27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਮੂੰਹ ਵਿਚ ਛਾਲੇ ਕਿਉਂ ਹੁੰਦੇ ਹਨ?

ਅਜੀਤ ਡੈਸਕ 20-06-2025

ਮੂੰਹ ਵਿਚ ਛੋਟੇ-ਛੋਟੇ ਛਾਲੇ ਪੈ ਜਾਣੇ ਜਾਂ ਮੂੰਹ ਫੁੱਲ ਜਾਣਾ ਇਕ ਆਮ ਜਿਹੀ ਬਿਮਾਰੀ ਹੈ। ਮੂੰਹ ਵਿਚ ਛਾਲੇ ਆਮ ਤੌਰ 'ਤੇ ਮਸੂੜਿਆਂ ਉੱਤੇ, ਜੀਭ ਉੱਤੇ, ਬੁੱਲ੍ਹਾਂ ਦੇ ਥੱਲੇ ਜਾਂ ਮੂੰਹ ਦੇ ਦੋਵਾਂ ਕੋਨਿਆਂ ਵਿਚ ਹੋ ਜਾਂਦੇ ਹਨ। ਇਹ ਛਾਲੇ ਮੂੰਹ ਦੀ ਅੰਦਰੂਨੀ ਲਾਗ ਕਰਕੇ ਹੁੰਦੇ ਹਨ।
ਅਲਾਮਤਾਂ : * ਮੂੰਹ ਫੁੱਲਣ ਕਰਕੇ ਮੂੰਹ ਵਿਚ ਦਰਦ ਹੁੰਦੀ ਹੈ। * ਕੁਝ ਖਾਣ ਨੂੰ ਦਿਲ ਨਹੀਂ ਕਰਦਾ। ਖਾਣੇ ਵਿਚ ਨਮਕ ਤੇ ਮਿਰਚ ਤਕਲੀਫ਼ ਦਿੰਦਾ ਹੈ। * ਮੂੰਹ ਵਿਚੋਂ ਹਰ ਵੇਲੇ ਲੇਸ ਵਾਲਾ ਪਾਣੀ ਨਿਕਲਦਾ ਹੈ। * ਮੂੰਹ ਅੰਦਰੋਂ ਚਿੱਟਾ ਜਿਹਾ ਲਗਦਾ ਹੈ ਤੇ ਇਸ ਤਰ੍ਹਾਂ ਲਗਦਾ ਹੈ ਕਿ ਮੂੰਹ ਵਿਚ ਉੱਲੀ ਲੱਗੀ ਹੋਵੇ।
ਕਾਰਨ : * ਜਦੋਂ ਮੂੰਹ ਦੀ ਸਫ਼ਾਈ ਨਾ ਹੋਵੇ ਤਾਂ ਕਈ ਤਰ੍ਹਾਂ ਦੇ ਕੀਟਾਣੂ ਸਾਡੇ ਖਾਣੇ ਨਾਲ ਮੂੰਹ ਵਿਚ ਇਕੱਠੇ ਹੋ ਜਾਂਦੇ ਹਨ। ਮੂੰਹ ਵਿਚੋਂ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤਰਲ ਪਦਾਰਥ ਨਮੀ ਦੇ ਰੂਪ ਵਿਚ ਮਿਲ ਜਾਂਦੇ ਹਨ ਜਿਥੇ ਉਹ ਪਨਪਦੇ ਹਨ। * ਜਦੋਂ ਕੋਈ ਆਦਮੀ ਕਮਜ਼ੋਰ ਜਾਂ ਬਿਮਾਰ ਹੁੰਦਾ ਹੈ ਤਾਂ ਉਹ ਮੂੰਹ ਦੀ ਸਫ਼ਾਈ ਠੀਕ ਤਰ੍ਹਾਂ ਨਹੀਂ ਕਰ ਸਕਦਾ ਜਾਂ ਉਸ ਵਿਚ ਕੀਟਾਣੂਆਂ ਨਾਲ ਲੜਨ ਦੀ ਤਾਕਤ ਨਹੀਂ ਹੁੰਦੀ, ਜਿਸ ਕਾਰਨ ਮੂੰਹ ਅੰਦਰਲੀ ਝਿੱਲੀ ਕਮਜ਼ੋਰ ਹੋ ਜਾਂਦੀ ਹੈ ਤੇ ਬੈਕਟੀਰੀਆ ਕਰਕੇ ਉਸ 'ਤੇ ਛਾਲੇ ਪੈ ਜਾਂਦੇ ਹਨ। * ਬੀ-ਕੰਪਲੈਕਸ ਜਾਂ ਲੋਹੇ ਦੀ ਕਮੀ ਕਰਕੇ ਜ਼ੀਭ ਲਾਲ ਹੋ ਜਾਂਦੀ ਹੈ ਤੇ ਮੂੰਹ ਦੇ ਦੋਵਾਂ ਕੋਨਿਆਂ ਦਾ ਮਾਸ ਫੁੱਲ ਜਾਂਦਾ ਹੈ ਤੇ ਮੂੰਹ ਦੇ ਅੰਦਰ ਸੋਜਿਸ਼ ਹੋ ਜਾਂਦੀ ਹੈ।
ਮੂੰਹ ਵਿਚ ਉੱਲੀ ਲੱਗਣਾ : ਇਹ ਖ਼ਾਸ ਕਰਕੇ ਬੱਚਿਆਂ, ਬੁੱਢਿਆਂ, ਬਿਮਾਰਾਂ ਤੇ ਕਮਜ਼ੋਰਾਂ ਵਿਚ ਹੁੰਦੀ ਹੈ। ਤੇਜ਼ ਐਂਟੀਬਾਇਓਟਿਕ ਤੇ ਸਟੀਰਾਇਡ ਦਵਾਈਆਂ ਦੀ ਜ਼ਿਆਦਾ ਵਰਤੋਂ ਕਰਨ ਕਰਕੇ ਹੌਲੀ-ਹੌਲੀ ਜੀਭ ਤੇ ਮਸੂੜਿਆਂ ਦੀ ਅੰਦਰਲੀ ਝਿੱਲੀ ਫੁੱਲ ਕੇ ਉੱਖੜ ਜਾਂਦੀ ਹੈ, ਜਿਸ ਕਰਕੇ ਜ਼ਖ਼ਮ ਹੋ ਜਾਂਦੇ ਹਨ। ਹੌਲੀ-ਹੌਲੀ ਇਹ ਗਲੇ ਦੀ ਨਾਲੀ ਤੱਕ ਚਲੇ ਜਾਂਦੇ ਹਨ। * ਬੱਚਿਆਂ ਤੇ ਬੁੱਢਿਆਂ ਨੂੰ ਖਾਣ ਵਿਚ ਬੜੀ ਮੁਸ਼ਕਿਲ ਆਉਂਦੀ ਹੈ। ਬੱਚੇ ਦਾ ਮੂੰਹ ਅੰਦਰੋਂ ਚਿੱਟਾ ਹੋ ਜਾਂਦਾ ਹੈ ਤੇ ਉਹ ਦੁੱਧ ਤੱਕ ਨਹੀਂ ਪੀ ਸਕਦੀ। * ਕਈ ਵਾਰ ਬੱਚੇ ਨੂੰ ਭੁੱਖ ਨਾ ਲੱਗਣ 'ਤੇ ਬਹੁਤ ਰੋਣ ਕਰਕੇ ਡਾਕਟਰ ਕੋਲ ਲਿਆਉਣਾ ਪੈਂਦਾ ਹੈ ਤੇ ਬੱਚੇ ਦਾ ਮੂੰਹ ਚੰਗੀ ਤਰ੍ਹਾਂ ਚੈਕ ਕਰਕੇ ਇਸ ਬਿਮਾਰੀ ਦਾ ਪਤਾ ਲਗਾਇਆ ਜਾਂਦਾ ਹੈ।
ਮੂੰਹ ਦੇ ਛਾਲੇ : ਅਪੈਥੱਸ ਅਲਸਰ - ਇਹ ਇਕ ਆਮ ਬਿਮਾਰੀ ਹੈ। ਸ਼ੁਰੂ-ਸ਼ੁਰੂ ਵਿਚ ਛੋਟੇ-ਛੋਟੇ ਇਕ ਜਾਂ ਦੋ ਛਾਲੇ ਹੁੰਦੇ ਹਨ, ਫਿਰ ਇਨ੍ਹਾਂ ਵਿਚ ਪਾਣੀ ਭਰ ਜਾਂਦਾ ਹੈ। ਫਿਰ ਇਹ ਫਟ ਕੇ ਜ਼ਖ਼ਮ ਬਣ ਜਾਂਦੇ ਹਨ ਤੇ ਮੂੰਹ ਵਿਚ ਜੀਭ 'ਤੇ ਜਾਂ ਬੁੱਲ੍ਹਾਂ ਥੱਲੇ ਦੋ ਤਿੰਨ ਅਲਸਰ ਨਜ਼ਰ ਆਉਂਦੇ ਹਨ। ਇਹ ਲਾਲ ਜਿਹੇ ਜ਼ਖ਼ਮ ਨਜ਼ਰ ਆਉਂਦੇ ਹਨ ਤੇ ਬਹੁਤ ਦਰਦ ਕਰਦੇ ਹਨ।
ਕਾਰਨ : ਇਹ ਜ਼ਿਆਦਾ ਕਰਕੇ ਪੇਟ ਦੀਆਂ ਬਿਮਾਰੀਆਂ, ਚਿੰਤਾ, ਜਿਗਰ ਦੀ ਤਕਲੀਫ਼, ਕਬਜ਼ ਜਾਂ ਲਿਵਰ ਦੀ ਕਮਜ਼ੋਰੀ ਕਰਕੇ ਹੁੰਦੇ ਹਨ। ਕਈ ਵਾਰੀ ਇਹ ਬਿਮਾਰੀ ਐਲਰਜੀ ਕਰਕੇ ਹੁੰਦੀ ਹੈ। ਕਈ ਲੋਕਾਂ ਨੂੰ ਟੁੱਥਪੇਸਟ ਜਾਂ ਮੰਜਨ ਤੋਂ ਐਲਰਜੀ ਹੁੰਦੀ ਹੈ। ਕਈ ਪ੍ਰਕਾਰ ਦੀਆਂ ਚਮੜੀ ਦੀਆਂ ਤਕਲੀਫ਼ਾਂ ਕਰਕੇ ਵੀ ਮੂੰਹ ਦੇ ਅੰਦਰ ਛਾਲੇ ਹੋ ਜਾਂਦੇ ਹਨ।
ਇਲਾਜ : ਇਨ੍ਹਾਂ ਸਾਰੀਆਂ ਤਕਲੀਫ਼ਾਂ ਵਿਚ ਫ਼ਿਕਰ ਕਰਨ ਵਾਲੀ ਕੋਈ ਗੱਲ ਨਹੀਂ ਹੁੰਦੀ। ਕਦੀ ਵੀ ਮੂੰਹ ਵਿਚ ਛਾਲਿਆਂ ਦਾ ਇਲਾਜ ਆਪ ਨਹੀਂ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਮੂੰਹ ਫੁੱਲਣ ਦਾ ਕਾਰਨ ਲੱਭ ਕੇ ਉਸ ਦਾ ਇਲਾਜ ਸ਼ੁਰੂ ਕਰੋ। ਇਸ ਬਿਮਾਰੀ ਦੇ ਮੁੱਖ ਕਾਰਨ ਜੋ ਉੱਪਰ ਲਿਖੇ ਹਨ, ਉਨ੍ਹਾਂ ਸਭ ਦਾ ਇਲਾਜ ਅਲੱਗ-ਅਲੱਗ ਹੈ।

ਪਿਛਲੀ ਖ਼ਬਰ ਗੋਡੇ ਬਦਲੀ ਕਰਾਉਣ ਵਾਲੇ ਮਰੀਜ਼ਾਂ ਵਾਸਤੇ ਜ਼ਰੂਰੀ ਸੂਚਨਾ ਅਗਲੀ ਖ਼ਬਰ ਆਓ, ਨਸ਼ੇ ਛੱਡੀਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।