06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੈ 107 ਵਰਿ੍ਹਆਂ ਦੀ ਮਾਤਾ ਜਗੀਰ ਕੌਰ

ਅਜੀਤ ਡੈਸਕ 21-06-2025
• ਸ਼ਾਂਤ ਮਨ, ਸਹੀ ਖ਼ੁਰਾਕ ਤੇ ਰਹਿਣ-ਸਹਿਣ ਤੰਦਰੁਸਤ ਜੀਵਨ ਲਈ ਬੇਹੱਦ ਮਹੱਤਵਪੂਰਨ-ਡਾ. ਜਸਪਾਲ ਸਿੰਘ ਸੰਧੂ
ਕੋਟ ਈਸੇ ਖਾਂ, 20 ਜੂਨ (ਗੁਰਮੀਤ ਸਿੰਘ ਖ਼ਾਲਸਾ)-ਅੱਜ ਦੇ ਸਮੇਂ ਦੀ ਭੱਜ ਦੌੜ ਵਿਚ ਲੋਕਾਂ ਦਾ ਰਹਿਣ ਸਹਿਣ, ਖਾਣ ਪੀਣ ਤੋਂ ਲੈ ਕੇ ਸਮੁੱਚਾ ਜੀਵਨ ਬਦਲਣ ਕਾਰਨ ਆਮ ਇਨਸਾਨ ਦੀ ਉਮਰ ਔਸਤਨ 70-75 ਸਾਲ ਦੇ ਕਰੀਬ ਰਹਿ ਗਈ ਹੈ, ਅਜਿਹੇ ਦੇ ਵਿਚ ਅਜੇ ਵੀ ਕਈ ਪੁਰਾਣੇ ਬਜ਼ੁਰਗ ਜੋ ਪੁਰਾਣੇ ਤੌਰ ਤਰੀਕੇ, ਰਹਿਣ ਸਹਿਣ ਤੇ ਖਾਧੀਆਂ ਖ਼ੁਰਾਕਾਂ ਸਦਕਾ ਲਮੇਰੀ ਉਮਰ ਦਾ ਆਨੰਦ ਮਾਣ ਰਹੇ ਹਨ, ਇਨ੍ਹਾਂ 'ਚੋਂ ਪਿੰਡ ਰਾਈਆ, ਤਹਿ: ਰਾਮਪੁਰਾ ਫੂਲ, ਜ਼ਿਲ੍ਹਾ ਬਠਿੰਡਾ ਦੀ ਵਸਨੀਕ 107 ਵਰਿ੍ਹਆਂ ਦੀ ਮਾਤਾ ਜਗੀਰ ਕੌਰ ਪਤਨੀ ਸਵ: ਅਮਰ ਸਿੰਘ ਜੋ ਅੱਜ ਦੀ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਵੀ ਹੈ | 'ਅਜੀਤ' ਦੇ ਪੁਰਾਣੇ ਪਾਠਕ ਤੇ ਸਮਾਜ ਸੇਵੀ ਡਾ. ਜਸਪਾਲ ਸਿੰਘ ਸੰਧੂ ਜੋ ਆਪਣੇ ਪੁਰਾਣੇ ਪਿੰਡ ਨੈਣੇ ਵਾਲ, ਜ਼ਿਲ੍ਹਾ ਬਰਨਾਲਾ ਤੋਂ ਉੱਠ ਕੇ ਕਰੀਬ 30 ਸਾਲ ਤੋਂ ਮੋਗਾ ਦੇ ਸ਼ਹਿਰ ਕੋਟ ਈਸੇ ਖਾਂ ਵਿਚ ਪਰਿਵਾਰ ਸਮੇਤ ਵਸੇ ਹੋਏ ਹਨ, ਉਨ੍ਹਾਂ ਵਲੋਂ ਆਪਣੀ ਕਰੀਬੀ ਰਿਸ਼ਤੇਦਾਰੀ 'ਚੋਂ ਪਿੰਡ ਰਾਈਆ, ਜ਼ਿਲ੍ਹਾ ਬਠਿੰਡਾ ਦੀ ਵਸਨੀਕ ਮਾਤਾ ਜਗੀਰ ਕੌਰ ਨਾਲ ਮੁਲਾਕਾਤ ਕਰਵਾਈ ਗਈ | ਮਾਤਾ ਦੀ ਫੁਲਵਾੜੀ ਵਿਚ ਤਿੰਨ ਬੇਟੇ, ਦੋ ਕੁੜੀਆਂ, ਸੱਤ ਪੋਤੀਆਂ, ਚਾਰ ਪੋਤੇ, ਪੰਜ ਪੜਪੋਤੇ, ਤਿੰਨ ਪੜਪੋਤੀਆਂ ਸਮੇਤ ਵੱਡਾ ਪਰਿਵਾਰ ਹੈ | ਹੋਈਆਂ ਗੱਲਾਂ ਬਾਤਾਂ ਵਿਚ ਮਾਤਾ ਜਗੀਰ ਕੌਰ ਨੇ ਦੱਸਿਆ ਕਿ ਬੀਕਾਨੇਰ, ਰਾਜਸਥਾਨ ਦੇ ਪਿੰਡ ਖਿੱਲਰੀਆਂ ਵਿਚ ਉਨ੍ਹਾਂ ਦਾ ਜਨਮ ਹੋਇਆ ਤੇ ਜਵਾਨ ਹੁੰਦਿਆਂ ਹੀ ਆਪਣੇ ਚਾਰ ਭਾਈਆਂ ਤੇ ਤਿੰਨ ਭੈਣਾਂ ਸਮੇਤ ਘਰੇਲੂ ਅਤੇ ਖੇਤੀਬਾੜੀ ਦੇ ਹਰ ਕੰਮ ਵਿਚ ਹੱਡ ਭੰਨਵੀਂ ਮਿਹਨਤ ਕੀਤੀ ਤੇ ਮਾਪਿਆਂ ਵਲੋਂ ਉਨ੍ਹਾਂ ਦਾ ਵਿਆਹ ਪਿੰਡ ਰਾਈਆ (ਜ਼ਿਲ੍ਹਾ ਬਠਿੰਡਾ) ਵਿਖੇ ਅਮਰ ਸਿੰਘ ਨਾਲ ਕੀਤਾ ਗਿਆ | ਉਨ੍ਹਾਂ ਦੱਸਿਆ ਕਿ 1947 ਦੀ ਭਾਰਤ-ਪਾਕਿ ਵੰਡ ਸਮੇਂ ਉਹ ਕਰੀਬ 28-29 ਵਰਿ੍ਹਆਂ ਦੇ ਸਨ ਤੇ ਵੰਡ ਸਮੇਂ ਦੇ ਹਾਲਾਤ ਤੇ ਮਾੜਾ ਸਮਾਂ ਉਨ੍ਹਾਂ ਨੇ ਅੱਖੀਂ ਦੇਖਿਆ | ਉਨ੍ਹਾਂ ਕਿਹਾ ਕਿ ਇੱਥੇ ਸਹੁਰੇ ਪਰਿਵਾਰ ਵਿਚ ਤੜਕਸਾਰ ਉੱਠ ਕੇ ਇਸ਼ਨਾਨ ਕਰਕੇ ਪ੍ਰਮਾਤਮਾ ਨੂੰ ਯਾਦ ਕਰਨਾ, ਹੱਥੀਂ ਤਿਆਰ ਕੀਤੀ ਖ਼ੁਰਾਕ ਖਾਣੀ ਤੇ ਘਰੇਲੂ ਕੰਮਾਂ ਤੋਂ ਇਲਾਵਾ ਖੇਤੀਬਾੜੀ ਵਿਚ ਹੱਥ ਵਟਾਉਣੇ ਉਨ੍ਹਾਂ ਦੇ ਨੇਮ ਰਹੇ ਤੇ ਹੁਣ ਵਡੇਰੀ ਉਮਰ ਹੋਣ ਦੇ ਬਾਵਜੂਦ ਵਾਹਿਗੁਰੂ ਦੀ ਮੇਹਰ ਨਾਲ 4 ਵਜੇ ਤੜਕਸਾਰ ਉਨ੍ਹਾਂ ਦੀ ਅੱਖ ਖੁੱਲ੍ਹ ਜਾਂਦੀ ਹੈ | ਮਾਤਾ ਜੀ ਦੇ ਪੁੱਤ-ਨੂੰਹਾਂ ਜੋ ਖ਼ੁਦ ਵਡੇਰੀ ਉਮਰ ਦੇ ਹਨ, ਨੇ ਦੱਸਿਆ ਕਿ ਉਮਰ ਦੇ ਇਸ ਪੜਾਅ ਵਿਚ ਵੀ ਮਾਤਾ ਜੀ ਆਪਣੇ ਹਰ ਰਿਸ਼ਤੇਦਾਰਾਂ ਵਿਚ ਛੋਟੇ ਵੱਡੇ ਦੀ ਪੂਰੀ ਪਹਿਚਾਣ ਰੱਖਦੇ ਹਨ ਤੇ ਸੋਟੀ ਸਹਾਰੇ ਚੱਲ ਫਿਰ ਸਕਦੇ ਹਨ | ਅੱਜ ਸਾਰਾ ਪਰਿਵਾਰ ਮਾਤਾ ਦੀ ਛਤਰ ਛਾਇਆ ਹੇਠ ਸੁਖੀ-ਸੁਖੀ ਵੱਸ ਰਿਹਾ ਹੈ | ਇਸ ਮੌਕੇ ਸਮਾਜ ਸੇਵੀ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਮਾਤਾ ਜਗੀਰ ਕੌਰ ਦੇ ਜੀਵਨ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਸ਼ਾਂਤ ਮਨ, ਮਿਹਨਤ, ਘਰ ਦੀ ਰਸੋਈ ਰਾਹੀਂ ਸਹੀ ਖਾਣ ਪੀਣ ਤੇ ਵਾਤਾਵਰਨ ਦੀ ਚੰਗੀ ਸੰਭਾਲ ਹੋਵੇ ਤਾਂ ਅਗਲੇਰੀ ਪੀੜ੍ਹੀ ਵੀ ਲੰਮੀ ਉਮਰ ਤੇ ਤੰਦਰੁਸਤ ਭਰੇ ਜੀਵਨ ਦਾ ਵਧੀਆ ਆਨੰਦ ਮਾਣ ਸਕਦੀ ਹੈ |
ਪਿਛਲੀ ਖ਼ਬਰ ਸੁਸਾਇਟੀਆਂ 'ਚ ਯੂਰੀਆ ਦੀ ਘਾਟ ਤੁਰੰਤ ਪੂਰੀ ਕੀਤੀ ਜਾਵੇ-ਭਾਕਿਯੂ ਬਹਿਰਾਮ ਕੇ ਅਗਲੀ ਖ਼ਬਰ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਨੇ ਲੰਡੇ -ਭਲੂਰ ਸੜਕ ਦਾ ਨੀਂਹ ਪੱਥਰ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।