19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸਾਈਬਰ ਅਪਰਾਧ

ਅਜੀਤ ਡੈਸਕ 24-10-2025

ਇਕ ਬਜ਼ੁਰਗ ਅੰਕਲ ਮੇਰੇ ਵਾਕਿਫ਼ਕਾਰ ਹਨ, ਜਿਨ੍ਹਾਂ ਦੀ ਉਮਰ 91 ਸਾਲ ਤੋਂ ਵੀ ਵੱਧ ਹੈ ਪਰ ਉਹ ਸਰੀਰਕ ਤੇ ਮਾਨਸਿਕ ਪੱਖੋਂ ਪੂਰੀ ਤਰ੍ਹਾਂ ਨਾਲ ਤੰਦਰੁਸਤ ਹਨ, ਚੁਸਤ-ਦਰੁਸਤ ਹਨ ਤੇ ਇਸ ਉਮਰ ਵਿਚ ਵੀ ਆਪ ਸਕੂਟਰੀ ਚਲਾਉਂਦੇ ਹਨ। ਬਾਜ਼ਾਰ ਨੂੰ ਆਉਂਦੇ-ਜਾਂਦੇ ਉਨ੍ਹਾਂ ਨੂੰ ਆਮ ਤੌਰ 'ਤੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੀ ਜੀਵਨ-ਸ਼ੈਲੀ ਅੱਜ ਦੀ ਨੌਜਵਾਨ ਪੀੜ੍ਹੀ ਲਈ ਇਕ ਪ੍ਰੇਰਣਾ ਸਰੋਤ ਹੈ। ਇਕ ਦਿਨ ਮੈਂ ਕੋਈ ਜਾਣਕਾਰੀ ਲੈਣੀ ਸੀ ਤਾਂ ਉਨ੍ਹਾਂ ਨੂੰ ਵਾਰ-ਵਾਰ ਫ਼ੋਨ ਕਰਨ 'ਤੇ ਵੀ ਉਨ੍ਹਾਂ ਮੇਰਾ ਫ਼ੋਨ ਨਹੀਂ ਸੁਣਿਆ, ਜੋ ਮੇਰੇ ਲਈ ਚਿੰਤਾ ਦਾ ਵਿਸ਼ਾ ਬਣ ਗਿਆ। ਕੁਝ ਦਿਨ ਬੀਤ ਗਏ ਤਾਂ ਅਚਾਨਕ ਉਨ੍ਹਾਂ ਨਾਲ ਮੇਲ ਹੋ ਗਿਆ ਤਾਂ ਉਨ੍ਹਾਂ ਨੂੰ ਰਾਜ਼ੀ ਖੁਸ਼ੀ ਪੁੱਛਣ ਤੋਂ ਬਾਅਦ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਮੈਂ ਫ਼ਲਾਣੇ ਦਿਨ ਉਨ੍ਹਾਂ ਨੂੰ ਉਨ੍ਹਾਂ ਦੇ ਮੋਬਾਈਲ 'ਤੇ ਕਈ ਫ਼ੋਨ ਲਾਏ ਪਰ ਤੁਸੀਂ ਸੁਣਿਆ ਨਹੀਂ। ਮੇਰੇ ਇਸ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਦੱਸਿਆ ਕਿ ਉਹ ਅੱਜ-ਕੱਲ੍ਹ ਫ਼ੋਨ ਨਹੀਂ ਸੁਣਦੇ। ਸਿਰਫ਼ ਫ਼ੋਨ ਕਰਦੇ ਹੀ ਹਨ। ਮੇਰੇ ਵਲੋਂ ਕਾਰਨ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਸਾਈਬਰ ਧੋਖਾਧੜੀ ਹੋਣ ਲੱਗੀ ਸੀ, ਮਸ੍ਹੀਂ ਕਿਤੇ ਉਨ੍ਹਾਂ ਦਾ ਬਚਾਅ ਹੋਇਆ।
