਪਾਰਟੀ ਵਲੋਂ ਜਾਰੀ ਕੀਤੀ ਗਈ 31 ਹਲਕਿਆਂ ਲਈ ਕੋ-ਆਰਡੀਨੇਟਰਾਂ ਦੀ ਸੂਚੀ ਤਹਿਤ ਪੱਟੀ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਡੇਰਾ ਬਾਬਾ ਨਾਨਕ ਤੋਂ ਸੁੱਚਾ ਸਿੰਘ ਛੋਟੇਪੁਰ, ਭੁੱਲਥ ਤੋਂ ਬੀਬੀ ਜਗੀਰ ਕੌਰ, ਅਜਨਾਲਾ ਤੋਂ ਡਾ. ਰਤਨ ਸਿੰਘ ਅਜਨਾਲਾ, ਨਕੋਦਰ ਤੋਂ ਗੁਰਪ੍ਰਤਾਪ ਸਿੰਘ ਵਡਾਲਾ, ਲਹਿਰਾਗਾਗਾ ਤੋਂ ਪਰਮਿੰਦਰ ਸਿੰਘ ਢੀਂਡਸਾ, ਸਾਹਨੇਵਾਲ ਤੋਂ ਸੰਤਾ ਸਿੰਘ ਉਮੈਦਪੁਰੀ, ਸੁਨਾਮ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ, ਫਿਲੌਰ ਤੋਂ ਸਰਵਣ ਸਿੰਘ ਫਿਲੌਰ, ਬਰਨਾਲਾ ਤੋਂ ਗਗਨਜੀਤ ਸਿੰਘ ਬਰਨਾਲਾ, ਸੰਗਰੂਰ ਤੋਂ ਪ੍ਰਕਾਸ਼ ਚੰਦ ਗਰਗ, ਸਨੌਰ ਤੋਂ ਹਰਿੰਦਰਪਾਲ ਸਿੰਘ ਚੰਦੂਮਾਜਰਾ,
ਬੱਸੀ ਪਠਾਣਾਂ ਤੋਂ ਸਾਬਕਾ ਜਸਟਿਸ ਨਿਰਮਲ ਸਿੰਘ, ਅਟਾਰੀ ਤੋਂ ਅਜੈਪਾਲ ਸਿੰਘ ਮੀਰਾਂਕੋਟ, ਬਾਬਾ ਬਕਾਲਾ ਤੋਂ ਰਣਜੀਤ ਸਿੰਘ ਛੱਜਲਵੱਡੀ, ਜ਼ੀਰਾ ਤੋਂ ਕਰਨੈਲ ਸਿੰਘ ਪੀਰਮੁਹੰਮਦ ਅਤੇ ਆਦਮਪੁਰ ਤੋਂ ਜਰਨੈਲ ਸਿੰਘ ਗੜ੍ਹਦੀਵਾਲ, ਉੜਮੁੜ ਟਾਂਡਾ ਤੋਂ ਮਨਜੀਤ ਸਿੰਘ ਦਸੂਹਾ, ਬਲਾਚੌਰ ਤੋਂ ਅਮਿਤ ਸੇਠੀ ਥੋਪੀਆ, ਜਲੰਧਰ ਕੈਂਟ ਤੋਂ ਬੀਬੀ ਹਰਜੀਤ ਕੌਰ ਤਲਵੰਡੀ, ਅਮਲੋਹ ਤੋਂ ਬਲਤੇਜ ਸਿੰਘ ਮਹਿਦੂਦਾ, ਨਵਾਂਸ਼ਹਿਰ ਤੋਂ ਮਹਿੰਦਰ ਸਿੰਘ ਹੁਸੈਨਪੁਰ, ਫ਼ਰੀਦਕੋਟ ਤੋਂ ਅਮਨਿੰਦਰ ਸਿੰਘ ਬੰਨੀ ਬਰਾੜ, ਘਨੌਰ ਤੋਂ ਭੁਪਿੰਦਰ ਸਿੰਘ ਸੇਖੂਪੁਰ, ਨਾਭਾ ਤੋਂ ਰਵਿੰਦਰ ਸਿੰਘ ਸ਼ਾਹਪੁਰ, ਸਮਾਣਾ ਤੋਂ ਚਰਨਜੀਤ ਸਿੰਘ ਮਾਵੀ, ਪਟਿਆਲਾ ਦਿਹਾਤੀ ਤੋਂ ਰਣਧੀਰ ਸਿੰਘ ਰੱਖੜਾ, ਡੇਰਾਬੱਸੀ ਤੋਂ ਬੀਬੀ ਰਾਜਿੰਦਰ ਕੌਰ, ਫ਼ਿਰੋਜ਼ਪੁਰ ਦਿਹਾਤੀ ਤੋਂ ਡਾ. ਮੋਹਨ ਸਿੰਘ ਲਾਲਕਾ, ਬਠਿੰਡਾ ਸ਼ਹਿਰੀ ਤੋਂ ਸੁਰਜੀਤ ਸਿੰਘ ਬੋਪਾਰਾਏ, ਸ਼ਾਮ ਚੁਰਾਸੀ ਤੋਂ ਮਦਨ ਮੋਹਨ ਸਿੰਘ ਅਤੇ ਬੁਢਲਾਡਾ ਤੋਂ ਮਲਕੀਤ ਸਿੰਘ ਸਮਾਉਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।