(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਦਾਦਾ ਜੀ ਦੇ ਘਰੋਂ ਨਿਕਲ ਕੇ ਬੱਚਿਆਂ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ, ਜਿਸ ਤਰ੍ਹਾਂ ਉਹ ਕੋਈ ਬੜਾ ਵੱਡਾ ਮੋਰਚਾ ਫ਼ਤਹਿ ਕਰ ਕੇ ਆ ਰਹੇ ਹੋਣ। ਅੱਜ ਦੀ ਕਾਮਯਾਬੀ ਉਹ ਜਲਦੀ ਤੋਂ ਜਲਦੀ ਆਪਣੇ ਘਰਦਿਆਂ ਨੂੰ ਦੱਸਣੀ ਚਾਹੁੰਦੇ ਸਨ। ਕੁਝ ਦੇਰ ਤਾਂ ਉਹ ਦਾਦਾ ਜੀ-ਦਾਦੀ ਜੀ ਦੇ ਖ਼ਿਆਲਾਂ ਵਿਚ ਚੁੱਪ-ਚਾਪ ਤੁਰੀ ਗਏ। ਫੇਰ ਜੱਸ ਨੇ ਚੁੱਪ ਤੋੜਦਿਆਂ ਕਿਹਾ, 'ਮੈਨੂੰ ਥੋੜ੍ਹਾ ਜਿਹਾ ਡਰ ਲੱਗ ਰਿਹਾ ਸੀ ਕਿ ਕਿਤੇ ਦਾਦਾ ਜੀ ਸਾਰਿਆਂ ਦੇ ਘਰ ਆਉਣ ਲਈ ਮਨ੍ਹਾਂ ਨਾ ਕਰ ਦੇਣ।'
'ਨਹੀਂ, ਨਹੀਂ, ਇਹ ਹੋ ਈ ਨਹੀਂ ਸੀ ਸਕਦਾ ਕਿ ਉਹ ਸਾਨੂੰ ਨਾਂਹ ਕਰ ਦੇਣ,' ਸੋਨੂੰ ਨੂੰ ਪੂਰਾ ਯਕੀਨ ਸੀ ਕਿ ਉਹ ਜ਼ਰੂਰ ਆਉਣਗੇ।
ਮੀਕੇ ਅਤੇ ਬਿੱਲੂ ਨੇ ਵੀ ਸੋਨੂੰ ਦੀ ਹਾਂ ਵਿਚ ਹਾਂ ਮਿਲਾਈ। ਉਨ੍ਹਾਂ ਨੂੰ ਵੀ ਦਾਦਾ ਜੀ-ਦਾਦੀ ਜੀ ਵਿਚ ਪੂਰਾ ਵਿਸ਼ਵਾਸ ਸੀ।
ਘਰ ਪਹੁੰਚਣ ਤੋਂ ਪਹਿਲਾਂ ਉਹ ਸ਼ਾਮ ਦੀ ਪੜ੍ਹਾਈ ਦਾ ਪ੍ਰੋਗਰਾਮ ਬਣਾਉਣ ਲੱਗੇ।
-12-
ਐਤਵਾਰ ਵਾਲੇ ਦਿਨ ਆਮ ਤੌਰ 'ਤੇ ਸਾਰੇ ਬੱਚੇ ਕਾਫੀ ਲੇਟ ਉੱਠਦੇ ਹਨ, ਕਿਉਂਕਿ ਉਨ੍ਹਾਂ ਨੂੰ ਸਵੇਰੇ, ਵੇਲੇ ਸਿਰ ਸਕੂਲ ਜਾਣ ਦਾ ਫ਼ਿਕਰ ਨਹੀਂ ਹੁੰਦਾ। ਅੱਜ ਐਤਵਾਰ ਹੋਣ ਦੇ ਬਾਵਜੂਦ, ਚਾਰੇ ਦੋਸਤ ਰੋਜ਼ ਨਾਲੋਂ ਵੀ ਜਲਦੀ ਉੱਠ ਪਏ ਸਨ। ਉਨ੍ਹਾਂ ਸਾਰਿਆਂ ਦੇ ਮਨ ਵਿਚ ਇਕੋ ਗੱਲ ਸੀ ਕਿ ਦਾਦਾ ਜੀ-ਦਾਦੀ ਜੀ ਨੂੰ ਵੇਲੇ ਸਿਰ ਲੈ ਕੇ ਆਉਣਾ ਹੈ। ਉਨ੍ਹਾਂ ਨੂੰ ਦਾਦਾ ਜੀ-ਦਾਦੀ ਜੀ ਨੂੰ ਲਿਆਉਣ ਦੀ ਖ਼ੁਸ਼ੀ ਅਤੇ 'ਕਿਤੇ ਲੇਟ ਨਾ ਹੋ ਜਾਈਏ' ਦੇ ਡਰ ਕਰਕੇ ਸੁਵੱਖ਼ਤੇ ਹੀ ਨੀਂਦਰ ਖੁੱਲ੍ਹ ਗਈ।
ਸਾਰੇ ਹੀ ਬਹੁਤ ਜਲਦੀ ਤਿਆਰ ਹੋ ਕੇ ਬੈਠ ਗਏ। ਸਭ ਤੋਂ ਜ਼ਿਆਦਾ ਫ਼ਿਕਰ ਮੀਕੇ ਨੂੰ ਸੀ। ਉਹ ਆਪ ਤਾਂ ਤਿਆਰ ਹੋ ਕੇ ਬੈਠ ਗਿਆ ਪਰ ਉਸ ਦੇ ਪਾਪਾ ਨੇ ਅਜੇ ਤਿਆਰ ਹੋਣਾ ਸ਼ੁਰੂ ਨਹੀਂ ਸੀ ਕੀਤਾ। ਉਸ ਨੇ ਇਕ-ਦੋ ਵਾਰੀ ਘੜੀ ਵੱਲ ਵੇਖਦਿਆਂ ਪਾਪਾ ਨੂੰ ਹੌਲੀ ਜਿਹੀ ਕਿਹਾ, 'ਪਾਪਾ, ਕਾਫੀ ਵਕਤ ਹੋ ਗਿਐ, ਤੁਸੀਂ ਅਜੇ ਨਹਾਣ ਵੀ ਨਹੀਂ ਗਏ।'
ਪਾਪਾ ਨੇ ਉਸ ਦੀ ਬੇਸਬਰੀ ਵੇਖ ਕੇ ਕਿਹਾ, 'ਮੀਕੇ, ਤੂੰ ਘੜੀ ਮੁੜੀ, ਘੜੀ ਵੱਲ ਨਾ ਵੇਖ, ਅਜੇ ਬੜੀ ਸਵੇਰ ਐ। ਮੈਂ ਤੁਹਾਨੂੰ ਵੇਲੇ ਸਿਰ ਤੁਹਾਡੇ ਦਾਦਾ ਜੀ ਦੇ ਘਰ ਪਹੁੰਚਾ ਦਿਆਂਗਾ।'
ਪਾਪਾ ਦਾ ਜਵਾਬ ਸੁਣ ਕੇ ਮੀਕੇ ਦੀ ਤਸੱਲੀ ਨਹੀਂ ਸੀ ਹੋਈ। ਉਹ ਬੇਚੈਨੀ ਜਿਹੀ ਵਿਚ ਕਮਰੇ ਦੇ ਚੱਕਰ ਕੱਢਣ ਲੱਗਾ।
