ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਨੂੰ ਹੱਲ ਕੀਤੇ ਬਗੈਰ ਉਸ ਤੋਂ ਮੂੰਹ ਫੇਰ ਲੈਣਾ, ਨਜ਼ਰਅੰਦਾਜ਼ ਕਰਨਾ, ਦੋਸ਼ ਲਾ ਕੇ ਪਾਸਾ ਵੱਟ ਲੈਣਾ ਉਸ ਸਮੱਸਿਆ ਦਾ ਸਹੀ ਹੱਲ ਨਹੀਂ ਹੈ, ਬਲਕਿ ਇਸ ਤਰ੍ਹਾਂ ਕਰਨ ਨਾਲ ਸਮੱਸਿਆ ਹੋਰ ਵੀ ਵੱਡੀ ਹੋ ਜਾਂਦੀ ਹੈ। ਜਦੋਂ ਘਰ ਵਿਚ ਕੋਈ ਚੀਜ਼ ਖਰਾਬ ਹੋ ਜਾਂਦੀ ਹੈ, ਤਾਂ ਅਸੀਂ ਉਸ ਦੀ ਮੁਰੰਮਤ ਕਰਕੇ ਉਸ ਨੂੰ ਦੁਬਾਰਾ ਚਾਲੂ ਕਰ ਲੈਂਦੇ ਹਾਂ। ਖਰਾਬ ਹੋਣ 'ਤੇ ਅਸੀਂ ਉਸ ਨੂੰ ਸੁੱਟਦੇ ਨਹੀਂ ਹਾਂ। ਇਸੇ ਤਰ੍ਹਾਂ ਸਾਡੇ ਰਿਸ਼ਤੇ ਹੁੰਦੇ ਹਨ, ਜਿਨ੍ਹਾਂ ਤੋਂ ਮੂੰਹ ਮੋੜ ਲੈਣਾ ਜਾਂ ਪਾਸਾ ਵੱਟ ਲੈਣਾ ਨਾਸਮਝੀ ਅਤੇ ਕਾਇਰਤਾ ਹੈ, ਜਦਕਿ ਇਹ ਸੰਭਵ ਹੈ ਕਿ ਵਿਗੜੇ ਹੋਏ ਰਿਸ਼ਤਿਆਂ ਵਿਚ ਵੀ ਸੁਧਾਰ ਲਿਆਂਦਾ ਜਾ ਸਕਦਾ ਹੈ ਅਤੇ ਚੀਜ਼ਾਂ ਵਾਂਗ ਇਨ੍ਹਾਂ ਦੀ ਵੀ ਮੁਰੰਮਤ ਹੋ ਸਕਦੀ ਹੈ। ਸਮਾਂ, ਸਬਰ, ਸਮਝ ਅਤੇ ਸਹਿਣਸ਼ੀਲਤਾ ਨਾਲ ਜੇਕਰ ਸਭ ਕੁਝ ਸੰਭਵ ਨਹੀਂ ਤਾਂ ਫਿਰ ਵੀ ਬਹੁਤ ਕੁਝ ਇਸ ਨਾਲ ਸੰਭਵ ਹੈ। ਕਿਸੇ ਵੀ ਰਿਸ਼ਤੇ ਦੀ ਮੁੱਖਧਾਰਾ ਤੋਂ ਮੂੰਹ ਫੇਰਨਾ ਆਪਣੀ ਜ਼ਿੰਦਗੀ ਦੀ ਮੁੱਖਧਾਰਾ ਤੋਂ ਮੂੰਹ ਫੇਰਨਾ ਹੈ। ਕਿਸੇ ਨੂੰ ਸਮਝੇ ਬਗੈਰ ਸਮਝਾਉਣਾ ਰਿਸ਼ਤੇ ਦੀਆਂ ਤੰਦਾਂ ਨੂੰ ਹੋਰ ਉਲਝਾਉਣਾ ਹੈ।
