'ਪਿੰਕੀ ਬੇਟਾ, ਤੂੰ ਕੀ ਕਰ ਰਹੀ ਹੈਂ?' ਮੰਮੀ ਨੇ ਰਸੋਈ ਵਿਚ ਚਾਹ ਬਣਾਉਂਦੇ ਹੋਏ ਪੁੱਛਿਆ।
'ਮੰਮੀ, ਮੈਂ ਆਪਣਾ ਹੋਮਵਰਕ ਕਰਨ ਲੱਗੀ ਹਾਂ। ਤੁਸੀਂ ਜਲਦੀ ਆ ਜਾਓ', ਪਿੰਕੀ ਨੇ ਜਵਾਬ ਦਿੱਤਾ।
'ਹਾਂ, ਬੇਟਾ! ਮੈਂ ਬੱਸ ਚਾਹ ਲੈ ਕੇ ਆ ਰਹੀ ਹਾਂ।'
ਪਿੰਕੀ ਤੀਜੀ ਜਮਾਤ ਵਿਚ ਪੜ੍ਹਦੀ ਸੀ। ਉਸ ਦਾ ਸਕੂਲ ਉਸ ਦੇ ਘਰ ਦੇ ਨੇੜੇ ਹੀ ਸੀ। ਪਿੰਕੀ ਦੀ ਮਾਂ ਸੋਨਲ ਸ਼ਾਮ ਨੂੰ ਪਿੰਕੀ ਦਾ ਹੋਮਵਰਕ ਕਰਵਾਉਂਦੀ ਸੀ ਅਤੇ ਫਿਰ ਉਸ ਨੂੰ ਖੇਡਣ ਲਈ ਪਾਰਕ ਵਿਚ ਵੀ ਲੈ ਕੇ ਜਾਂਦੀ ਸੀ।
'ਅੱਛਾ ਬੇਟਾ, ਅੱਜ ਤੂੰ ਸਕੂਲ ਵਿਚ ਕੀ ਪੜ੍ਹਿਆ?' ਸੋਨਲ ਨੇ ਚਾਹ ਲੈ ਕੇ ਬੈਠਦਿਆਂ ਪੁੱਛਿਆ।
'ਅੱਜ ਮੈਂ ਗਣਿਤ ਦੀ ਕਲਾਸ ਵਿਚ ਪਹਾੜੇ ਪੜ੍ਹੇ। ਫਿਰ ਹਿੰਦੀ ਦੀ ਕਲਾਸ ਵਿਚ ਇਕ ਕਹਾਣੀ ਪੜ੍ਹੀ ਅਤੇ ਭੂਗੋਲ ਦੀ ਕਲਾਸ ਵਿਚ ਵਾਤਾਵਰਨ ਸੰਭਾਲ ਬਾਰੇ ਪੜ੍ਹਿਆ। ਟੀਚਰ ਨੇ ਸਾਨੂੰ ਹੋਮਵਰਕ ਵਿਚ ਇਸ ਦਾ ਰਿਵੀਜ਼ਨ ਕਰਨ ਲਈ ਕਿਹਾ ਹੈ। ਕੱਲ੍ਹ ਉਹ ਸਾਨੂੰ ਇਸ ਵਿਸ਼ੇ 'ਤੇ ਸਵਾਲ ਪੁੱਛਣਗੇ।'
'ਠੀਕ ਹੈ! ਆ ਜਾ, ਮੈਂ ਤੈਨੂੰ ਇਸ ਦਾ ਰਿਵੀਜ਼ਨ ਕਰਵਾ ਦਿੰਦੀ ਹਾਂ। ਪਹਿਲਾਂ ਮੈਨੂੰ ਇਹ ਦੱਸ ਕਿ ਵਾਤਾਵਰਨ ਕੀ ਹੁੰਦਾ ਹੈ?'
'ਵਾਤਾਵਰਨ ਉਹ ਜਗ੍ਹਾ ਹੈ ਜਿਥੇ ਅਸੀਂ ਰਹਿੰਦੇ ਹਾਂ, ਜਿਵੇਂ ਕਿ ਸਾਡਾ ਘਰ, ਸਕੂਲ, ਪਾਰਕ ਅਤੇ ਜੰਗਲ। ਇਸ ਵਿਚ ਰੁੱਖ, ਜਾਨਵਰ, ਪੰਛੀ, ਹਵਾ, ਪਾਣੀ, ਜ਼ਮੀਨ ਅਤੇ ਸਾਰੀਆਂ ਜੀਵਤ-ਨਿਰਜੀਵ ਚੀਜ਼ਾਂ ਸ਼ਾਮਿਲ ਹਨ।
'ਬਹੁਤ ਵਧੀਆ ਬੇਟਾ। ਹੁਣ ਮੈਨੂੰ ਇਹ ਦੱਸ ਕਿ ਵਾਤਾਵਰਨ ਸੰਭਾਲ ਤੋਂ ਕੀ ਭਾਵ ਹੈ?
