01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ

ਅਜੀਤ ਡੈਸਕ 06-11-2025

ਸਮੇਂ-ਸਮੇਂ ਇਤਿਹਾਸ ਵਿਚ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਮਨਾਂ ਵਿਚ ਗਹਿਰੀਆਂ ਉੱਤਰ ਜਾਂਦੀਆਂ ਹਨ ਤੇ ਉਨ੍ਹਾਂ ਦੀ ਯਾਦ ਸਦਾ ਬਣੀ ਰਹਿੰਦੀ ਹੈ। 41 ਸਾਲ ਪਹਿਲਾਂ ਦੇਸ਼ ਵਿਚ ਵਾਪਰੇ ਸਿੱਖ ਵਿਰੋਧੀ ਦੰਗਿਆਂ ਦੀ ਯਾਦ ਚਾਰ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਉਸੇ ਤਰ੍ਹਾਂ ਦਿਲਾਂ ਵਿਚ ਬਣੀ ਰਹੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਪੰਜਾਬ ਦੀ ਧਾਰਮਿਕ ਤੇ ਰਾਜਨੀਤਕ ਸਥਿਤੀ ਵਿਚ ਜਿਸ ਤਰ੍ਹਾਂ ਉੱਭਰ ਕੇ ਸਾਹਮਣੇ ਆਏ, ਉਸ ਤੋਂ ਬਾਅਦ ਪੰਜਾਬ ਵਿਚ ਜਿਸ ਤਰ੍ਹਾਂ ਦਾ ਹਿੰਸਕ ਘਟਨਾਚੱਕਰ ਵਾਪਰਿਆ, ਜਿਸ ਤਰ੍ਹਾਂ ਉਸ ਸਮੇਂ ਦੇ ਪ੍ਰਤੀਨਿਧ ਅਕਾਲੀ ਦਲ ਦੇ ਨਾਲ-ਨਾਲ ਹੋਰ ਸਿਆਸੀ ਪਾਰਟੀਆਂ ਵੀ ਹਾਸ਼ੀਏ 'ਤੇ ਜਾ ਖੜ੍ਹੀਆਂ ਹੋਈਆਂ, ਇਹ ਸਭ ਕੁਝ ਹੁਣ ਇਤਿਹਾਸ ਦਾ ਹਿੱਸਾ ਹੈ। ਪਵਿੱਤਰ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਵੀ ਕੀ ਕੁਝ ਅਣਚਾਹਿਆ ਵਾਪਰਦਾ ਰਿਹਾ ਅਤੇ ਅਖ਼ੀਰ ਇਸ ਸਾਰੇ ਵਰਤਾਰੇ ਤੋਂ ਬਾਅਦ ਕਿਸ ਤਰ੍ਹਾਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਇਸ਼ਾਰੇ 'ਤੇ ਦਰਬਾਰ ਸਾਹਿਬ 'ਚ ਫ਼ੌਜ ਭੇਜੀ ਗਈ ਅਤੇ ਭਿਆਨਕ ਤਬਾਹੀ ਦੇ ਮੰਜ਼ਰ ਦੇਖਣ ਨੂੰ ਮਿਲੇ, ਇਹ ਉਸ ਸਮੇਂ ਵਾਪਰਿਆ ਅਜਿਹਾ ਵਰਤਾਰਾ ਸੀ, ਜਿਸ ਸੰਬੰਧੀ ਹੁਣ ਤੱਕ ਬਹੁਤ ਕੁਝ ਬੋਲਿਆ ਤੇ ਲਿਖਿਆ ਗਿਆ ਹੈ।
ਆਉਣ ਵਾਲੇ ਸਮੇਂ 'ਚ ਵੀ ਇਸ ਬਾਰੇ ਆਪੋ-ਆਪਣੇ ਪ੍ਰਭਾਵਾਂ ਅਨੁਸਾਰ ਲਿਖਿਆ ਤੇ ਬੋਲਿਆ ਜਾਂਦਾ ਰਹੇਗਾ। ਇਤਿਹਾਸ ਦੇ ਪੰਨਿਆਂ 'ਤੇ ਦਰਜ ਹੋ ਚੁੱਕੇ ਇਸ ਤਬਾਹਕੁੰਨ ਤੇ ਦੁਖਦਾਈ ਘਟਨਾਕ੍ਰਮ ਸੰਬੰਧੀ ਵੱਖ-ਵੱਖ ਪੱਖਾਂ 'ਤੇ ਲਗਾਤਾਰ ਵਿਸ਼ਲੇਸ਼ਣ ਕੀਤੇ ਜਾਂਦੇ ਰਹਿਣਗੇ। ਇਸ ਤੋਂ ਪਿੱਛੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ ਹੀ ਦੋ ਸੁਰੱਖਿਆ ਗਾਰਡਾਂ ਵਲੋਂ ਗੋਲੀ ਮਾਰੇ ਜਾਣ ਤੋਂ ਬਾਅਦ ਦੇਸ਼ ਭਰ ਵਿਚ ਸਿੱਖਾਂ ਪ੍ਰਤੀ ਜੋ ਗਿਣੀ-ਮਿੱਥੀ ਸਾਜਿਸ਼ ਤਹਿਤ ਹਿੰਸਕ ਕਾਰੇ ਕੀਤੇ ਗਏ, ਉਹ ਬੇਹੱਦ ਦੁਖਦਾਈ ਘਟਨਾਕ੍ਰਮ ਸੀ, ਜਿਸ ਦੀ ਦਰਦਮਈ ਯਾਦ ਵੀ ਹਮੇਸ਼ਾ ਲਈ ਇਤਿਹਾਸ ਦੇ ਪੰਨਿਆਂ 'ਤੇ ਦਰਜ ਹੋ ਗਈ ਹੈ। ਬਿਨਾਂ ਸ਼ੱਕ ਇਸ ਘਟਨਾਕ੍ਰਮ ਨੇ ਭਾਰਤੀ ਲੋਕਤੰਤਰ ਨੂੰ ਸ਼ਰਮਸਾਰ ਕੀਤਾ ਸੀ। ਉਸ ਸਮੇਂ ਹਜ਼ਾਰਾਂ ਸਿੱਖਾਂ ਦਾ ਅਣਮਨੁੱਖੀ ਢੰਗ ਨਾਲ ਕਤਲੇਆਮ ਹੋਇਆ। ਉਨ੍ਹਾਂ ਦੀ ਅਰਬਾਂ ਦੀ ਜਾਇਦਾਦ ਅਤੇ ਘਰ-ਬਾਰ ਫੂਕੇ ਗਏ। ਇਸ ਤੋਂ ਵੀ ਸ਼ਰਮਨਾਕ ਗੱਲ ਇਹ ਹੈ ਕਿ ਅਜਿਹਾ ਸਭ ਕੁਝ ਗਿਣੀ ਮਿੱਥੀ ਸਾਜ਼ਿਸ਼ ਅਧੀਨ ਹੋਇਆ। ਅੱਜ ਤੱਕ ਵੀ ਲੱਖ ਯਤਨਾਂ ਦੇ ਬਾਵਜੂਦ ਇਸ ਵੱਡੀ ਬੇਇਨਸਾਫ਼ੀ ਦਾ ਸੰਤੁਸ਼ਟੀਜਨਕ ਢੰਗ ਨਾਲ ਹਿਸਾਬ-ਕਿਤਾਬ ਨਹੀਂ ਹੋ ਸਕਿਆ ਅਤੇ ਨਾ ਹੀ ਦੋਸ਼ੀਆਂ ਨੂੰ ਇਸ ਲਈ ਵੱਡੀਆਂ ਸਜ਼ਾਵਾਂ ਦਿੱਤੀਆਂ ਜਾ ਸਕੀਆਂ। ਚਾਹੇ ਕੇਂਦਰ ਦੀ ਭਾਜਪਾ ਸਰਕਾਰ ਨੇ ਇਸ ਸੰਬੰਧੀ ਦਿਆਨਤਦਾਰੀ ਨਾਲ ਹੀ ਕਾਰਵਾਈਆਂ ਜ਼ਰੂਰ ਜਾਰੀ ਰੱਖੀਆਂ ਹਨ ਪਰ ਬਹੁਤਾ ਸਮਾਂ ਬੀਤ ਜਾਣ ਕਰਕੇ ਅਤੇ ਉਸ ਸਮੇਂ ਦੇ ਸਬੂਤਾਂ ਨੂੰ ਮਿਟਾ ਦਿੱਤੇ ਜਾਣ ਕਰਕੇ ਬਹੁਤ ਸਾਰੇ ਕਾਤਲ ਇਨਸਾਫ਼ ਦੇ ਘੇਰੇ 'ਚੋਂ ਬਾਹਰ ਨਿਕਲ ਜਾਣ ਵਿਚ ਕਾਮਯਾਬ ਹੋਏ। ਪਰ ਹਾਲੇ ਤੱਕ ਵੀ ਉਸ ਸਮੇਂ ਦੇ ਦੁਖਦਾਈ ਵਰਤਾਰੇ ਦੇ ਇਨਸਾਫ਼ ਲਈ ਕਈ ਧਿਰਾਂ ਵਲੋਂ ਯਤਨ ਜਾਰੀ ਰੱਖੇ ਗਏ ਹਨ। ਇਨ੍ਹਾਂ ਦੰਗਿਆਂ ਵਿਚ ਜਾਨੀ ਨੁਕਸਾਨ ਦੇ ਨਾਲ-ਨਾਲ ਜੋ ਹੋਰ ਉਜਾੜਾ ਹੋਇਆ, ਜਿਸ ਤਰ੍ਹਾਂ ਲੋਕ ਘਰੋਂ ਬੇਘਰ ਹੋਏ ਤੇ ਸਭ ਕੁਝ ਤੋਂ ਊਣੇ ਹੋ ਗਏ, ਉਸ ਦੇ ਦਰਦ ਦੀ ਇਕ ਲੰਬੀ ਦਾਸਤਾਨ ਹੈ, ਜਿਸ ਵਿਚਲਾ ਹਰ ਘਟਨਾਕਰਮ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹੈ। ਪੀੜਤ ਪਰਿਵਾਰਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਉਣ ਲਈ ਹਰਿਆਣਾ ਦੀ ਨਾਇਬ ਸਿੰਘ ਸੈਣੀ ਦੀ ਸਰਕਾਰ ਵਲੋਂ ਉਠਾਏ ਗਏ ਕਦਮਾਂ ਅਤੇ ਕੀਤੇ ਜਾ ਰਹੇ ਯਤਨਾਂ ਦੀ ਪ੍ਰਸੰਸਾ ਜ਼ਰੂਰ ਕਰਦੇ ਹਾਂ।
