ਨਵੀਂ ਦਿੱਲੀ, 19 ਜੂਨ (ਮਿਸਰਦੀਪ ਭਾਟੀਆ)-ਸਾਹਿਤ ਅਕਾਦਮੀ ਦੇ ਪ੍ਰਧਾਨ ਮਾਧਵ ਕੌਸ਼ਿਕ ਦੀ ਪ੍ਰਧਾਨਗੀ ਹੇਠ ਅਕਾਦਮੀ ਦੇ ਕਾਰਜਕਾਰੀ ਬੋਰਡ ਨੇ ਯੁਵਾ ਪੁਰਸਕਾਰ 2025 ਅਤੇ ਬਾਲ ਸਾਹਿਤ ਪੁਰਸਕਾਰ 2025 ਦਾ ਐਲਾਨ ਕੀਤਾ ਹੈ | ਮੀਟਿੰਗ ਵਿਚ 23 ਯੁਵਾ ਲੇਖਕਾਂ ਦੀਆਂ ਕਿਤਾਬਾਂ ਅਤੇ 24 ਬਾਲ ਲੇਖਕਾਂ ਲਈ 2025 ਦੇ ਪੁਰਸਕਾਰ ਨੂੰ ਪ੍ਰਵਾਨਗੀ ਦਿੱਤੀ ਗਈ | ਡੋਗਰੀ ਭਾਸ਼ਾ ਲਈ ਯੁਵਾ ਪੁਰਸਕਾਰ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ | ਪੰਜਾਬੀ ਲਈ ਯੁਵਾ ਪੁਰਸਕਾਰ ਮਨਦੀਪ ਔਲਖ ਦੇ ਕਾਵਿ-ਸੰਗ੍ਰਹਿ 'ਗਰਲਜ਼ ਹੋਸਟਲ' ਨੂੰ ਦਿੱਤਾ ਗਿਆ ਹੈ | ਹਿੰਦੀ ਲਈ ਯੁਵਾ ਪੁਰਸਕਾਰ ਪਾਰਵਤੀ ਟਿਕਰੀ ਦੇ ਕਾਵਿ ਸੰਗ੍ਰਹਿ 'ਫਿਰ ਉਗਨਾ' ਨੂੰ , ਅੰਗਰੇਜ਼ੀ ਲਈ ਅਦਵੈਤ ਕੋਟਾਰੀ ਦੇ ਨਾਵਲ 'ਸਿਧਾਰਥ' : ਦਿ ਬੁਆਏ ਹੂ ਬਿਕਮ ਦਾ ਬੁੱਧ' ਨੂੰ , ਉਰਦੂ ਲਈ ਨੇਹਾ ਰੁਬਾਬ ਦੇ ਨਾਵਲ 'ਮਜ਼ਹਰੁਲ ਹੱਕ : ਤਾਰੀਕ-ਏ-ਆਜ਼ਾਦੀ-ਏ-ਹਿੰਦ' ਨੂੰ ਦਿੱਤਾ ਗਿਆ ਹੈ | ਪੰਜਾਬੀ ਵਿਚ ਬਾਲ ਸਾਹਿਤ ਪੁਰਸਕਾਰ ਪਾਲੀ ਖਾਦਿਮ (ਅੰਮਿ੍ਤਪਾਲ ਸਿੰਘ) ਦੇ ਨਾਵਲ 'ਜਾਦੂ ਪੱਤਾ' ਨੂੰ ਦਿੱਤਾ ਗਿਆ ਹੈ | ਹਿੰਦੀ ਵਿਚ ਬਾਲ ਸਾਹਿਤ ਲਈ ਸੁਸ਼ੀਲ ਸ਼ੁਕਲਾ ਦੀ ਕਿਤਾਬ 'ਇਕ ਬਟੇ ਬਾਰ੍ਹਾਂ', ਅੰਗਰੇਜ਼ੀ ਵਿਚ ਨਿਤਿਨ ਕੁਸਲੱਪਾ ਦੀ ਪੁਸਤਕ 'ਸਾਊਥ ਇੰਡੀਅਨ ਮਿੱਥਸ ਐਂਡ ਫੈਬਲਜ਼ ਰੀਟੋਲਡ' ਅਤੇ ਉਰਦੂ ਲਈ ਗੁਜ਼ਲਫਰ ਇਕਬਾਲ ਦੇ ਲੇਖ ਸੰਗ੍ਰਹਿ 'ਕੌਮੀ ਸਿਤਾਰੇ' ਨੂੰ ਦਿੱਤਾ ਗਿਆ ਹੈ |
ਮਨਦੀਪ ਔਲਖ ਨੂੰ ਪੰਜਾਬੀ ਯੁਵਾ ਪੁਰਸਕਾਰ ਅਤੇ ਪਾਲੀ ਖਾਦਿਮ ਨੂੰ ਬਾਲ ਸਾਹਿਤ ਪੁਰਸਕਾਰ
ਅਜੀਤ ਡੈਸਕ
20-06-2025