ਟੱਲੇਵਾਲ, 17 ਅਕਤੂਬਰ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਭੋਤਨਾ ਵਿਖੇ ਬੱਸ ਅੱਡੇ ਤੋਂ ਲੈ ਕੇ ਕੱਟ ਤੱਕ ਲਗਾਤਾਰ ਹਾਦਸੇ ਵਾਪਰਨੇ ਜਾਰੀ ਹਨ, ਜਿਸ ਦੇ ਚੱਲਦਿਆਂ ਅੱਧੀ ਦਰਜਨ ਦੇ ਕਰੀਬ ਮੌਤਾਂ ਹੋ ਚੱੁਕੀਆਂ ਹਨ ਅਤੇ ਬਹੁਤ ਸਾਰੇ ਵਹੀਕਲ ਸਵਾਰ ਗੰਭੀਰ ਜ਼ਖ਼ਮੀ ਹੋ ਚੱੁਕੇ ਹਨ | ਅੱਜ ਵੀ ਭੋਤਨਾ ਕੱਟ ਅਤੇ ਅੱਡੇ ਦੇ ਵਿਚਕਾਰ ਇਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਵਲੋਂ ਟੱਕਰ ਮਾਰੇ ਜਾਣ 'ਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਮਲਕੀਤ ਸਿੰਘ ਅਤੇ ਜਗਦੀਪ ਸਿੰਘ ਜ਼ਿਲ੍ਹਾ ਕਨਵੀਨਰ ਸਿੱਧੂਪੁਰ ਨੇ ਦੱਸਿਆ ਕਿ ਪਿੰਡ ਚੁਹਾਣਕੇ ਖ਼ੁਰਦ ਦੇ ਬੂਟਾ ਖ਼ਾਨ ਪੱੁਤਰ ਰਹਿਮਦੀਨ 55 ਸਾਲ ਆਪਣੇ ਸਾਥੀ ਚਿਰਾਗ ਖ਼ਾਨ ਪੱੁਤਰ ਉਮਰਦੀਨ 47 ਵਾਸੀ ਮਾਗੇਵਾਲ ਨਾਲ ਦੀਵਾਲੀ ਦੇ ਮੱਦੇਨਜ਼ਰ ਬੱਕਰੇ ਆਦਿ ਲਿਆਉਣ ਲਈ ਪਿੰਡ ਸੰਧੂ ਖ਼ੁਰਦ ਜਾ ਰਹੇ ਸਨ, ਤਾਂ ਜਦ ਉਹ ਪਿੰਡ ਭੋਤਨਾ ਵਿਖੇ ਸੜਕ 'ਤੇ ਜਾ ਰਹੇ ਸਨ, ਤਾਂ ਮੋਗਾ ਸਾਈਡ ਤੋਂ ਆ ਰਹੀ ਸਕਾਰਪੀਓ ਗੱਡੀ ਨੇ ਦੋਵਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ | ਜਿਨ੍ਹਾਂ ਦੀ ਬਰਨਾਲਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ | ਇਸ ਸਬੰਧੀ ਥਾਣਾ ਟੱਲੇਵਾਲ ਦੇ ਏ.ਐਸ.ਆਈ ਮਲਕੀਤ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੀ ਗੱਡੀ ਐਚ.ਆਰ 26 ਡੀ.ਬੀ 2226 ਦੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ ਜਲਦ ਹੀ ਗੱਡੀ ਸਮੇਤ ਚਾਲਕ ਕਾਬੂ ਕਰ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਮਿ੍ਤਕ ਚਿਰਾਗ ਖ਼ਾਨ ਦੇ ਭਰਾ ਐਸ ਮੁਹੰਮਦ ਦੇ ਬਿਆਨਾਂ 'ਤੇ ਕਾਰ ਸਵਾਰਾਂ 'ਤੇ ਧਾਰਾ 106, 324 (4) ਬੀ.ਐਨ.ਐਸ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ |