ਮਹਿਲ ਕਲਾਂ, 20 ਨਵੰਬਰ (ਤਰਸੇਮ ਸਿੰਘ ਗਹਿਲ)-ਬਲਾਕ ਮਹਿਲ ਕਲਾਂ ਅਧੀਨ ਆਉਂਦੇ ਵੱਖ-ਵੱਖ 20 ਪਿੰਡਾਂ ਵਿਚ ਉਸਾਰੇ ਜਾਣ ਵਾਲੇ ਖੇਡ ਸਟੇਡੀਅਮ ਦਾ ਕੰਮ ਪੰਜਾਬ ਸਰਕਾਰ ਵਲੋਂ ਪਿੰਡਾਂ ਦੀਆਂ ਚੁਣੀਆਂ ਗ੍ਰਾਮ ਪੰਚਾਇਤਾਂ ਭਾਵ ਪੰਚਾਂ ਸਰਪੰਚਾਂ ਨੂੰ ਨਹੀਂ ਬਲਕਿ ਪੰਚਾਇਤੀ ਰਾਜ ਲੋਕ ਨਿਰਮਾਣ ਨੂੰ ਸੌਂਪਣ ਦਾ ਪਤਾ ਲੱਗਿਆ ਹੈ, ਸਰਕਾਰ ਦੇ ਇਸ ਫ਼ੈਸਲੇ ਤੋਂ ਅੰਦਰੋਂ-ਅੰਦਰੀ ਗ੍ਰਾਮ ਪੰਚਾਇਤਾਂ ਤਰਲੋ ਮੱਛੀ ਹੋ ਰਹੀਆਂ ਹਨ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਦੀ ਜ਼ਿੰਮੇਵਾਰੀ ਜਿੱਥੇ ਪਿੰਡਾਂ ਦੀਆਂ ਚੁਣੀਆਂ ਪੰਚਾਇਤਾਂ ਦੀ ਹੁੰਦੀ ਹੈ, ਉੱਥੇ ਖੇਡ ਸਟੇਡੀਅਮਾਂ ਦੀ ਉਸਾਰੀ ਦਾ ਕੰਮ ਹੁਣ ਪੰਚਾਇਤੀ ਰਾਜ ਲੋਕ ਨਿਰਮਾਣ ਨੂੰ ਕਿਉਂ ਦਿੱਤਾ ਜਾ ਰਿਹਾ ਹੈ, ਬਲਕਿ ਨਵੇਂ ਉਸਾਰੇ ਜਾਣ ਵਾਲੇ ਖੇਡ ਸਟੇਡੀਅਮ ਦੇ ਵਿਕਾਸ ਦੇ ਕੰਮ ਵਿਚ ਗ੍ਰਾਮ ਪੰਚਾਇਤਾਂ ਸਿਰਫ਼ ਚੌਕੀਦਾਰਾਂ ਕਰਨਗੀਆਂ | ਜੇਕਰ ਗੱਲ ਬਲਾਕ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ਵਿਚ ਉਸਾਰੇ ਜਾ ਰਹੇ ਖੇਡ ਸਟੇਡੀਅਮਾਂ ਦੀ ਕੀਤੀ ਜਾਵੇ ਤਾਂ ਬਲਾਕ ਦੇ ਪਿੰਡ ਅਮਲਾ ਸਿੰਘ ਵਾਲਾ 12 ਲੱਖ 69 ਹਜ਼ਾਰ, ਭੱਦਲਵੱਡ 21 ਲੱਖ 14 ਹਜ਼ਾਰ, ਬੀਹਲਾ 37 ਲੱਖ 79 ਹਜ਼ਾਰ, ਚੰਨਣਵਾਲ 34 ਲੱਖ 88 ਹਜ਼ਾਰ, ਛਾਪਾ 12 ਲੱਖ 34 ਹਜ਼ਾਰ, ਛੀਨੀਵਾਲ ਕਲਾਂ 31 ਲੱਖ 998 ਹਜ਼ਾਰ, ਦੀਵਾਨਾ 17 ਲੱਖ 33 ਹਜ਼ਾਰ, ਗਹਿਲ 29 ਲੱਖ 39 ਹਜ਼ਾਰ, ਕਲਾਲਮਾਜਰਾ 22 ਲੱਖ 95 ਹਜ਼ਾਰ, ਕੁਰੜ 36 ਲੱਖ 84 ਹਜ਼ਾਰ, ਕੁਤਬਾ 23 ਲੱਖ 69 ਹਜ਼ਾਰ, ਮਹਿਲ ਕਲਾਂ 30 ਲੱਖ 22 ਹਜ਼ਾਰ, ਮਹਿਲ ਕਲਾਂ ਸੋਢੇ 33 ਲੱਖ 26 ਹਜ਼ਾਰ, ਮਹਿਲ ਖ਼ੁਰਦ 21 ਲੱਖ 50 ਹਜ਼ਾਰ, ਮੂੰਮ 15 ਲੱਖ 01 ਹਜ਼ਾਰ, ਪੰਡੋਰੀ 22 ਲੱਖ 58 ਹਜ਼ਾਰ, ਰਾਏਸਰ ਪਟਿਆਲਾ 19 ਲੱਖ 11 ਹਜ਼ਾਰ, ਸਹੌਰ 18 ਲੱਖ 09 ਹਜ਼ਾਰ, ਵਜੀਦਕੇ ਖੁਰਦ ਨੂੰ 33 ਲੱਖ 76 ਹਜ਼ਾਰ ਰੁਪਏ ਅਤੇ ਜਿਹੜੀ ਕੁੱਲ ਰਾਸ਼ੀ 5 ਕਰੋੜ 10 ਲੱਖ 70 ਹਜ਼ਾਰ ਰੁਪਏ ਦੀ ਪ੍ਰਵਾਨਗੀ ਭੇਜੀ ਗਈ ਹੈ | ਪੰਚਾਇਤੀ ਰਾਜ ਲੋਕ ਨਿਰਮਾਣ ਅਧੀਨ ਹੋ ਰਹੇ ਇਸ ਵਿਕਾਸ ਤੋਂ ਗ੍ਰਾਮ ਪੰਚਾਇਤਾਂ ਨਿਰਾਸ਼ ਦਿਖਾਈ ਦੇ ਰਹੀਆਂ ਹਨ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਗ੍ਰਾਮ ਪੰਚਾਇਤਾਂ ਨੂੰ ਅਜੇ ਤੱਕ ਇਕ ਖੋਟਾ ਸਿੱਕਾ ਵੀ ਜਾਰੀ ਨਹੀਂ ਕੀਤਾ ਗਿਆ | ਪਿੰਡਾਂ ਦੇ ਵਿਕਾਸ ਜਾਂ ਤਾਂ ਕੇਂਦਰ ਸਰਕਾਰ ਦੇ ਮਨਰੇਗਾ ਪੋ੍ਰਜੈਕਟ ਅਧੀਨ ਹੋ ਰਹੇ ਹਨ ਜਾਂ ਆਮਦਨ ਵਾਲੀਆਂ ਗ੍ਰਾਮ ਪੰਚਾਇਤਾਂ ਵਲੋਂ ਆਪਣੇ ਪੱਧਰ 'ਤੇ ਸੈਕਸ਼ਨ ਪੱਤਰ ਜਾਰੀ ਕਰ ਕੇ ਆਪਣੇ ਪਿੰਡਾਂ ਦਾ ਵਿਕਾਸ ਜਾਰੀ ਰੱਖਿਆ ਹੋਇਆ ਹੈ | ਇਸ ਸਮੇਂ ਆਪਣਾ ਨਾਮ ਨਾ ਛਾਪਣ ਦੀ ਸੂਰਤ ਵਿਚ ਇਕ ਚੁਣੇ ਸਰਪੰਚ ਨੇ ਕਿਹਾ ਕਿ ਜੇਕਰ ਪਿੰਡਾਂ ਦਾ ਵਿਕਾਸ ਪੰਚਾਇਤੀ ਰਾਜ ਲੋਕ ਨਿਰਮਾਣ ਕਰਵਾਏਗਾ ਤਾਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਦੀ ਚੋਣ ਕਰਨ ਦੀ ਕੀ ਲੋੜ ਸੀ? ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਪਿੰਡਾਂ ਦੇ ਵਿਕਾਸ ਪੰਚਾਇਤੀ ਰਾਜ ਦੇ ਸਰਕਾਰੀ ਕਰਮਚਾਰੀਆਂ ਤੋਂ ਕਰਵਾਉਣਾ ਹੋਵੇਗਾ ਤਾਂ ਵੋਟਾਂ ਸਮੇਂ ਪਿੰਡ ਦੇ ਚੁਣੇ ਹੋਏ ਸਰਪੰਚ ਪੰਚ ਪਾਰਟੀ ਦਾ ਝੋਲਾ ਵੀ ਨਹੀਂ ਫੜਨਗੇ | ਬਲਾਕ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ਵਿਚ ਇਸ ਤੋਂ ਪਹਿਲਾਂ ਪੰਚਾਇਤੀ ਰਾਜ ਲੋਕ ਨਿਰਮਾਣ ਵਲੋਂ ਬਰਨਾਲਾ ਤੋਂ ਰਾਏਕੋਟ ਰੋਡ 'ਤੇ ਬਣੇ ਬੱਸ ਸਟਾਪ ਅਤੇ ਕਈ ਪਿੰਡਾਂ ਦੇ ਸਵਾਗਤੀ ਗੇਟਾਂ ਦੀ ਉਸਾਰੀ ਕਰਵਾਈ ਗਈ ਹੈ, ਜਿਸ ਤੋਂ ਗ੍ਰਾਮ ਪੰਚਾਇਤਾਂ ਦੇ ਸਰਪੰਚ ਵੀ ਨਾਰਾਜ਼ ਦਿਖਾਈ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਪੰਚਾਇਤੀ ਰਾਜ ਲੋਕ ਨਿਰਮਾਣ ਦੁਆਰਾ ਪਿੰਡਾਂ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੇ ਉਦਘਾਟਨ ਸਮਾਰੋਹ ਤੋਂ ਵੀ ਗ੍ਰਾਮ ਪੰਚਾਇਤਾਂ ਟਾਲ਼ਾ ਵਟਣ ਲੱਗੀਆਂ |