21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਲੜੀਵਾਰ ਬਾਲ ਨਾਵਲ-26 ਅੱਧੀ ਛੁੱਟੀ ਸਾਰੀ

ਅਜੀਤ ਡੈਸਕ 21-06-2025

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਸੋਨੂੰ ਦੀਆਂ ਗੱਲਾਂ ਸੁਣ ਕੇ ਸਾਰੀ ਕਲਾਸ ਦੇ ਬੱਚੇ ਹੈਰਾਨ ਵੀ ਹੋਏ ਅਤੇ ਖ਼ੁਸ਼ ਵੀ। ਪਰ ਮਾਸਟਰ ਜੀ, ਸੋਨੂੰ ਦੀਆਂ ਗੱਲਾਂ ਸੁਣ ਕੇ ਸ਼ਰਮ ਨਾਲ ਪਾਣੀ-ਪਾਣੀ ਹੋ ਗਏ। ਉਨ੍ਹਾਂ ਦੀਆਂ ਅੱਖਾਂ ਨੀਵੀਆਂ ਹੋ ਗਈਆਂ। ਉਨ੍ਹਾਂ ਵਿਚ ਸੋਨੂੰ ਵੱਲ ਤੱਕਣ ਦੀ ਹਿੰਮਤ ਨਹੀਂ ਸੀ ਰਹੀ। ਉਹ ਸੋਨੂੰ ਦੀ ਪਿੱਠ 'ਤੇ ਹੱਥ ਫੇਰਦੇ ਹੋਏ ਕਹਿਣ ਲੱਗੇ, 'ਮੇਰੇ ਕੋਲੋਂ ਬੜੀ ਵੱਡੀ ਗ਼ਲਤੀ ਹੋਈ ਹੈ। ਮੈਂ ਗ਼ੁੱਸੇ ਵਿਚ ਆ ਕੇ ਸੋਨੂੰ ਵਰਗੇ ਸਿਆਣੇ ਮੁੰਡੇ ਨੂੰ ਚਪੇੜਾਂ ਮਾਰ ਦਿੱਤੀਆਂ। ਮੈਂ ਸੋਨੂੰ ਦੀ ਅਸਲ ਗੱਲ ਵੱਲ ਧਿਆਨ ਨਹੀਂ ਕੀਤਾ ਕਿ ਉਸ ਨੂੰ ਸਬਕ ਕਿਉਂ ਯਾਦ ਨਹੀਂ ਹੋਇਆ? ਸੋ, ਬੱਚਿਓ! ਸਿਰਫ ਕਿਤਾਬਾਂ ਪੜ੍ਹਨ ਜਾਂ ਉਸ ਨੂੰ ਘੋਟਾ ਲਾ ਕੇ ਯਾਦ ਕਰਨ ਦਾ ਕੋਈ ਫਾਇਦਾ ਨਹੀਂ। ਅਸਲ ਪੜ੍ਹਾਈ ਉਹ ਹੈ ਜੋ ਚੰਗੀ ਤਰ੍ਹਾਂ ਸਮਝ ਕੇ ਕੀਤੀ ਜਾਵੇ ਅਤੇ ਉਨ੍ਹਾਂ ਚੰਗੀਆਂ ਗੱਲਾਂ ਦਾ ਜ਼ਿੰਦਗੀ ਵਿਚ ਪਾਲਣ ਕੀਤਾ ਜਾਵੇ।'
ਇਹ ਕਹਿ ਕੇ ਉਨ੍ਹਾਂ ਨੇ ਸੋਨੂੰ ਦੇ ਸਿਰ 'ਤੇ ਪਿਆਰ ਦਿੱਤਾ ਅਤੇ ਕਿਹਾ ਕਿ 'ਮੈਨੂੰ ਸੋਨੂੰ ਵਰਗੇ ਵਿਦਿਆਰਥੀਆਂ 'ਤੇ ਮਾਣ ਹੈ।'
ਐਨੀ ਦੇਰ ਵਿਚ ਪੀਰੀਅਡ ਖ਼ਤਮ ਹੋਣ ਦੀ ਘੰਟੀ ਵੱਜ ਗਈ। ਮਾਸਟਰ ਜੀ ਨੇ ਮੇਜ਼ ਤੋਂ ਆਪਣੀਆਂ ਕਿਤਾਬਾਂ ਚੁੱਕੀਆਂ ਅਤੇ ਚੁੱਪ-ਚਾਪ ਬਾਹਰ ਚਲੇ ਗਏ।
