08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਆਲੌਕਿਕ ਵਾਯੂਮੰਡਲੀ ਵਰਤਾਰਾ ਉੱਤਰੀ ਧਰੁਵ ਦੀਆਂ ਰੌਸ਼ਨੀਆਂ

ਅਜੀਤ ਡੈਸਕ 18-10-2025

ਪਿਆਰੇ ਬੱਚਿਓ! ਧਰਤੀ ਦੇ ਧਰੁਵੀ ਖੇਤਰਾਂ ਆਰਕਟਿਕ ਅਤੇ ਅੰਟਾਰਕਟਿਕ ਜਿਵੇਂ ਅਲਾਸਕਾ, ਉੱਤਰੀ ਕੈਨੇਡਾ, ਆਈਸਲੈਂਡ, ਗਰੀਨਲੈਂਡ, ਨਾਰਵੇ, ਸਵੀਡਨ, ਫਿਨਲੈਂਡ, ਡੈਨਮਾਰਕ, ਰੂਸ ਵਿਚ ਅਸਮਾਨ ਵਿਚ ਰੰਗਾਂ ਦਾ ਸ਼ਾਨਦਾਰ ਨਜ਼ਾਰਾ ਦਿਸਦਾ ਹੈ। ਨੱਚਦੀਆਂ ਹਰੀਆਂ ਗੁਲਾਬੀ ਰੌਸ਼ਨੀਆਂ ਬਹੁਤ ਹੀ ਦਿਲਖਿੱਚਵਾਂ ਨਜ਼ਾਰਾ ਪੇਸ਼ ਕਰਦੀਆਂ ਹਨ। ਭੌਤਿਕ ਵਿਗਿਆਨ ਵਿਚ ਇਸ ਵਰਤਾਰੇ ਨੂੰ 'ਨਾਰਦਰਨ ਲਾਈਟਾਂ' ਜਾਂ 'ਔਰੋਰਾ ਬੋਰੀਆਲਿਸ' ਕਿਹਾ ਜਾਂਦਾ ਹੈ। ਔਰੋਰਾ ਨਾਂਅ ਸਵੇਰੇ/ਸ਼ਾਮ ਦੀ ਦੇਵੀ 'ਔਰੋਰਾ' ਦੇ ਨਾਂਅ 'ਤੇ ਅਤੇ ਬੋਰੀਆਲਿਸ ਨਾਂਅ ਯੂੁਨਾਨ ਦੇ ਉੱਤਰੀ ਹਵਾ ਦੇ ਦੇਵਤੇ 'ਬੋਰੀਅਸ' ਤੋਂ ਲਿਆ ਗਿਆ ਹੈ। ਇਸ ਦਾ ਨਾਮਕਰਨ 1619 ਵਿਚ ਇਟਲੀ ਦੇ ਖਗੋਲ ਵਿਗਿਆਨੀ ਗੈਲੀਲੀਓ ਗੈਲੀਲਈ ਨੇ ਕੀਤਾ ਸੀ। ਫਰਾਂਸ ਦੀਆਂ ਗੁਫਾਵਾਂ ਵਿਚ 30000 ਸਾਲ ਪੁਰਾਣੀਆਂ ਪੇਂਟਿੰਗਜ਼ ਵਿਚ ਵੀ 'ਨਾਰਦਰਨ ਲਾਈਟਾਂ' ਦਾ ਜ਼ਿਕਰ ਹੈ।
ਆਓ, ਜਾਣੀਏਂ ਇਹ ਕਿਵੇਂ ਪੈਦਾ ਹੁੰਦੀਆਂ ਹਨ?