ਮੀਕੇ ਦੇ ਪਾਪਾ ਨੇ ਆਪਣੇ ਹਿਸਾਬ ਨਾਲ ਨਹਾ ਧੋ ਕੇ ਵੇਲੇ ਸਿਰ ਤਿਆਰ ਹੋ ਜਾਣਾ ਸੀ ਪਰ ਉਹ ਮੀਕੇ ਦੀ ਪ੍ਰੇਸ਼ਾਨੀ ਵੇਖ ਕੇ ਉਸੇ ਵਕਤ ਨਹਾਉਣ ਲਈ ਗ਼ੁਸਲਖਾਨੇ ਚਲੇ ਗਏ। ਪਾਪਾ ਦੇ ਨਹਾਉਣ ਜਾਣ ਤੋਂ ਬਾਅਦ ਮੀਕੇ ਦੀ ਥੋੜ੍ਹੀ ਜਿਹੀ ਤਸੱਲੀ ਹੋ ਗਈ ਅਤੇ ਉਹ ਕੁਰਸੀ 'ਤੇ ਬੈਠ ਗਿਆ।
ਸਾਰੇ ਦੋਸਤਾਂ ਦਾ ਸਵੇਰੇ ਸਵਾ ਦਸ ਵਜੇ ਮੀਕੇ ਦੇ ਘਰ ਇਕੱਠੇ ਹੋਣ ਦਾ ਪ੍ਰੋਗਰਾਮ ਬਣਿਆ ਸੀ। ਪਰ ਤਿੰਨੇ ਦੋਸਤ ਅੱਧਾ ਘੰਟਾ ਪਹਿਲਾਂ ਹੀ ਮੀਕੇ ਦੇ ਘਰ ਪਹੁੰਚ ਗਏ। ਮੀਕੇ ਦੇ ਪਾਪਾ ਉਸ ਵੇਲੇ ਨਹਾ ਕੇ ਨਿਕਲੇ ਹੀ ਸਨ। ਮੀਕਾ ਤਾਂ ਸਵੇਰ ਦਾ ਤਿਆਰ ਬੈਠਾ ਸੀ ਪਰ ਮੀਕੇ ਦੇ ਪਾਪਾ ਨੂੰ ਤਿਆਰ ਨਾ ਹੋਇਆ ਵੇਖ ਕੇ ਸਾਰੇ ਹੈਰਾਨ ਜਿਹੇ ਹੋ ਗਏ। ਮੀਕੇ ਦੇ ਪਾਪਾ ਬੱਚਿਆਂ ਵੱਲ ਵੇਖਦੇ ਹੋਏ ਬੋਲੇ, 'ਬੱਚਿਓ, ਅਜੇ ਸਾਡੇ ਜਾਣ ਵਿਚ ਬਹੁਤ ਵਕਤ ਪਿਆ ਏ। ਤੁਸੀਂ ਸਾਰੇ ਬੈਠ ਕੇ ਗੱਲਾਂ-ਬਾਤਾਂ ਕਰੋ, ਮੈਂ ਤਿਆਰ ਹੋ ਕੇ ਆ ਰਿਹਾਂ।'
'ਪਾਪਾ, ਸਾਨੂੰ ਥੋੜ੍ਹਾ ਪਹਿਲਾਂ ਈ ਜਾਣਾ ਚਾਹੀਦੈ। ਕਈ ਵਾਰੀ ਰਸਤੇ ਵਿਚ ਟ੍ਰੈਫ਼ਿਕ ਬਹੁਤ ਹੁੰਦੈ।'
'ਬੇਟੇ, ਮੈਨੂੰ ਪਤੈ। ਉਹ ਸਾਰਾ 10-12 ਮਿੰਟ ਦਾ ਰਸਤਾ ਏ। ਮੈਂ ਤੁਹਾਨੂੰ ਵਕਤ ਤੋਂ ਪਹਿਲਾਂ ਪਹੁੰਚਾ ਦਿਆਂਗਾ।'
ਪਾਪਾ ਦੀ ਗੱਲ ਸੁਣ ਕੇ ਸਾਰੇ ਬੱਚੇ ਖ਼ੁਸ਼ ਹੋ ਗਏ। ਹੁਣ ਉਹ ਅਗਲੇ ਪ੍ਰੋਗਰਾਮ ਬਾਰੇ ਗੱਲਾਂ ਕਰਨ ਲੱਗੇ। (ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)
-ਮੋਬਾਈਲ : 98889-24664