ਬਰਨਾਲਾ, 17 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਅਤੇ ਵਾਤਾਵਰਨ ਪ੍ਰਦੂਸ਼ਣ ਘਟਾਉਣ ਲਈ ਟਰਾਈਡੈਂਟ ਗਰੁੱਪ ਨੇ ਇਕ ਮਹੱਤਵਪੂਰਨ ਪਹੁੰਚ ਕੀਤੀ ਹੈ | ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਮੈਂਬਰ ਰਾਜ ਸਭਾ ਪਦਮਸ੍ਰੀ ਰਾਜਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੰਪਨੀ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਨੇ ਸੀ.ਐਸ.ਆਰ. ਫ਼ੰਡ ਵਿਚੋਂ 5 ਲੱਖ ਰੁਪਏ ਦਾ ਚੈੱਕ ਡਿਪਟੀ ਕਮਿਸ਼ਨਰ ਟੀ. ਬੈਨਿਥ ਨੰੂ ਸੌਂਪਿਆ | ਇਹ ਰਕਮ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨ-ਸਿਟੂ ਅਤੇ ਐਕਸ-ਸਿਟੂ ਪਰਾਲੀ ਪ੍ਰਬੰਧਨ ਪ੍ਰੋਜੈਕਟਾਂ ਲਈ ਵਰਤੀ ਜਾਵੇਗੀ, ਜਿਸ ਨਾਲ ਕਿਸਾਨਾਂ ਨੂੰ ਮਸ਼ੀਨਰੀ ਦੀ ਉਪਲਬਧਤਾ ਅਤੇ ਜਾਗਰੂਕਤਾ ਮੁਹਿੰਮਾਂ ਰਾਹੀਂ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਜਾਵੇਗਾ | ਡਿਪਟੀ ਕਮਿਸ਼ਨਰ ਨੇ ਚੈੱਕ ਪ੍ਰਾਪਤ ਕਰਦੇ ਸਮੇਂ ਟਰਾਈਡੈਂਟ ਗਰੁੱਪ ਅਤੇ ਖ਼ਾਸ ਤੌਰ 'ਤੇ ਸ੍ਰੀ ਰਾਜਿੰਦਰ ਗੁਪਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਰਾਲੀ ਸਾੜਨ ਦੀ ਸਮੱਸਿਆ ਨਾ ਸਿਰਫ਼ ਹਵਾ ਪ੍ਰਦੂਸ਼ਣ ਵਧਾਉਂਦੀ ਹੈ, ਸਗੋਂ ਮਿੱਟੀ ਦੀ ਉਪਜਾਊ ਸ਼ਕਤੀ 'ਤੇ ਵੀ ਨਕਾਰਾਤਮਿਕ ਪ੍ਰਭਾਵ ਪਾਉਂਦੀ ਹੈ | ਸ੍ਰੀ ਰੁਪਿੰਦਰ ਗੁਪਤਾ ਨੇ ਕਿਹਾ ਕਿ ਟਰਾਈਡੈਂਟ ਗਰੁੱਪ ਸਮਾਜਿਕ ਤੇ ਵਾਤਾਵਰਣਕ ਜ਼ਿੰਮੇਵਾਰੀਆਂ ਨੂੰ ਹਮੇਸ਼ਾ ਗੰਭੀਰਤਾ ਨਾਲ ਨਿਭਾਉਂਦਾ ਆ ਰਿਹਾ ਹੈ | ਉਨ੍ਹਾਂ ਦੱਸਿਆ ਕਿ ਰਾਜਿੰਦਰ ਗੁਪਤਾ ਦੀ ਰਹਿਨੁਮਾਈ ਹੇਠ ਕੰਪਨੀ ਵਲੋਂ ਸਿੱਖਿਆ, ਸਿਹਤ, ਪਾਣੀ ਸੰਭਾਲ ਤੇ ਹਰਿਆਲੀ ਮੁਹਿੰਮਾਂ 'ਚ ਵੀ ਯੋਗਦਾਨ ਦਿੱਤਾ ਜਾ ਰਿਹਾ ਹੈ |