ਮੁੰਬਈ ਪੁਸਤਕ ਮੇਲੇ ’ ਚ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਜੀਵਨ ’ ਤੇ ਆਧਾਰਿਤ ਪੁਸਤਕ ਦਾ ਮਰਾਠੀ ਸੰਸਕਰਣ ਲੋਕ ਅਰਪਣ
ਮੁੰਬਈ, 28 ਨਵੰਬਰ (ਅਜੀਤ ਬਿਉਰੋ)-ਮੁੰਬਈ ਪੁਸਤਕ ਮੇਲੇ ਦੌਰਾਨ ਸਿੱਖ ਸੰਗਤ ਦੀ ਹਾਜ਼ਰੀ ’ਚ ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ ਤੇ ਗੁਰਦੁਆਰਾ ਸੁਧਾਰ ਲਹਿਰ ਦੇ ਪ੍ਰਮੁੱਖ ਆਗੂ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਜੀਵਨ ਅਤੇ ਯੋਗਦਾਨ ’ਤੇ ਆਧਾਰਿਤ ਪੁਸਤਕ ਦੇ ਮਰਾਠੀ ਸੰਸਕਰਣ ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪੁਸਤਕ ਦੇ ਲੇਖਕ ਤੇ ਉਨ੍ਹਾਂ ਦੇ ਪੋਤਰੇ ਤਰਨਜੀਤ ਸਿੰਘ ਸੰਧੂ ਨੇ ਮੁੰਬਈ ਦੀ ਸਿੱਖ ਸੰਗਤ ਨਾਲ ਹੋਏ ਮਿਲਾਪ ਨੂੰ ਭਾਵੁਕ ਤੇ ਯਾਦਗਾਰੀ ਦੱਸਿਆ।
ਮੁੰਬਈ, 28 ਨਵੰਬਰ (ਅਜੀਤ ਬਿਉਰੋ)-ਮੁੰਬਈ ਪੁਸਤਕ ਮੇਲੇ ਦੌਰਾਨ ਸਿੱਖ ਸੰਗਤ ਦੀ ਹਾਜ਼ਰੀ ’ਚ ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ ਤੇ ਗੁਰਦੁਆਰਾ ਸੁਧਾਰ ਲਹਿਰ ਦੇ ਪ੍ਰਮੁੱਖ ਆਗੂ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਜੀਵਨ ਅਤੇ ਯੋਗਦਾਨ ’ਤੇ ਆਧਾਰਿਤ ਪੁਸਤਕ ਦੇ ਮਰਾਠੀ ਸੰਸਕਰਣ ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪੁਸਤਕ ਦੇ ਲੇਖਕ ਤੇ ਉਨ੍ਹਾਂ ਦੇ ਪੋਤਰੇ ਤਰਨਜੀਤ ਸਿੰਘ ਸੰਧੂ ਨੇ ਮੁੰਬਈ ਦੀ ਸਿੱਖ ਸੰਗਤ ਨਾਲ ਹੋਏ ਮਿਲਾਪ ਨੂੰ ਭਾਵੁਕ ਤੇ ਯਾਦਗਾਰੀ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸਮਾਗਮ ਉਨ੍ਹਾਂ ਦੇ ਦਾਦਾ ਜੀ ਦੇ ਜੀਵਨ, ਸੰਘਰਸ਼ ਤੇ ਕੁਰਬਾਨੀਆਂ ਨੂੰ ਯਾਦ ਕਰਨ ਦਾ ਵਿਸ਼ੇਸ਼ ਮੌਕਾ ਸੀ। ਉਨ੍ਹਾਂ ਕਿਹਾ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਅਹਿਮ ਭੂਮਿਕਾ ਨਿਭਾਉਂਦਿਆਂ ਆਪਣਾ ਸਮੁੱਚਾ ਜੀਵਨ ਸਿੱਖੀ ਸਿਦਕ, ਹਿੰਮਤ, ਪੰਥਕ ਸੇਵਾ ਤੇ ਕੁਰਬਾਨੀ ਨੂੰ ਸਮਰਪਿਤ ਕਰ ਦਿੱਤਾ। ਉਨ੍ਹਾਂ ਦੀ ਮਹਾਨ ਵਿਰਾਸਤ ਅੱਜ ਵੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸੱਚੀ ਅਗਵਾਈ ਦ੍ਰਿੜ੍ਹ ਵਿਸ਼ਵਾਸ, ਨਿਸ਼ਕਾਮ ਸੇਵਾ ਤੇ ਕੌਮ ਪ੍ਰਤੀ ਸਮਰਪਣ ਨਾਲ ਹੀ ਸਥਾਪਿਤ ਹੁੰਦੀ ਹੈ। ਉਨ੍ਹਾਂ ਨੇ ਇਸ ਉਪਰਾਲੇ ਲਈ ਮਹਾਰਾਸ਼ਟਰ ਸਰਕਾਰ, ਮੁੰਬਈ ਯੂਨੀਵਰਸਿਟੀ ਤੇ ਨੈਸ਼ਨਲ ਬੁੱਕ ਟਰੱਸਟ ਇੰਡੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੁਸਤਕ ਦੇ ਮਰਾਠੀ ਸੰਸਕਰਣ ਦੇ ਪ੍ਰਕਾਸ਼ਨ ਨਾਲ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਦੇ ਜੀਵਨ ਅਤੇ ਕੁਰਬਾਨੀਆਂ ਦੀ ਗਾਥਾ ਮਰਾਠੀ ਭਾਸ਼ਾ ਦੇ ਪਾਠਕਾਂ ਤੱਕ ਪਹੁੰਚੇਗੀ ਅਤੇ ਉਨ੍ਹਾਂ ਦੀ ਪ੍ਰੇਰਨਾਦਾਇਕ ਵਿਰਾਸਤ ਨੂੰ ਹੋਰ ਵਿਸ਼ਾਲ ਪੱਧਰ ’ਤੇ ਜਾਣਨ ਦਾ ਮੌਕਾ ਮਿਲੇਗਾ।