04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

ਐਵੇਂ ਮਿੱਟੀ ਨਾ ਫਰੋਲ... ਪਹਿਲੀ ਅਪੀਲ ਵੀ ਹੋਈ ਸੀਵਰੇਜ ਵਾਂਗ ਦਫਨ

ਅਜੀਤ ਡੈਸਕ 20-09-2019
ਲਾਲੜੂ, 19 ਸਤੰਬਰ (ਰਾਜਬੀਰ ਸਿੰਘ)-ਨਗਰ ਕੌਾਸਲ ਲਾਲੜੂ ਅਧੀਨ ਪੈਂਦੇ ਪਿੰਡ ਲਾਲੜੂ ਦੇ ਵਾਰਡਾਂ ਵਿਚ ਕਰੀਬ ਅੱਠ ਸਾਲ ਪਹਿਲਾਂ ਕਰੋੜਾਂ ਰੁਪਏ ਖਰਚ ਕਰਕੇ ਦਬਾਈ ਸੀਵਰੇਜ ਤਾਂ ਸ਼ਾਇਦ ਕਦੇ ਨਾ ਕਦੇ ਚੱਲ ਵੀ ਜਾਵੇ, ਪਰ ਇਸ ਸੀਵਰੇਜ ਸਬੰਧੀ ਜਾਣਕਾਰੀ ਲੈਣ ਲਈ ਪਾਈ ਇਕ ਅਰਜ਼ੀ ਅਤੇ ਪਹਿਲੀ ਅਪੀਲ 'ਐਵੇਂ ਮਿੱਟੀ ਨਾ ਫਰੋਲ' ਵਾਲੀ ਕਹਾਵਤ ਸੱਚ ਕਰਦੀ ਜਾਪਦੀ ਹੈ | ਸਿਤਮਜਰੀਫੀ ਤਾਂ ਇਹ ਹੈ ਕਿ ਇਸ ਮਾਮਲੇ ਵਿਚ ਜਾਣਕਾਰੀ ਦੇਣ ਵਾਲੀਆਂ ਦੋ ਧਿਰਾਂ, ਗਮਾਡਾ ਤੇ ਨਗਰ ਕੌਾਸਲ ਲਾਲੜੂ, ਨਾ ਕਿਸੇ ਅਪੀਲ ਨੂੰ ਅਹਿਮੀਅਤ ਦਿੰਦੀਆਂ ਹਨ ਤੇ ਨਾ ਹੀ ਕੋਈ ਦਲੀਲ ਦੇਣ ਵਿਚ ਵਿਸ਼ਵਾਸ ਰੱਖਦੀਆਂ ਹਨ | ਜ਼ਿਕਰਯੋਗ ਹੈ ਨਗਰ ਕੌਾਸਲ ਲਾਲੜੂ ਦੇ ਵਾਰਡ ਨੰਬਰ 13 ਦੇ ਵਸਨੀਕ ਚੰਦਰਪਾਲ ਪੁੱਤਰ ਮੋਲੂ ਰਾਮ ਵਲੋਂ ਲੰਘੀ 25 ਜੂਨ ਨੂੰ ਇਕ ਰਜਿਸਟਰਡ ਪੱਤਰ ਰਾਹੀਂ ਪਿੰਡ ਲਾਲੜੂ ਦੇ ਵਾਰਡਾਂ ਵਿਚ ਪਾਈ ਸੀਵਰੇਜ ਸਬੰਧੀ ਗਮਾਡਾ ਤੋਂ ਜਾਣਕਾਰੀ ਮੰਗੀ ਸੀ | ਚੰਦਰਪਾਲ ਅਨੁਸਾਰ ਇਸ ਮੁੱਢਲੀ ਅਰਜ਼ੀ ਵਿਚ ਸੀਵਰੇਜ ਦਬਾਉਣ ਦਾ ਸਮਾਂ, ਸੀਵਰੇਜ ਉਪਰ ਖਰਚੀ ਰਾਸ਼ੀ ਤੇ ਸੀਵਰੇਜ ਦੇ ਕੁਨੈਕਸ਼ਨਾਂ ਦੀ ਗਿਣਤੀ ਬਾਰੇ ਜਾਣਕਾਰੀ ਮੰਗੀ ਗਈ ਸੀ | ਮੁੱਖ ਅਰਜ਼ੀ ਦੇ ਜਵਾਬ ਬਾਰੇ ਗਮਾਡਾ ਵਲੋਂ ਇਕ ਮਹੀਨੇ ਤੱਕ ਕੋਈ ਜਵਾਬ ਨਾ ਦੇਣ ਉਪਰੰਤ ਚੰਦਰਪਾਲ ਨੇ ਗਮਾਡਾ ਦਫਤਰ ਵਿਚ 2 ਜੁਲਾਈ ਨੂੰ ਪਹਿਲੀ ਅਪੀਲ ਰਜਿਸਟਰਡ ਪੱਤਰ ਦੇ ਨਾਲ-ਨਾਲ ਈਮੇਲ ਰਾਹੀਂ ਵੀ ਭੇਜੀ, ਪਰ ਇਸ ਦੇ ਬਾਵਜੂਦ ਵਿਭਾਗ ਟਸ ਤੋਂ ਮਸ ਹੀ ਨਹੀਂ ਹੋਇਆ | ਵੱਡੀ ਗੱਲ ਤਾਂ ਇਹ ਹੈ ਕਿ ਨਾ ਤਾਂ ਗਮਾਡਾ ਨੇ ਅਰਜ਼ੀ ਅਤੇ ਪਹਿਲੀ ਅਪੀਲ ਰੱਦ ਕੀਤੀ ਅਤੇ ਨਾ ਹੀ ਅਧਿਕਾਰਤ ਤੌਰ ਉੱਤੇ ਕੋਈ ਜਾਣਕਾਰੀ ਦਿੱਤੀ | ਚੰਦਰਪਾਲ ਨੇ ਦੱਸਿਆ ਕਿ ਕਈ ਵਾਰ ਸੰਪਰਕ ਕਰਨ ਮਗਰੋਂ ਗਮਾਡਾ ਦਫਤਰ ਦੇ ਇਕ ਮੁਲਾਜ਼ਮ ਨੇ ਵਟਸਐਪ (ਸ਼ੋਸ਼ਲ ਮੀਡੀਆ) ਉੱਤੇ ਇਕ ਪੱਤਰ ਭੇਜਿਆ, ਜਿਸ ਵਿਚ ਸੀਵਰੇਜ ਦਬਾਉਣ ਦਾ ਸਮਾਂ 3 ਜੂਨ 2011 ਅਤੇ ਸੀਵਰੇਜ ਉਤੇ 4,17,96,553 ਰੁਪਏ (ਚਾਰ ਕਰੋੜ ਸਤਾਰਾਂ ਲੱਖ ਛਿਆਨਵੇਂ ਹਜ਼ਾਰ ਪੰਜ ਸੌ ਤਰਵੰਜਾ) ਦੀ ਰਾਸ਼ੀ ਖਰਚੀ ਦੱਸੀ ਗਈ, ਜਦਕਿ ਕੁਨੈਕਸ਼ਨ ਦੀ ਗਿਣਤੀ ਨਗਰ ਕੌਾਸਲ ਕੋਲੋਂ ਲੈਣ ਦੀ ਗੱਲ ਆਖ ਖਹਿੜਾ ਛੁਡਾ ਲਿਆ | ਜਦੋਂ ਗਮਾਡਾ ਦੇ ਇਸ ਮੁਲਾਜ਼ਮ ਤੋਂ ਇਸ ਸਬੰਧੀ ਡਾਕ ਰਾਹੀਂ ਅਧਿਕਾਰਤ ਜਾਣਕਾਰੀ ਦੇਣ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਕੋਈ ਤਸੱਲੀਬਖਸ਼ ਜਵਾਬ ਦੇਣਾ ਮੁਨਾਸਿਬ ਹੀ ਨਾ ਸਮਝਿਆ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਨਗਰ ਕੌਾਸਲ ਲਾਲੜੂ ਨੇ ਵੀ ਗਮਾਡਾ ਵਲੋਂ ਚਿੱਠੀ ਲਿਖੇ ਜਾਣ ਦੀ ਪੁਸ਼ਟੀ ਕਰਦਿਆਂ ਨਿਰਧਾਰਤ ਸਮੇਂ ਵਿਚ ਜਵਾਬ ਦੇਣ ਦਾ ਦਾਅਵਾ ਕੀਤਾ ਸੀ, ਪਰ ਇਹ ਦਾਅਵਾ ਵੀ ਹਵਾਈ ਹੀ ਸਾਬਤ ਹੋਇਆ | ਚੰਦਰਪਾਲ ਨੇ ਦੋਸ਼ ਲਾਇਆ ਕਿ ਇਸ ਤਰ੍ਹਾਂ ਇੰਝ ਪ੍ਰਤੀਤ ਹੁੰਦਾ ਹੈ ਕਿ ਇਸ ਮਾਮਲੇ ਵਿਚ ਕਿਤੇ ਨਾ ਕਿਤੇ ਕਥਿਤ ਘਾਲਾ-ਮਾਲਾ ਜ਼ਰੂਰ ਹੈ | ਚੰਦਰਪਾਲ ਨੇ ਗਮਾਡਾ ਦੇ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ ਵਿਚ ਉਚਿਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਉਹ ਉਸ ਨੂੰ ਰਜਿਸਟਰਡ ਪੱਤਰ ਰਾਹੀਂ ਜਾਣਕਾਰੀ ਦਿਵਾਉਣ | ਸੰਪਰਕ ਕਰਨ 'ਤੇ ਗਮਾਡਾ ਦੀ ਚੀਫ਼ ਇੰਜੀਨੀਅਰ ਵਿੰਗ ਦੀ ਸੁਪਰਡੈਂਟ ਕਮਲਜੀਤ ਕੌਰ ਨੇ ਕਿਹਾ ਕਿ ਇਸ ਸਬੰਧੀ ਉਕਤ ਵਿਅਕਤੀ ਵਲੋਂ ਪਾਈ ਗਈ ਆਰ.ਟੀ.ਆਈ. ਦਾ ਜਵਾਬ 29 ਜੁਲਾਈ ਨੂੰ ਡਾਕ ਰਾਹੀਂ ਭੇਜ ਦਿੱਤਾ ਸੀ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਕਤ ਵਿਅਕਤੀ ਕੋਲ ਇਸ ਸਬੰਧੀ ਕੋਈ ਵੀ ਡਾਕ ਨਹੀਂ ਪੁੱਜੀ ਤਾਂ ਉਨ੍ਹਾ ਕਿਹਾ ਕਿ ਉਹ ਦੋ ਦਿਨਾ ਵਿਚ ਦੁਬਾਰੇ ਡਾਕ ਰਾਹੀਂ ਉਕਤ ਜਾਣਕਾਰੀ ਜ਼ਰੂਰ ਭੇਜ ਦੇਣਗੇ | ਦੂਜੇ ਪਾਸੇ ਸੰਪਰਕ ਕਰਨ 'ਤੇ ਨਗਰ ਕੌਾਸਲ ਲਾਲੜੂ ਦੇ ਜਨ ਸੂਚਨਾ ਅਧਿਕਾਰੀ ਰਾਮ ਗੋਪਾਲ ਨੇ ਦੱਸਿਆ ਕਿ ਉਕਤ ਆਰ.ਟੀ.ਆਈ. ਕੱਲ੍ਹ ਤੱਕ ਡਾਕ ਰਾਹੀਂ ਭੇਜ ਦੇਣਗੇ |
ਪਿਛਲੀ ਖ਼ਬਰ ਆਰੀਅਨਜ਼ ਗਰੁੱਪ ਦੇ ਉੱਤਰ-ਪੂਰਬੀ ਵਿਦਿਆਰਥੀਆਂ ਵਲੋਂ ਫਰੈਸ਼ਰ ਪਾਰਟੀ ਅਗਲੀ ਖ਼ਬਰ ਟੈਗੋਰ ਥੀਏਟਰ 'ਚ ਨਾਟਕ 'ਹਸਬੈਂਡ ਵਾਈਫ਼ ਐਾਡ ਵਾਇਰਸ' ਦੀ ਪੇਸ਼ਕਾਰੀ ਦਰਸ਼ਕਾਂ ਨੇ ਮਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।