'ਮੰਮੀ, ਟੀਚਰ ਨੇ ਸਾਨੂੰ ਦੱਸਿਆ ਹੈ ਕਿ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਦੀ ਰੱਖਿਆ ਕਰਨ, ਇਸ ਨੂੰ ਸਿਹਤਮੰਦ ਰੱਖਣ ਨੂੰ ਹੀ ਵਾਤਾਵਰਨ ਸੰਭਾਲ ਕਿਹਾ ਜਾਂਦਾ ਹੈ।
'ਬਹੁਤ ਵਧੀਆ', ਮੰਮੀ ਨੇ ਪਿੰਕੀ ਦੀ ਪ੍ਰਸੰਸਾ ਕੀਤੀ। 'ਠੀਕ ਹੈ ਪਿੰਕੀ, ਹੁਣ ਇਹ ਦੱਸ ਕਿ ਅਸੀਂ ਵਾਤਾਵਰਨ ਦੀ ਰੱਖਿਆ ਕਿਵੇਂ ਕਰ ਸਕਦੇ ਹਾਂ?'
'ਪਹਿਲਾਂ ਰੁੱਖ ਲਗਾ ਕੇ ਅਤੇ ਉਨ੍ਹਾਂ ਦੀ ਦੇਖਭਾਲ ਕਰਕੇ। ਦੂਜਾ, ਪਲਾਸਟਿਕ ਦੀ ਵਰਤੋਂ ਘਟਾ ਕੇ। ਤੀਜਾ ਜੰਗਲਾਂ ਦੀ ਕਟਾਈ ਨੂੰ ਰੋਕ ਕੇ, ਚੌਥਾ ਵਾਹਨਾਂ ਦੀ ਵਰਤੋਂ ਘਟਾ ਕੇ, ਮੰਮੀ ਮੈਨੂੰ ਬਸ ਇਹੀ ਪਤਾ ਹੈ', ਪਿੰਕੀ ਨੇ ਕਿਹਾ।
'ਬਹੁਤ ਵਧੀਆ, ਪਿੰਕੀ! ਪੰਜਵਾਂ, ਅਸੀਂ ਕੁਦਰਤੀ ਸਰੋਤਾਂ ਦੀ ਸਹੀ ਵਰਤੋਂ ਕਰਕੇ ਅਤੇ ਪ੍ਰਦੂਸ਼ਣ ਨੂੰ ਕੰਟਰੋਲ ਕਰਕੇ ਵੀ ਵਾਤਾਵਰਨ ਦੀ ਰੱਖਿਆ ਕਰ ਸਕਦੇ ਹਾਂ', ਮੰਮੀ ਨੇ ਕਿਹਾ।
ਅਗਲੇ ਦਿਨ ਭੂਗੋਲ ਦੀ ਕਲਾਸ ਵਿਚ ਅਧਿਆਪਕਾ ਨੇ ਵਿਦਿਆਰਥੀਆਂ ਨੂੰ ਇਕ-ਇਕ ਕਰਕੇ ਵਾਤਾਵਰਨ ਸੁਰੱਖਿਆ ਬਾਰੇ ਪੁੱਛਿਆ। ਜਦੋਂ ਪਿੰਕੀ ਦੀ ਵਾਰੀ ਆਈ ਤਾਂ ਅਧਿਆਪਕਾ ਨੇ ਪੁੱਛਿਆ, 'ਪਿੰਕੀ, ਤੂੰ ਦੱਸ ਕਿ ਅਸੀਂ ਵਾਤਾਵਰਨ ਦੀ ਰੱਖਿਆ ਕਿਵੇਂ ਕਰ ਸਕਦੇ ਹਾਂ?'
'ਅਸੀਂ ਵਾਤਾਵਰਨ ਦੀ ਰੱਖਿਆ ਲਈ ਬਹੁਤ ਸਾਰੇ ਰੁੱਖ ਲਗਾ ਸਕਦੇ ਹਾਂ। ਅਸੀਂ ਪਲਾਸਟਿਕ ਦੀ ਬਜਾਏ ਪੇਪਰ ਬੈਗ ਦੀ ਵਰਤੋਂ ਕਰ ਸਕਦੇ ਹਾਂ। ਅਸੀਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰ ਸਕਦੇ ਹਾਂ ਜਾਂ ਪੈਦਲ ਚੱਲ ਸਕਦੇ ਹਾਂ, ਇਸ ਨਾਲ ਸਾਡੀ ਸਿਹਤ ਵੀ ਚੰਗੀ ਰਹੇਗੀ। ਅਸੀਂ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਤ ਹੋਣ ਤੋਂ ਰੋਕ ਕੇ ਵਾਤਾਵਰਨ ਦੀ ਰੱਖਿਆ ਕਰ ਸਕਦੇ ਹਾਂ, 'ਪਿੰਕੀ ਨੇ ਕਿਹਾ।
'ਵਾਹ, ਪਿੰਕੀ! ਤੂੰ ਬਹੁਤ ਵਧੀਆ ਜਵਾਬ ਦਿੱਤਾ ਹੈ', ਅਧਿਆਪਕਾ ਨੇ ਉਸ ਦੀ ਪ੍ਰਸੰਸਾ ਕਰਦੇ ਹੋਏ ਕਿਹਾ।
-ਮੋਬਾਈਲ : 94176-92015