ਹਰਿਆਣਾ ਦੇ ਮੁੱਖ ਮੰਤਰੀ ਨੇ ਕੁਝ ਸਮਾਂ ਪਹਿਲਾਂ ਹਰਿਆਣਾ ਵਿਚ ਇਨ੍ਹਾਂ ਦੰਗਿਆਂ ਦੌਰਾਨ ਜੋ ਲੋਕ ਮਾਰੇ ਗਏ ਸਨ, ਉਨ੍ਹਾਂ ਦੇ ਪਰਿਵਾਰਾਂ ਦੇ ਜੀਆਂ ਨੂੰ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ। ਉਸ ਸਮੇਂ ਹਰਿਆਣਾ ਦੀ ਸਰਕਾਰ ਨੇ ਇਨ੍ਹਾਂ ਦੰਗਿਆਂ ਵਿਚ ਉੱਖੜ ਚੁੱਕੇ ਪਰਿਵਾਰਾਂ ਦੀ ਆਪਣੇ ਵਿੱਤ ਮੁਤਾਬਕ ਮਦਦ ਵੀ ਕੀਤੀ ਸੀ। ਹੁਣ ਹਰਿਆਣਾ ਕੈਬਨਿਟ ਦੀ ਹੋਈ ਮੀਟਿੰਗ ਵਿਚ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਵਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਵਿਚ ਮਾਰੇ ਗਏ ਵਿਅਕਤੀਆਂ ਵਿਚੋਂ ਹਰ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਵੀ ਕਿ ਉਸ ਸਮੇਂ ਹਰਿਆਣਾ ਵਿਚ ਰਹਿੰਦੇ ਜਿਨ੍ਹਾਂ ਪਰਿਵਾਰਾਂ ਦੇ ਸੂਬੇ ਤੋਂ ਬਾਹਰ ਰਹਿੰਦੇ ਪਰਿਵਾਰਕ ਮੈਂਬਰ ਮਾਰੇ ਗਏ ਸਨ, ਉਨ੍ਹਾਂ ਨੂੰ ਵੀ ਸਰਕਾਰੀ ਨੌਕਰੀ ਦੇਣ ਦੀ ਇਸ ਯੋਜਨਾ ਵਿਚ ਭਾਗੀਦਾਰ ਬਣਾਇਆ ਜਾਏਗਾ। ਸੂਬੇ 'ਚ ਹੋਏ ਇਸ ਸੰਬੰਧੀ ਉਜਾੜੇ ਦੀ ਭਰਪਾਈ ਕਰਨ 'ਤੇ ਉਨ੍ਹਾਂ ਨੂੰ ਇਕ ਵੱਡਾ ਆਸਰਾ ਦੇਣ ਦੀ ਯੋਜਨਾ 'ਤੇ ਕੀਤੇ ਜਾਣ ਵਾਲੇ ਅਜਿਹੇ ਅਮਲ ਦੀ ਜਿੱਥੇ ਅਸੀਂ ਭਰਪੂਰ ਪ੍ਰਸੰਸਾ ਕਰਦੇ ਹਾਂ, ਉੱਥੇ ਉਸ ਦੇ ਬੇਹੱਦ ਧੰਨਵਾਦੀ ਵੀ ਹਾਂ।

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਵੋਟਰ ਸੂਚੀਆਂ ਦੀ ਗਹਿਰੀ ਮੁੜ ਸੁਧਾਈ ਦੀ ਕਵਾਇਦ-ਆਖਰ ਚੋਣ ਕਮਿਸ਼ਨ ਕੀ ਹਾਸਿਲ ਕਰਨਾ ਚਾਹੁੰਦਾ ਹੈ? ਅਗਲੀ ਖ਼ਬਰ ਖੁਸ਼ੀ ਨੂੰ ਅਸੀਂ ਜਿੰਨਾ ਲੁਟਾਵਾਂਗੇ, ਓਨੀ ਵੱਧ ਇਹ ਸਾਡੇ ਕੋਲ ਭੱਜੀ ਆਵੇਗੀ। -ਵਿਕਟਰ ਹਿਊਗੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।