ਸ਼ੱਕ ਦੇ ਆਧਾਰ 'ਤੇ ਕਿਸੇ ਵੀ ਰਿਸ਼ਤੇ ਦੇ ਸੰਬੰਧ ਵਿਚ ਲਿਆ ਫ਼ੈਸਲਾ ਬਹੁਤ ਖ਼ਤਰਨਾਕ ਹੁੰਦਾ ਹੈ। ਕਿਸੇ ਵੀ ਵਿਅਕਤੀ ਵਲੋਂ ਭੜਕਾਊ ਜਾਂ ਉਕਸਾਊ ਗੱਲ ਨੂੰ ਤੁਹਾਡੇ ਵਲੋਂ ਸੱਚ ਮੰਨ ਲੈਣਾ ਤੁਹਾਡੇ ਲਾਈਲੱਗ ਹੋਣ ਦਾ ਸਬੂਤ ਹੈ। ਅਕਸਰ ਸੁਣਾਉਣ ਵਾਲੇ ਨੂੰ ਸੁਣਨ ਵਾਲੇ ਦੀ ਇਸ ਕਮਜ਼ੋਰੀ ਦਾ ਪਤਾ ਹੁੰਦਾ ਹੈ ਅਤੇ ਸਾਡੀ ਜ਼ਿੰਦਗੀ ਦੇ ਸਭ ਤੋਂ ਕਮਜ਼ੋਰ ਪੱਖ 'ਤੇ ਸਭ ਤੋਂ ਵੱਧ ਹਮਲੇ ਹੁੰਦੇ ਹਨ। ਰਿਸ਼ਤਿਆਂ ਲਈ ਇਹ ਕਮਜ਼ੋਰੀਆਂ ਸਭ ਤੋਂ ਵੱਧ ਘਾਤਕ ਹੁੰਦੀਆਂ ਹਨ। ਜਦੋਂ ਦਿਲਾਂ ਵਿਚਕਾਰ ਕੋਈ ਸ਼ੱਕ ਜਾਂ ਭੁਲੇਖਾ ਹੋਵੇ ਤਾਂ ਉਦੋਂ ਦੂਰੀਆਂ ਨੂੰ ਕਿਸੇ ਵੀ ਮੀਟਰ ਨਾਲ ਮਾਪਿਆ ਨਹੀਂ ਜਾ ਸਕਦਾ। ਸਮਾਂ ਪਾ ਕੇ ਸ਼ੱਕ ਤਾਂ ਦੂਰ ਹੋ ਜਾਂਦਾ ਹੈ ਪਰ ਸ਼ੱਕ ਦੀ ਵਜ੍ਹਾ ਕਰਕੇ ਹੋਈ ਨਫ਼ਰਤ ਈਰਖਾ ਅਤੇ ਬੋਲੇ ਗਏ ਸ਼ਬਦਾਂ ਦੇ ਜ਼ਹਿਰ ਦਾ ਅਸਰ ਕਦੇ ਖ਼ਤਮ ਨਹੀਂ ਹੁੰਦਾ। ਬਿਨਾਂ ਕਿਸੇ ਕਾਰਨ ਤੋਂ ਕੋਈ ਗੱਲ ਮੁੱਦਾ ਨਹੀਂ ਬਣਦੀ। ਬਹੁਤ ਸਾਰੇ ਲੋਕ ਜਦੋਂ ਸਮਝਾਉਣ ਲਈ ਆਪਣੇ ਜ਼ਮਾਨੇ ਦੀ ਗੱਲ ਕਰਦੇ ਹਨ ਤਾਂ ਉਹ ਉਸ ਜ਼ਮਾਨੇ ਦੇ ਸਿਰਫ਼ ਚੰਗੇ ਪੱਖਾਂ ਨੂੰ ਹੀ ਬਿਆਨ ਕਰਦੇ ਹਨ ਅਤੇ ਉਹ ਆਪਣੇ ਜ਼ਮਾਨੇ ਦੀਆਂ ਸਾਰੀਆਂ ਊਣਤਾਈਆਂ, ਕਮੀਆਂ-ਪੇਸ਼ੀਆਂ, ਘਾਟਾਂ ਅਤੇ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਦੇ ਹਨ।
ਜ਼ਿੰਦਗੀ ਦੇ ਕਈ ਪ੍ਰਸ਼ਨ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਸਹੀ ਉੱਤਰ ਸਾਨੂੰ ਖੁਦ ਨੂੰ ਲੱਭਣੇ ਪੈਂਦੇ ਹਨ। ਬਹੁਤ ਸਾਰੇ ਉਪਦੇਸ਼, ਸਲਾਹਾਂ ਅਤੇ ਸੁਝਾਅ ਕਈ ਵਾਰ ਤੁਹਾਡੀ ਯੋਜਨਾ ਅਤੇ ਯੋਗਤਾ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੰਦੇ ਹਨ। ਛੋਟੇ-ਛੋਟੇ ਮਸਲਿਆਂ ਨੂੰ ਫੁੱਟਬਾਲ ਦੀ ਤਰ੍ਹਾਂ ਨਾ ਵਰਤੋ, ਕਿਉਂਕਿ ਇਸ ਖੇਡ ਵਿਚ ਹਰ ਇਕ ਵਿਅਕਤੀ ਠੇਡਾ ਮਾਰ ਹੀ ਖੁਸ਼ ਹੁੰਦਾ ਹੈ। ਹਮਦਰਦੀ ਦਾ ਵਿਖਾਵਾ ਕਰਕੇ ਲੋਕ ਤਮਾਸ਼ਾ ਵੇਖਣਾ ਪਸੰਦ ਕਰਦੇ ਹਨ। ਤੁਹਾਡੇ ਸਰੀਰ 'ਤੇ ਲੱਗੀ ਕਿਸੇ ਵੀ ਚੋਟ ਦਾ ਦਰਦ ਸਿਰਫ਼ ਤੁਹਾਨੂੰ ਹੀ ਹੁੰਦਾ ਹੈ, ਕੋਈ ਹੋਰ ਇਸ ਪੀੜ ਨੂੰ ਮਹਿਸੂਸ ਨਹੀਂ ਕਰ ਸਕਦਾ।
ਬਹੁਤ ਜ਼ਿਆਦਾ ਸੌਖੇ ਸਮੇਂ ਵਿਚ ਲਏ ਗਏ ਗ਼ਲਤ ਫ਼ੈਸਲੇ ਔਖਾ ਸਮਾਂ ਲਿਆਉਂਦੇ ਹਨ ਅਤੇ ਬਹੁਤ ਜ਼ਿਆਦਾ ਔਖੇ ਸਮੇਂ ਵਿਚ ਲਏ ਸਹੀ ਫ਼ੈਸਲੇ ਸੌਖਾ ਸਮਾਂ ਲਿਆਉਂਦੇ ਹਨ। ਕਿਸੇ ਨੂੰ ਦੋਸ਼ ਦੇ ਕੇ ਅਸੀਂ ਆਪਣੇ-ਆਪ ਨੂੰ ਦੋਸ਼ਮੁਕਤ ਨਹੀਂ ਕਰ ਸਕਦੇ।
ਕਿਸੇ ਵੀ ਰਿਸ਼ਤੇ ਪ੍ਰਤੀ ਆਪਣੇ ਮਨ ਵਿਚ ਪੱਕੀ ਧਾਰਨਾ ਨਾ ਬਣਾਓ। ਆਮ ਹੀ ਵੇਖਿਆ ਗਿਆ ਹੈ ਕਿ ਨੂੰਹ, ਸੱਸ-ਸਹੁਰਾ, ਜੇਠ-ਜੇਠਾਣੀ, ਭਰਾ-ਭਰਜਾਈ, ਚਾਚੇ-ਚਾਚੀਆਂ ਆਦਿ ਰਿਸ਼ਤਿਆਂ ਪ੍ਰਤੀ ਜਿਹੜੀ ਧਾਰਨਾ ਪਹਿਲਾਂ ਤੋਂ ਬਣੀ ਆਈ ਹੈ, ਅਕਸਰ ਜ਼ਿਆਦਾਤਰ ਲੋਕ ਉਸੇ ਬਣੀ ਹੋਈ ਧਾਰਨਾ ਅਤੇ ਵਿਸ਼ਵਾਸ ਦੇ ਆਧਾਰ 'ਤੇ ਹੀ ਫ਼ੈਸਲੇ ਕਰਦੇ ਹਨ। ਤਰਕਹੀਣ ਭਰੋਸੇ ਬੇਬੁਨਿਆਦ ਫ਼ੈਸਲੇ, ਲੋੜ ਤੋਂ ਵਧੇਰੇ ਦਖਲਅੰਦਾਜ਼ੀ ਅਤੇ ਬੇਲੋੜੀਆਂ ਉਮੀਦਾਂ ਵੀ ਰਿਸ਼ਤਿਆਂ ਦੀ ਸੁਖਾਵੀਂ ਰਵਾਨਗੀ ਵਿਚ ਰੁਕਾਵਟ ਖੜ੍ਹੀਆਂ ਕਰਦੀਆਂ ਹਨ।