ਬਾਕੀ ਰਹਿੰਦੇ ਸਾਰੇ ਪੀਰੀਅਡਾਂ ਵਿਚ ਸੋਨੂੰ ਦੀ ਅਜੀਬ ਜਿਹੀ ਹਾਲਤ ਰਹੀ। ਇਕ ਪਾਸੇ ਮਾਰ ਪੈਣ ਤੋਂ ਉਹ ਬੜਾ ਦੁਖੀ ਸੀ। ਦੂਸਰੇ ਪਾਸੇ ਉਸ ਦੇ ਅੰਦਰ ਕਿਤੇ ਖ਼ੁਸ਼ੀ ਵੀ ਲੁਕੀ ਹੋਈ ਸੀ ਕਿ ਉਸ ਨੂੰ ਮਾਰ ਪੈਣ ਦੇ ਬਾਵਜੂਦ ਵੀ ਗ਼ੁੱਸਾ ਨਹੀਂ ਸੀ ਆਇਆ। ਅੱਧੀ ਛੁੱਟੀ ਵੇਲੇ ਵੀ ਸੋਨੂੰ ਚੁੱਪ-ਚਾਪ ਸੀ, ਜਿਸ ਕਰਕੇ ਉਸ ਦੇ ਸਾਥੀ ਵੀ ਉਦਾਸ ਸਨ। ਅੱਜ ਪਹਿਲਾ ਦਿਨ ਸੀ ਕਿ ਚਾਰੇ ਐਨੇ ਚੁੱਪ ਕਰਕੇ ਰੋਟੀ ਖਾ ਰਹੇ ਸਨ। ਸੋਨੂੰ ਨੂੰ ਮਾਰ ਪੈਣ ਕਰਕੇ ਸਾਰੇ ਦੋਸਤ ਹੀ ਅੰਦਰੋਂ ਦੁਖੀ ਸਨ।
ਸਾਰੀ ਛੁੱਟੀ ਵੇਲੇ ਸਾਰਿਆਂ ਦਾ ਮੂਡ ਕੁਝ ਠੀਕ ਸੀ। ਸਕੂਲੋਂ ਨਿਕਲ ਕੇ ਉਹ ਦਾਦਾ ਜੀ ਨੂੰ ਲੱਭਣ ਤੁਰ ਪਏ। ਸਾਰਿਆਂ ਦੀਆਂ ਨਜ਼ਰਾਂ ਦਾਦਾ ਜੀ ਨੂੰ ਲੱਭ ਰਹੀਆਂ ਸਨ। ਪਰ ਅੱਜ ਪਹਿਲਾਂ ਵਾਂਗ ਲੱਭਣ ਦੇ ਨਾਲ-ਨਾਲ ਗੱਲਾਂ-ਬਾਤਾਂ ਨਹੀਂ ਸੀ ਚਲ ਰਹੀਆਂ।
ਅੱਧਾ ਘੰਟਾ ਲੱਭਣ ਤੋਂ ਬਾਅਦ ਅੱਜ ਵੀ ਉਨ੍ਹਾਂ ਨੂੰ ਸਫਲਤਾ ਨਹੀਂ ਸੀ ਮਿਲੀ। ਪਰ ਅੱਜ ਉਹ ਨਿਰਾਸ਼ ਨਹੀਂ ਸਨ ਹੋਏ। ਬਿੱਲੂ ਦੇ ਪਾਪਾ ਦੀ ਸੁਣਾਈ ਕਹਾਣੀ ਦਾ ਸਾਰਿਆਂ 'ਤੇ ਕੁਝ ਨਾ ਕੁਝ ਅਸਰ ਹੋਇਆ ਲਗਦਾ ਸੀ।
ਘਰੋ-ਘਰੀ ਪਹੁੰਚਣ ਤੋਂ ਪਹਿਲਾਂ ਸਾਰਿਆਂ ਨੇ ਅੱਜ ਸੋਨੂੰ ਦੇ ਘਰ ਪੜ੍ਹਨ ਦਾ ਪ੍ਰੋਗਰਾਮ ਬਣਾਇਆ।
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਮੋਬਾਈਲ : 98889-24664

 

ਪਿਛਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ ਅਗਲੀ ਖ਼ਬਰ ਹਿੰਦੀ ਬਾਲ ਕਹਾਣੀ ਵਾਤਾਵਰਨ ਸੰਭਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।