ਅਸੀਂ ਜਾਣਦੇ ਹਾਂ ਕਿ ਸਾਡੀ ਧਰਤੀ ਇਕ ਬਹੁਤ ਵੱਡਾ ਚੁੰਬਕ ਹੈ। ਧਰਤੀ ਦਾ ਚੁੰਬਕੀ ਧਰੁਵ ਭੁਗੋਲਿਕ ਉੱਤਰੀ ਅਤੇ ਦੱਖਣੀ ਧਰੁਵ ਭੁਗੋਲਿਕ ਦੱਖਣੀ ਧਰੁਵ 'ਤੇ ਸਥਿਤ ਹੈ। ਜਦੋਂ ਕੋਈ ਚਾਰਜਿਤ ਕਣ ਚੁੰਬਕੀ ਖੇਤਰ ਵਿਚ ਸਮਾਨਾਂਤਰ ਪ੍ਰਵੇਸ਼ ਕਰਦਾ ਹੈ ਤਾਂ ਇਹ ਸਰਲ ਰੇਖਾ ਵਿਚ ਗਤੀ ਕਰਦਾ ਹੈ। ਜੇਕਰ ਇਹ ਚੁੰਬਕੀ ਖੇਤਰ ਦੇ ਲੰਬ ਦਿਸ਼ਾ ਵਿਚ ਪ੍ਰਵੇਸ਼ ਕਰਦਾ ਹੈ ਤਾਂ ਚੱਕਰ ਵਿਚ ਗਤੀ ਕਰਦਾ ਹੈ। ਜੇਕਰ ਚਾਰਜਿਤ ਕਣ ਚੁੰਬਕੀ ਖੇਤਰ ਦੀ ਦਿਸ਼ਾ ਦੇ ਕਿਸੇ ਹੋਰ ਕੋਣ ਤੇ ਪ੍ਰਵੇਸ਼ ਕਰਦਾ ਹੈ ਤਾਂ ਸਪਰਿੰਗ ਵਰਗੇ ਹੈਲੀਕਲ ਮਾਰਗ 'ਤੇ ਗਤੀ ਕਰਦਾ ਹੈ।
ਸੂਰਜ ਅੱਗ ਦਾ ਗਰਮ ਗੋਲਾ ਹੈ ਅਤੇ ਇਸ ਤੋਂ ਉੱਠਣ ਵਾਲੀਆਂ ਸੂਰਜੀ ਲਪਟਾਂ (ਸੋਲਰ ਫਲੇਅਰ) ਜਾਂ ਹਨੇਰੀਆਂ (ਸੋਲਰ ਵਿੰਡਜ਼) ਇਕ ਕੁਦਰਤੀ ਘਟਨਾ ਹੈ ਜਿਸ ਦੌਰਾਨ ਸੂਰਜ ਆਪਣੇ ਬਾਹਰੀ ਵਾਯੂਮੰਡਲ ਜਾਂ ਕੋਰੋਨਾ ਖੇਤਰ ਤੋਂ ਵੱਡੀ ਗਿਣਤੀ ਵਿਚ ਚਾਰਜਿਤ ਕਣ ਇਲੈਕਟ੍ਰਾਨ ਅਤੇ ਪ੍ਰੋਟਾਨ ਛੱਡਦਾ ਹੈ। ਇਸ ਵਰਤਾਰੇ ਨੂੰ 'ਸੋਲਰ ਵਿੰਡ' ਕਿਹਾ ਜਾਂਦਾ ਹੈ। ਧਰਤੀ ਦੇ ਚੁੰਬਕੀ ਖੇਤਰ ਕਾਰਨ ਇਹ ਧਰੁਵਾਂ ਵੱਲ ਚਲੇ ਜਾਂਦੇ ਹਨ।
ਇਨ੍ਹਾਂ ਵਿਚੋਂ ਕੁਝ ਕਣ ਧਰਤੀ ਦੇ ਚੁੰਬਕੀ ਖੇਤਰ ਵਿਚ ਫਸ ਜਾਂਦੇ ਹਨ ਅਤੇ ਹੈਲੀਕਲ ਮਾਰਗ ਵਿਚ ਗਤੀ ਕਰਦੇ ਹਨ। ਵਧੇਰੇ ਚੁੰਬਕੀ ਸਮਰੱਥਾ ਕਾਰਨ ਧਰੁਵਾਂ ਦੇ ਨੇੜੇ ਚੁੰਬਕੀ ਰੇਖਾਵਾਂ ਇਕ ਦੂਜੇ ਦੇ ਬਹੁਤ ਨਜ਼ਦੀਕ ਹੁੰਦੀਆਂ ਹਨ। ਇਨ੍ਹਾਂ ਖੇਤਰਾਂ ਵਿਚ ਚੁੰਬਕੀ ਕਣ ਵਾਯੂਮੰਡਲ ਦੇ ਅਣੂਆਂ ਅਤੇ ਪ੍ਰਮਾਣੂਆਂ ਨਾਲ ਟਕਰਾਉਂਦੇ ਹਨ ਅਤੇ ਉਤੇਜਿਤ ਹੋ ਜਾਂਦੇ ਹਨ। ਜਦੋਂ ਇਹ ਆਪਣੀ ਜ਼ਮੀਨੀ ਸਥਿਤੀ ਵਿਚ ਵਾਪਸ ਆਉਂਦੇ ਹਨ ਤਾਂ ਪ੍ਰਕਾਸ਼ ਛੱਡਦੇ ਹਨ। ਵੱਖ-ਵੱਖ ਤਰ੍ਹਾਂ ਦੇ ਅਣੂਆਂ ਅਤੇ ਪ੍ਰਮਾਣੂਆਂ ਦਾ ਸੋਖਦੇ ਅਤੇ ਰੰਗਾਂ ਦਾ ਸਪੈਕਟ੍ਰਮ ਵੱਖਰਾ ਵੱਖਰਾ ਹੁੰਦਾ ਹੈ। ਸਾਡੇ ਵਾਯੂਮੰਡਲ ਵਿਚ ਆਕਸੀਜਨ ਅਤੇ ਨਾਈਟ੍ਰੋਜਨ ਮੁੱਖ ਗੈਸਾਂ ਹਨ। ਆਕਸੀਜਨ ਦੇ ਅਣੂ ਹਰਾ ਪ੍ਰਕਾਸ਼ ਅਤੇ ਨਾਈਟ੍ਰੋਜਨ ਦੇ ਜਾਮਣੀ, ਨੀਲਾ ਜਾਂ ਗੁਲਾਬੀ ਪ੍ਰਕਾਸ਼ ਛੱਡਦੇ ਹਨ। ਦੱਖਣੀ ਧਰੁਵ ਨੇੜੇ ਇਨ੍ਹਾਂ ਨੂੰ ਦੱਖਣੀ ਲਾਈਟਾਂ (ਔਰੋਰਾ ਆਸਟਰਾਲਿਸ) ਕਿਹਾ ਜਾਂਦਾ ਹੈ। ਨਾਰਵੇ ਦੇ ਵਿਗਿਆਨੀ ਕ੍ਰਿਸਟੀਅਨ ਬਿਰਕੇਲੈਂਡ ਨੇ ਸੁਝਾਅ ਦਿੱਤਾ ਸੀ ਕਿ ਸੂਰਜੀ ਧੱਬਿਆਂ ਵਿਚੋਂ ਨਿਕਲਦੇ ਇਲੈਕਟ੍ਰਾਨ ਉਦੋਂ ਨਾਰਦਰਨ ਲਾਈਟਾਂ ਪੈਦਾ ਕਰਦੇ ਹਨ ਜਦੋਂ ਧਰਤੀ ਦਾ ਚੁੰਬਕੀ ਖੇਤਰ ਇਨ੍ਹਾਂ ਨੂੰ ਧਰੁਵਾਂ ਵੱਲ ਲੈ ਜਾਂਦਾ ਹੈ। ਨਾਰਦਰਨ ਲਾਈਟਾਂ ਕਦੇ ਭੂਮੱਧ ਰੇਖਾ ਦੇ ਖੇਤਰਾਂ ਵਿਚ ਦਿਖਾਈ ਨਹੀਂ ਦਿੰਦੀਆਂ। ਦੇਖਣ ਲਈ ਪੂਰਾ ਹਨੇਰਾ ਹੋਣਾ ਚਾਹੀਦਾ ਹੈ । ਨਾਰਦਰਨ ਲਾਈਟਾਂ ਦੇਖਣ ਲਈ ਸਹੀ ਸਮਾਂ ਸਤੰਬਰ ਤੋਂ ਮਾਰਚ ਦਾ ਹੁੰਦਾ ਹੈ। ਕਈ ਲੋਕ ਇਸ ਨੂੰ ਆਤਮਾਵਾਂ ਦਾ ਨਾਚ ਮੰਨਦੇ ਹਨ ਪਰ ਇਹ ਨਿਰ੍ਹਾ ਵਹਿਮ ਹੈ ਜਿਸਦਾ ਵਿਗਿਆਨ ਨਾਲ ਕੋਈ ਸੰਬੰਧ ਨਹੀਂ।

-ਮੋਬਾਈਲ : 98145-92534

ਪਿਛਲੀ ਖ਼ਬਰ ਦੀਵਾਲੀ 'ਤੇ ਵਿਸ਼ੇਸ਼ ਬਾਲ ਕਵਿਤਾ ਮਿੱਟੀ ਦੇ ਦੀਵੇ ਅਗਲੀ ਖ਼ਬਰ ਪਟਾਕੇ ਨਹੀਂ ਚਲਾਉਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।