ਕਿਸੇ ਨੂੰ ਸਮਝਾਉਣ, ਸਿਖਾਉਣ, ਪੜ੍ਹਾਉਣ, ਬੁਲਾਉਣ ਅਤੇ ਕਿਸੇ ਰੁੱਸੇ ਹੋਏ ਨੂੰ ਮਨਾਉਣ ਦਾ ਇਕ ਤਰੀਕਾ ਹੁੰਦਾ ਹੈ। ਇਹੋ ਜ਼ਿੰਦਗੀ ਦਾ ਸਲੀਕਾ ਅਤੇ ਢੰਗ ਹੈ, ਜਿਸ ਨਾਲ ਅਸੀਂ ਦੂਜਿਆਂ ਨਾਲ ਰਿਸ਼ਤਿਆਂ ਨੂੰ ਹੋਰ ਵੀ ਸੁਖਾਵੇਂ ਬਣਾ ਸਕਦੇ ਹਾਂ। ਜਿਸ ਘਰ ਵਿਚ ਚਾਰ ਮਨੁੱਖ ਰਹਿੰਦੇ ਹਨ, ਉਸ ਘਰ ਵਿਚ ਮਾੜੇ-ਮੋਟੇ ਗਿਲੇ-ਸ਼ਿਕਵੇ, ਸ਼ਿਕਾਇਤਾਂ, ਰੁਸੇਵੇਂ, ਗੁੱਸੇ, ਲੜਾਈ, ਝਗੜੇ ਆਮ ਜਿਹੀ ਗੱਲ ਹੈ। ਇਸ ਲਈ ਗੁੱਸੇ ਨੂੰ ਕਾਬੂ ਵਿਚ ਰੱਖੋ। ਗੁੱਸੇ ਤੋਂ ਬਾਅਦ ਦੇ ਨਤੀਜਿਆਂ ਨੂੰ ਹੱਲ ਕਰਨਾ ਬਹੁਤ ਔਖਾ ਹੈ। ਇਸ ਲਈ ਜ਼ਰੂਰੀ ਹੈ ਕਿ ਗੁੱਸੇ ਨੂੰ ਆਪਣੇ 'ਤੇ ਹਾਵੀ ਨਾ ਹੋਣ ਦਿਓ। ਚੰਗੀਆਂ ਆਦਤਾਂ ਥੋੜ੍ਹੇ ਸਮੇਂ ਦੀ ਤੰਗੀ ਹੈ ਪਰ ਜ਼ਿਆਦਾ ਸਮੇਂ ਦਾ ਸੁੱਖ ਹੈ। ਬੁਰੀ ਆਦਤ ਥੋੜ੍ਹੇ ਸਮੇਂ ਦਾ ਸੁੱਖ ਹੈ ਪਰ ਜ਼ਿਆਦਾ ਸਮੇਂ ਦਾ ਦੁੱਖ ਹੈ। ਯਾਦ ਰੱਖੋ ਕਿ ਮਾਪਿਆਂ ਤੋਂ ਵੱਡਾ ਇਸ ਦੁਨੀਆ ਵਿਚ ਕੋਈ ਰਿਸ਼ਤਾ ਨਹੀਂ ਹੈ। ਹੋ ਸਕਦਾ ਹੈ ਕਿ ਅਗਿਆਨਤਾ ਵਸ ਤੁਹਾਡੇ ਮਾਪਿਆਂ ਨੂੰ ਬਹੁਤੀਆਂ ਗੱਲਾਂ ਦਾ ਨਾ ਪਤਾ ਹੋਵੇ ਪਰ ਇਹ ਸੱਚ ਹੈ ਕਿ ਮਾਪਿਆਂ ਤੋਂ ਵੱਡੀ ਕੋਈ ਵਫ਼ਾ ਨਹੀਂ। 90 ਫ਼ੀਸਦੀ ਪਤੀ-ਪਤਨੀ ਤੋਂ ਵੱਡਾ ਕੋਈ ਦੋਸਤ ਨਹੀਂ। ਉਹ ਘਰ ਪਰਿਵਾਰ ਖ਼ੁਸ਼ਹਾਲ ਹੁੰਦੇ ਹਨ, ਜਿਸ ਵਿਚ ਹਰ ਮੈਂਬਰ ਆਪਣੀ ਗੱਲ ਖੋਲ੍ਹ ਕੇ ਰੱਖ ਸਕਦਾ ਹੈ ਉਹ ਆਪਣੇ ਫ਼ੈਸਲਿਆਂ ਸੰਬੰਧੀ ਆਪਣੀ ਰਾਇ ਰੱਖ ਸਕਦਾ ਹੈ। ਯਾਦ ਰੱਖੋ ਪਿਆਰ ਅੰਨਾ ਨਹੀਂ ਹੁਦਾ, ਸਗੋਂ ਨਫ਼ਰਤ ਅੰਨ੍ਹੀ ਹੁੰਦੀ ਹੈ।
-ਪਿੰਡ ਗੋਲੇਵਾਲ, ਫ਼ਰੀਦਕੋਟ।
ਮੋਬਾਈਲ : 94179-49079