ਮੇਰੇ ਵਲੋਂ ਉਨ੍ਹਾਂ ਨਾਲ ਹੋਈ ਸਾਈਬਰ ਧੋਖਾਧੜੀ ਸੰਬੰਧੀ ਘਟਨਾ ਬਾਰੇ ਜਾਨਣ 'ਤੇ ਉਨ੍ਹਾਂ ਦੱਸਿਆ ਕਿ ਇਕ ਦਿਨ ਉਹ ਬੈਂਕ ਵਿਚ ਲੱਗੇ ਏ. ਟੀ. ਐਮ. ਤੋਂ ਪੈਸੇ ਕਢਵਾਉਣ ਲਈ ਗਿਆ। ਜਦੋਂ ਉਹ ਪੈਸੇ ਕਢਵਾਉਣ ਲਈ ਏ. ਟੀ. ਐਮ. ਕਮਰੇ 'ਚ ਗਿਆ ਤਾਂ ਉਸ ਦੇ ਮਗਰ ਦੋ ਨੌਜਵਾਨ ਲੜਕੇ ਵੀ ਆ ਗਏ ਪਰ ਉਸ ਨੇ ਉਨ੍ਹਾਂ ਲੜਕਿਆਂ ਨੂੰ ਕਿਹਾ ਕਿ ਏ. ਟੀ. ਐਮ. ਕਮਰੇ ਵਿਚ ਇਕ ਸਮੇਂ ਸਿਰਫ਼ ਇਕ ਵਿਅਕਤੀ ਹੀ ਦਾਖ਼ਲ ਹੋ ਸਕਦਾ ਹੈ ਤਾਂ ਲੜਕਿਆਂ ਨੇ ਜਵਾਬ 'ਚ ਕਿਹਾ ਕਿ ਕੋਈ ਗੱਲ ਨਹੀਂ ਅੰਕਲ ਜੀ, ਤੁਸੀਂ ਪੈਸੇ ਕਢਾਉਣੇ ਹਨ ਕਢਵਾ ਲਵੋ, ਉਨ੍ਹਾਂ ਨੇ ਤਾਂ ਨਾਲ ਲੱਗੀ ਮਸ਼ੀਨ 'ਤੇ ਆਪਣੀ ਬੈਂਕ ਪਾਸ-ਬੁੱਕ ਪ੍ਰਿੰਟ ਕਰਨੀ ਹੈ। ਜਦੋਂ ਉਹ ਪੈਸੇ ਕਢਵਾ ਕੇ ਏ. ਟੀ. ਐਮ. ਕਮਰੇ 'ਚੋਂ ਬਾਹਰ ਨਿਕਲਿਆ ਤਾਂ ਉਸ ਨੂੰ ਲੜਕਿਆਂ ਨੇ ਪਿੱਛੋਂ ਆਵਾਜ਼ ਮਾਰ ਕੇ ਕਿਹਾ ਕਿ ਅੰਕਲ ਜੀ, ਤੁਸੀਂ ਪੈਸੇ ਕਢਵਾਉਣ ਵਾਲੀ ਮਸ਼ੀਨ ਤਾਂ ਬੰਦ ਨਹੀਂ ਕੀਤੀ, ਮਸ਼ੀਨ ਚੱਲਦੀ ਹੀ ਰਹਿ ਗਈ, ਆਪਣਾ ਏ. ਟੀ. ਐਮ. ਦਿਓ ਮਸ਼ੀਨ ਬੰਦ ਕਰ ਦੇਈਏ। ਉਹ ਇਕ ਦਮ ਘਬਰਾ ਗਿਆ ਤੇ ਉਨ੍ਹਾਂ ਲੜਕਿਆਂ ਨੂੰ ਏ. ਟੀ. ਐਮ. ਕਾਰਡ ਦੇ ਦਿੱਤਾ ਤੇ ਖ਼ੁਦ ਉਹ ਲੜਕਿਆਂ ਦੇ ਪਿੱਛੇ ਏ. ਟੀ. ਐਮ ਕਮਰੇ 'ਚ ਚਲਾ ਗਿਆ।
