ਮਨੁੱਖੀ ਜ਼ਿੰਦਗੀ 'ਚ ਬਦਲਾਅ ਦੀ ਅਨੋਖੀ ਰਫ਼ਤਾਰ ਨੇ ਉਸ ਦੇ ਰਹਿਣ-ਸਹਿਣ, ਸੋਚਣ ਅਤੇ ਵਿਚਰਨ ਦੇ ਤੌਰ ਤਰੀਕਿਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਮਨੁੱਖ ਨੇ ਜਿਨ੍ਹਾਂ ਵਿਗਿਆਨਕ ਸਰੋਤਾਂ ਦੀ ਖੋਜ ਆਪਣੀ ਜ਼ਿੰਦਗੀ ਨੂੰ ਸੌਖੀ ਬਣਾਉਣ ਲਈ ਕੀਤੀ ਸੀ, ਅੱਜ ਉਹ ਉਨ੍ਹਾਂ ਸਰੋਤਾਂ ਦਾ ਗੁਲਾਮ ਬਣਦਾ ਜਾ ਰਿਹਾ ਹੈ। ਉਨ੍ਹਾਂ ਵਿਗਿਆਨਕ ਸਰੋਤਾਂ ਵਿਚੋਂ ਮੋਬਾਈਲ ਵੀ ਇਕ ਹੈ। ਮੋਬਾਈਲ ਨੇ ਮਨੁੱਖੀ ਜ਼ਿੰਦਗੀ ਦੇ ਅਰਥ ਹੀ ਬਦਲ ਦਿੱਤੇ ਹਨ। ਮੋਬਾਈਲ ਹੁਣ ਮਨੁੱਖ ਦੀ ਜ਼ਰੂਰਤ ਨਹੀਂ ਮਜਬੂਰੀ ਬਣਦਾ ਜਾ ਰਿਹਾ ਹੈ। ਇਸ ਨੇ ਮਨੁੱਖੀ ਰਿਸ਼ਤਿਆਂ ਦੀਆਂ ਪਰਿਭਾਸ਼ਾਵਾਂ ਬਦਲ ਦਿੱਤੀਆਂ ਹਨ। ਉਨ੍ਹਾਂ ਰਿਸ਼ਤਿਆਂ 'ਚੋਂ ਇਕ ਰਿਸ਼ਤਾ ਮਾਂ ਅਤੇ ਬੱਚੇ ਦਾ ਹੈ। ਯੁਗਾਂ ਯੁਗਾਂਤਰਾਂ ਤੋਂ ਇਹ ਮੰਨਿਆ ਗਿਆ ਹੈ ਕਿ ਬੱਚੇ ਦਾ ਪਹਿਲਾ ਅਧਿਆਪਕ ਉਸ ਦੀ ਮਾਂ ਹੁੰਦੀ ਹੈ। ਬੱਚੇ ਨੂੰ ਮਾਂ ਦੀ ਗੋਦੀ ਦਾ ਮਿਲਿਆ ਪਿਆਰ, ਉਸ ਵਲੋਂ ਕੀਤੀ ਗਈ ਸਾਂਭ-ਸੰਭਾਲ, ਉਸ ਦੀ ਮੋਹ ਮਮਤਾ ਅਤੇ ਦੁਲਾਰ ਉਸ ਨੂੰ ਆਉਣ ਵਾਲੀ ਜ਼ਿੰਦਗੀ ਲਈ ਤਿਆਰ ਕਰਦੇ ਹਨ। ਮਾਂ ਹੀ ਉਸ ਨੂੰ ਉਸ ਦੀ ਮਾਤ ਭਾਸ਼ਾ ਵਿਚ ਆਪਣੀਆਂ ਰੋਜ਼ਮਰ੍ਹਾ ਦੀਆਂ ਲੋੜਾਂ ਪੂਰੀਆਂ ਕਰਨਾ ਸਿਖਾਉਂਦੀ ਹੈ। ਇਕ ਕਹਾਵਤ ਆਮ ਸੁਣਨ ਨੂੰ ਮਿਲਦੀ ਹੈ ਕਿ ਬੱਚੇ ਦੀਆਂ ਰਮਜ਼ਾਂ ਬੱਚੇ ਦੀ ਮਾਂ ਹੀ ਸਮਝ ਸਕਦੀ ਹੈ ਪਰ ਅਜੋਕੇ ਯੁੱਗ 'ਚ ਬੱਚੇ ਦਾ ਪਹਿਲਾ ਅਧਿਆਪਕ ਉਸ ਦੀ ਮਾਂ ਨਹੀਂ, ਸਗੋਂ ਮੋਬਾਈਲ ਬਣਦਾ ਜਾ ਰਿਹਾ ਹੈ। ਪਹਿਲਾਂ ਮਾਂ ਰੋਂਦੇ ਹੋਏ ਬੱਚੇ ਨੂੰ ਚੁੱਪ ਕਰਵਾਉਣ ਲਈ ਉਸ ਨੂੰ ਪਿਆਰ ਕਰਦੀ ਸੀ, ਉਸ ਨੂੰ ਪੁਚਕਾਰਦੀ ਸੀ। ਉਸਦੇ ਰੋਣ ਦੇ ਕਾਰਨ ਦਾ ਹੱਲ ਲੱਭਦੀ ਸੀ, ਉਸ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰਦੀ ਸੀ। ਉਸ ਨੂੰ ਆਪਣੀ ਖੁਸ਼ੀ ਨਾਲੋਂ ਬੱਚੇ ਦੀ ਖੁਸ਼ੀ ਦਾ ਜ਼ਿਆਦਾ ਧਿਆਨ ਹੁੰਦਾ ਸੀ ਪਰ ਹੁਣ ਸਮਾਂ ਬਹੁਤ ਤੇਜ਼ੀ ਨਾਲ ਬਦਲਦਾ ਜਾ ਰਿਹਾ ਹੈ।
ਹੁਣ ਮਾਂ ਦੀ ਥਾਂ ਮੋਬਾਈਲ ਨੇ ਲੈ ਲਈ ਹੈ। ਹੁਣ ਬੱਚਿਆਂ ਦਾ ਜ਼ਿਆਦਾਤਰ ਸਮਾਂ ਮਾਂ ਨਾਲ ਨਹੀਂ, ਸਗੋਂ ਮੋਬਾਈਲ ਨਾਲ ਬੀਤਦਾ ਹੈ। ਬੱਚੇ ਨੂੰ ਰੋਂਦੇ ਨੂੰ ਚੁੱਪ ਕਰਾਉਣ ਲਈ, ਟੈਲੀਵਿਜ਼ਨ ਉੱਤੇ ਲੜੀਵਾਰ ਵੇਖਣ ਲਈ, ਘਰ ਦਾ ਕੰਮ ਨਿਪਟਾਉਣ ਲਈ, ਖਰੀਦਦਾਰੀ ਕਰਨ ਲਈ, ਬੱਚੇ ਦੀ ਜਿੱਦ ਪੁਗਾਉਣ ਲਈ ਅਤੇ ਆਪਣਾ ਪਿੱਛਾ ਛੁਡਾਉਣ ਲਈ ਮੋਬਾਈਲ ਦੀ ਵਰਤੋਂ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਬੱਚੇ ਹੁਣ ਦੁੱਧ ਲਈ ਘੱਟ ਮੋਬਾਈਲ ਲਈ ਜਿਆਦਾ ਰੋਂਦੇ ਹਨ। ਨੌਕਰੀਪੇਸ਼ਾ ਔਰਤਾਂ ਵਾਲੇ ਪਰਿਵਾਰਾਂ 'ਚ ਬੱਚਿਆਂ ਦੀ ਮੋਬਾਈਲ ਉੱਤੇ ਨਿਰਭਰਤਾ ਹੋਰ ਵੀ ਜ਼ਿਆਦਾ ਵਧਦੀ ਜਾ ਰਹੀ ਹੈ। ਮੋਬਾਈਲ ਦਾ ਮਾਂ ਦੀ ਥਾਂ ਲੈਣਾ ਬੱਚਿਆਂ ਉੱਤੇ ਬਹੁਤ ਹੀ ਮਾੜਾ ਅਸਰ ਪਾ ਰਿਹਾ ਹੈ। ਉਹ ਮਾਂ ਦੀ ਲੋੜੀਂਦੀ ਮਮਤਾ ਤੋਂ ਦੂਰ ਹੋ ਰਹੇ ਹਨ। ਉਨ੍ਹਾਂ ਨੂੰ ਉਹ ਕੁੱਝ ਸਿੱਖਣ ਨੂੰ ਨਹੀਂ ਮਿਲ ਰਿਹਾ, ਜੋ ਕੁਝ ਉਨ੍ਹਾਂ ਨੂੰ ਸਿੱਖਣਾ ਚਾਹੀਦਾ ਹੈ। ਉਹ ਸੁਭਾਅ ਦੇ ਚਿੜਚਿੜੇ, ਜਿੱਦੀ ਅਤੇ ਨਿਰਮੋਹੇ ਹੁੰਦੇ ਜਾ ਰਹੇ ਹਨ। ਉਨ੍ਹਾਂ ਦੀਆਂ ਆਦਤਾਂ 'ਚ ਵਿਗਾੜ ਪੈਦਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਦੀਆਂ ਮਨੋਵਿਗਿਆਨਕ ਲੋੜਾਂ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਦੇ ਸਰਬਪੱਖੀ ਵਿਕਾਸ ਵਿਚ ਖੜੋਤ ਆਉਂਦੀ ਜਾ ਰਹੀ ਹੈ। ਮਾਂ ਅਤੇ ਬੱਚੇ ਦੇ ਸੰਬੰਧਾਂ ਦੀ ਨਵੀਂ ਇਬਾਰਤ ਲਿਖੀ ਜਾਣ ਲੱਗ ਪਈ ਹੈ। ਮਾਂ ਦੀ ਮਮਤਾ ਦਾ ਨਿੱਘ ਉਨ੍ਹਾਂ ਦੇ ਬਚਪਨ ਤੋਂ ਮਨਫੀ ਹੋ ਰਿਹਾ ਹੈ। ਮੋਬਾਈਲ ਦੀਆਂ ਗੇਮਾਂ, ਕਾਰਟੂਨ ਅਤੇ ਤੇਜ਼ ਆਵਾਜ਼ ਵਾਲੀਆਂ ਧੁਨਾਂ ਜਿੱਥੇ ਉਨ੍ਹਾਂ ਤੋਂ ਉਨ੍ਹਾਂ ਦੀ ਕਲਪਨਾ, ਹੱਸਣਾ, ਖੇਡਣਾ ਅਤੇ ਬਚਪਨ ਦੀ ਮਸਤੀ ਖੋਹ ਰਹੇ ਹਨ, ਉੱਥੇ ਉਨ੍ਹਾਂ ਲਈ ਕਈ ਸਮੱਸਿਆਵਾਂ ਦਾ ਰਾਹ ਵੀ ਤਿਆਰ ਕਰ ਰਹੇ ਹਨ। ਮਮਤਾ ਦੀ ਮੂਰਤ ਹਰ ਮਾਂ ਨੂੰ ਆਪਣੇ ਬੱਚੇ ਦੇ ਪਹਿਲੇ ਅਧਿਆਪਕ ਵਾਲੀ ਥਾਂ ਨੂੰ ਬਚਾਉਣ ਲਈ ਬੱਚੇ ਦੇ ਹੱਥਾਂ 'ਚ ਮੋਬਾਈਲ ਦੇਣ ਤੋਂ ਪਹਿਲਾਂ ਆਪਣੇ ਬਣਦੇ ਫਰਜ਼ਾਂ ਉੱਤੇ ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ।
-ਮੋਬਾਈਲ : 98726 27136