ਪ੍ਰਦੂਸ਼ਣ ਰਹਿਤ ਦੀਵਾਲੀ ਮਨਾਓ ਬੱਚਿਓ ।
ਕਦੇ ਭੁੱਲਕੇ ਪਟਾਕੇ ਨਾ ਚਲਾਓ ਬੱਚਿਓ।
ਪ੍ਰਦੂਸ਼ਣ ਰਹਿਤ ...।
ਉਂਜ ਤਾਂ ਮਸ਼ਹੂਰ ਹੈ ਦੀਵਾਲੀ ਅੰਮ੍ਰਿਤਸਰ ਦੀ ।
ਦਾਲ-ਰੋਟੀ ਕਹਿੰਦੇ ਚੰਗੀ ਹੁੰਦੀ ਘਰਦੀ।
ਸਾਰੇ ਪਕਵਾਨ ਘਰ ਵਿਚ ਹੀ ਬਣਵਾਓ ਬੱਚਿਓ ।
ਪ੍ਰਦੂਸ਼ਣ ਰਹਿਤ...।
ਆਤਿਸ਼ਬਾਜ਼ੀ ਨੂੰ ਚਲਾ ਕੇ ਪ੍ਰਦੂਸ਼ਣ ਲਈਏ ਮੁੱਲਦਾ।
ਇਹਦੇ ਨਾਲ ਹਵਾ ਦੇ ਵਿਚ ਜ਼ਹਿਰ ਘੁਲਦਾ।
ਭਿਆਨਕ ਬਿਮਾਰੀਆਂ ਤੋਂ ਕਰ ਲਓ ਬਚਾਓ ਬੱਚਿਓ।
ਪ੍ਰਦੂਸ਼ਣ ਰਹਿਤ...।
ਕਈ ਥਾਈਂ ਪਟਾਕੇ ਕਰ ਜਾਂਦੇ ਨੁਕਸਾਨ ਬਈ ।
ਹੱਥ ਪੈਰ ਸੜ ਜਾਂਦੇ ਚਲੀ ਜਾਂਦੀ ਜਾਨ ਬਈ।
ਮਾੜੀ ਦੁਰਘਟਨਾ ਤੋਂ ਕਰ ਲਓ ਬਚਾਓ ਬੱਚਿਓ ।
ਪ੍ਰਦੂਸ਼ਣ ਰਹਿਤ...।
ਕੋਠੇ ਦੇ ਬਨੇਰੇ ਅਤੇ ਘਰ ਦੀਆਂ ਪੜਛੱਤੀਆਂ ।
ਬਾਲ ਦਿਓ ਚੁਫੇਰੇ ਦੀਵੇ ਅਤੇ ਮੋਮਬੱਤੀਆਂ।
ਦੀਪ ਮਨਾਂ ਦੇ ਜਗਾਕੇ ਨਫ਼ਰਤ ਭਜਾਓ ਬੱਚਿਓ ।
ਪ੍ਰਦੂਸ਼ਣ ਰਹਿਤ...।
ਕਈ ਇਸ ਦਿਨ
ਲਛਮੀ ਦੀ ਪੂਜਾ
ਕਰਦੇ।
ਸਾਰੀ ਰਾਤ ਦਰਵਾਜ਼ੇ
ਖੁੱਲ੍ਹੇ ਰੱਖਣ ਘਰਦੇ।
ਵਹਿਮਾਂ-ਭਰਮਾਂ ਤੋਂ
ਛੁਟਕਾਰਾ ਪਾਓ ਬੱਚਿਓ ।
ਪ੍ਰਦੂਸ਼ਣ ਰਹਿਤ...।
ਜਗਤਾਰ 'ਭੁੱਲਰ' ਮਨਾਊਗਾ
ਦੀਵਾਲੀ ਐਤਕੀਂ ਹਰੀ।
ਸੋਲਾਂ ਆਨੇ ਸੱਚ ਗੱਲ ਚਾਲੀ ਸੇਰ ਜੇ ਖਰੀ।
ਵਾਧੂ ਖਰਚਾਂ 'ਚ ਘਰ ਨਾ ਲੁਟਾਓ ਬੱਚਿਓ ।
ਪ੍ਰਦੂਸ਼ਣ ਰਹਿਤ ...।
-ਜਗਤਾਰ ਸਿੰਘ 'ਭੁੱਲਰ'
ਮੋਬਾਈਲ : 94657-05548