ਉਨ੍ਹਾਂ ਦੋਹਾਂ ਲੜਕਿਆਂ 'ਚੋਂ ਇਕ ਨੇ ਏ. ਟੀ. ਐਮ. ਕਾਰਡ ਮਸ਼ੀਨ ਵਿਚ ਪਾਇਆ ਤੇ ਕਿਹਾ ਕੇ ਮਸ਼ੀਨ ਏ. ਟੀ. ਐਮ. ਦਾ ਪਿੰਨ ਨੰਬਰ ਮੰਗਦੀ ਹੈ ਤਾਂ ਉਸ ਨੇ ਲੜਕਿਆਂ ਨੂੰ ਏ. ਟੀ. ਐਮ. ਦਾ ਪਿੰਨ ਨੰਬਰ ਵੀ ਦੱਸ ਦਿੱਤਾ। ਇਸ ਮਗਰੋਂ ਉਹ ਦੋਵੇਂ ਲੜਕੇ ਫੁਰਤੀ ਨਾਲ ਮੈਨੂੰ ਕਾਰਡ ਫੜਾ ਕੇ ਕਾਹਲੀ ਨਾਲ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ। ਜਦੋਂ ਉਹ ਏ. ਟੀ. ਐਮ. ਕਮਰੇ 'ਚੋਂ ਬਾਹਰ ਆਇਆ ਤਾਂ ਉਸ ਵੱਲ ਦੋ ਲੜਕੀਆਂ ਭੱਜੀਆਂ ਆਈਆਂ। ਉਨ੍ਹਾਂ ਲੜਕੀਆਂ ਨੇ ਕਿਹਾ ਕਿ ਅੰਕਲ ਜੀ, ਤੁਹਾਡੇ ਨਾਲ ਧੋਖਾ 'ਫ਼ਰਾਡ' ਹੋ ਗਿਆ ਹੈ, ਉਹ ਦੋਵੇਂ ਲੜਕੇ ਤੁਹਾਡੇ ਨਾਲ ਧੋਖਾ ਕਰ ਗਏ, ਆਪਣਾ ਏ. ਟੀ. ਐਮ. ਦੇਖੋ। ਜਦੋਂ ਉਸ ਨੇ ਏ. ਟੀ. ਐਮ. ਦੇਖਿਆ ਤਾਂ ਸੱਚੀਂ ਉਹ ਏ. ਟੀ. ਐਮ. ਉਸ ਦਾ ਨਹੀਂ ਸੀ। ਲੜਕੀਆਂ ਵਲੋਂ ਸਲਾਹ ਦੇਣ 'ਤੇ ਉਹ ਉਨ੍ਹਾਂ ਨਾਲ ਬੈਂਕ ਵਿਚ ਚਲਾ ਗਿਆ। ਇਕ ਪੁਲਿਸ ਮੁਲਾਜ਼ਮ ਜਿਸ ਨੇ ਇਹ ਘਟਨਾ ਦੇਖੀ, ਉਹ ਵੀ ਮਦਦ ਲਈ ਆ ਗਿਆ। ਬੈਂਕ ਦੀ ਕਰਮਚਾਰੀ ਨੇ ਉਸ ਦੀ ਬੈਂਕ ਪਾਸ-ਬੁੱਕ ਦੇਖ ਕੇ ਦਿਲਚਸਪੀ ਦਿਖਾਉਂਦੇ ਹੋਏ ਮਿੰਟਾਂ-ਸੈਕਿੰਡਾਂ 'ਚ ਹੀ ਏ.ਟੀ.