ਦਿੱਤਾ ਦੇਸ ਨੇ ਕੀ ਕੁਝ ਮੈਨੂੰ
ਬੋਲ ਕੇ ਕਿਵੇਂ ਸੁਣਾਵਾਂ ਤੈਨੂੰ
ਜਿਥੋਂ ਮਿਲਦੇ ਰੋਟੀ ਪਾਣੀ
ਮੇਰੇ ਦੇਸ਼ ਦੀ ਧਰਤੀ ਰਾਣੀ।
ਇਹਦਾ ਮਾਣਮੱਤਾ ਇਤਿਹਾਸ
ਕਿਲ੍ਹੇ ਤੇ ਮਹਿਲ ਮੁਨਾਰੇ ਖ਼ਾਸ
ਯੋਧਿਆਂ ਦੀ ਕਹਿਣ ਕਹਾਣੀ
ਮੇਰੇ ਦੇਸ਼ ਦੀ ਧਰਤੀ ਰਾਣੀ।
ਇਹਦੀ ਮਿੱਟੀ ਵਿਚ ਖ਼ੁਸ਼ਬੋ
ਚੰਨ ਤਾਰੇ ਵੰਡਦੇ ਲੋਅ
ਪੌਣਾਂ ਵਿਚ ਘੁਲੀ ਗੁਰਬਾਣੀ
ਮੇਰੇ ਦੇਸ਼ ਦੀ ਧਰਤੀ ਰਾਣੀ।
ਸੋਹਣੇ ਫ਼ੌਜੀ ਵੀਰ ਜਵਾਨ
ਸਭ ਦਾ ਭਰਦੇ ਪੇਟ ਕਿਸਾਨ
ਖੋਜਾਂ ਕਰ ਰਹੇ ਵਿਗਿਆਨੀ
ਮੇਰੇ ਦੇਸ਼ ਦੀ ਧਰਤੀ ਰਾਣੀ।
ਫਲ, ਮੇਵੇ ਰੱਜ-ਰੱਜ ਖਾਹ
ਦੁੱਧ ਮੱਖਣਾਂ ਦੇ ਦਰਿਆ
ਚੱਲੇ ਚਾਟੀ ਵਿਚ ਮਧਾਣੀ
ਮੇਰੇ ਦੇਸ਼ ਦੀ ਧਰਤੀ ਰਾਣੀ।
ਪਰਬਤਾਂ ਤੋਂ ਆਵਣ ਨਦੀਆਂ
ਸਾਗਰ ਵੱਲ ਜਾਵਣ ਭੱਜੀਆਂ
ਜਿਵੇਂ ਮਿਲੇ ਹਾਣ ਨੂੰ ਹਾਣੀ
ਮੇਰੇ ਦੇਸ਼ ਦੀ ਧਰਤੀ ਰਾਣੀ।
ਇਹਦੇ ਸਿਰ ਨੀਲਾ ਅਸਮਾਨ
ਪੰਛੀ ਕਦੇ ਭਰਨ ਉਡਾਨ
ਬੱਦਲਾਂ ਨੇ ਛਤਰੀ ਤਾਣੀ
ਮੇਰੇ ਦੇਸ ਦੀ ਧਰਤੀ ਰਾਣੀ।
ਸਾਹ ਹਰ ਦਮ ਜਿਥੋਂ ਭਰਦਾ
ਕਦੇ ਲਾਹ ਨੀ ਹੋਣਾ ਕਰਜ਼ਾ
ਛਾਂ ਰੁੱਖਾਂ ਦੀ ਜਿਥੇ ਮਾਣੀ
ਮੇਰੇ ਦੇਸ਼ ਦੀ ਧਰਤੀ ਰਾਣੀ।
-ਕਰਮਜੀਤ ਸਿੰਘ ਗਰੇਵਾਲ
ਲਲਤੋਂ ਕਲਾਂ, ਲੁਧਿਆਣਾ।
ਮੋਬਾਈਲ : 98728-68913.