ਐਮ. ਕਾਰਡ ਬੰਦ ਕਰ ਦਿੱਤਾ ਅਤੇ ਨਵਾਂ ਕਾਰਡ ਪ੍ਰਾਪਤ ਕਰਨ ਲਈ ਕਾਰਵਾਈ ਕਰ ਦਿੱਤੀ, ਜੋ ਬਾਅਦ 'ਚ ਉਸ ਨੂੰ ਮਿਲ ਗਿਆ ਸੀ। ਇਸ ਤਰ੍ਹਾਂ ਉਸ ਦਾ ਕਿਸੇ ਵੀ ਤਰ੍ਹਾਂ ਦੇ ਵਿੱਤੀ ਨੁਕਸਾਨ ਤੋਂ ਬਚਾਅ ਹੋ ਗਿਆ। ਅੰਕਲ ਜੀ ਨੇ ਦੱਸਿਆ ਕਿ ਹੁਣ ਜਦ ਵੀ ਉਹ ਬੈਂਕ ਜਾਂ ਏ. ਟੀ. ਐਮ. ਜਾਂਦਾ ਹੈ ਤਾਂ ਘਰ ਦਾ ਕੋਈ ਨਾ ਕੋਈ ਮੈਂਬਰ ਨਾਲ ਲੈ ਕੇ ਹੀ ਜਾਂਦਾ ਹੈ ਤਾਂ ਕਿ ਉਸ ਨਾਲ ਫੇਰ ਕੋਈ ਸਾਈਬਰ ਅਪਰਾਧ ਦੀ ਘਟਨਾ ਨਾ ਵਾਪਰੇ।
ਅੰਕਲ ਜੀ ਦੀ ਇਹ ਸਾਈਬਰ ਅਪਰਾਧ ਵਾਲੀ ਘਟਨਾ ਸੁਣ ਕੇ ਮੈਂ ਹੈਰਾਨ ਵੀ ਹੋ ਗਿਆ ਅਤੇ ਸੋਚਾਂ ਵਿਚ ਪੈ ਗਿਆ ਕਿ ਅੱਜ ਦੀ ਇਹ ਨੌਜਵਾਨ ਪੀੜ੍ਹੀ ਕਿਹੜੇ ਰਾਹੇ ਪੈ ਗਈ ਹੈ, ਜਿਸ ਨੇ ਇਸ ਉਮਰ ਵਿਚ ਉਚੇਰੀਆਂ ਪੜ੍ਹਾਈਆਂ-ਲਿਖਾਈਆਂ ਕਰਨੀਆਂ ਹਨ ਤੇ ਬੁਲੰਦੀਆਂ ਛੂਹਣੀਆਂ ਹਨ, ਕਿਹੜੇ ਮਾੜੇ ਅਪਰਾਧਿਕ ਕੰਮਾਂ 'ਚ ਪੈ ਚੁੱਕੀ ਹੈ। ਇਸ ਅਤਿ ਦੇ ਮਾੜੇ ਵਰਤਾਰੇ ਨੂੰ ਰੋਕਣ ਲਈ ਜਿੱਥੇ ਸਰਕਾਰ ਅਤੇ ਨੌਜਵਾਨ ਬੱਚਿਆਂ ਦੇ ਮਾਪਿਆਂ ਨੂੰ ਸੁਹਿਰਦ ਹੋਣ ਦੀ ਲੋੜ ਹੈ, ਉੱਥੇ ਸਮਾਜ ਨੂੰ ਵੀ ਇਨ੍ਹਾਂ ਤੋਂ ਚੁਕੰਨੇ ਰਹਿਣ ਦੀ ਲੋੜ ਹੈ।

-ਮਕਾਨ ਨੰਬਰ-28, ਮਾਊਂਟ ਐਵਿਨਿਊ, ਬਲਾਕ-ਏ, ਫ਼ਗਵਾੜਾ ਰੋਡ, ਹੁਸ਼ਿਆਰਪੁਰ-146001
ਮੋਬਾ: 94638-54209

ਪਿਛਲੀ ਖ਼ਬਰ ਦੇਸ਼ ਵਿਚ ਘਟ ਰਹੀ ਹੈ ਘੱਟ ਗਿਣਤੀਆਂ ਦੀ ਪ੍ਰਤੀਨਿਧਤਾ ਅਗਲੀ ਖ਼ਬਰ ਪੰਜਾਬ ਦਾ ਸੰਘਰਸ਼ ਤੇ ਨਾਗਾ ਅੰਦੋਲਨ ਦਾ ਸਫ਼ਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।