ਸੈਕਰਾਮੈਂਟੋ, 16 ਜੂਨ (ਹੁਸਨ ਲੜੋਆ ਬੰਗਾ)- ਭਾਰਤੀ ਅਮਰੀਕੀ ਬਰਟ ਠਾਕੁਰ ਫਰਿਸਕੋ ਸਿਟੀ ਕੌਂਸਲ, ਟੈਕਸਾਸ ਦੀ ਚੋਣ ਜਿੱਤ ਗਏ ਹਨ | ਉਨ੍ਹਾਂ ਨੇ ਆਪਣੇ ਵਿਰੋਧੀ ਟੈਮੀ ਮੀਨਰਸ਼ਗਨ ਨੂੰ ਹਰਾਇਆ | ਉਹ ਪਹਿਲੇ ਭਾਰਤੀ ਹਨ ਜੋ ਫਰਿਸਕੋ ਕੌਂਸਲ ਲਈ ਚੁਣੇ ਗਏ ਹਨ | ਉਨ੍ਹਾਂ ਨੇ ਆਪਣੀ ਜਿੱਤ ਸੋਸ਼ਲ ਮੀਡੀਆ ਉੱਪਰ ਸਾਂਝੀ ਕੀਤੀ ਹੈ | 42 ਸਾਲਾ ਠਾਕੁਰ ਇੰਜੀਨੀਅਰ ਤੇ ਸਾਬਕਾ ਫੌਜੀ ਹਨ | ਠਾਕੁਰ ਦੀ ਜਿੱਤ ਇਸ ਲਈ ਵੀ ਮਹੱਤਵਪੂਰਨ ਹੈ ਕਿ ਸ਼ਹਿਰ ਵਿਚ ਭਾਰਤੀ ਮੂਲ ਦੇ ਨਾਗਰਿਕਾਂ ਦੀ ਆਬਾਦੀ ਕੇਵਲ 15 ਫੀਸਦੀ ਹੈ | ਠਾਕੁਰ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਪ੍ਰਭਾਵਸ਼ਾਲੀ ਚੋਣ ਮੁਹਿੰਮ ਕਾਰਨ ਸੰਭਵ ਹੋਈ ਹੈ | ਉਨ੍ਹਾਂ ਕਿਹਾ ਕਿ ਅਸੀਂ ਹਰ ਘਰ ਦਾ ਦਰਵਾਜ਼ਾ ਖੜਕਾਇਆ ਤੇ ਆਪਣਾ ਪ੍ਰੋਗਰਾਮ ਲੋਕਾਂ ਸਾਹਮਣੇ ਰੱਖਿਆ | ਕੰਜ਼ਰਵੇਟਿਵ ਆਗੂ ਠਾਕੁਰ ਦੀ ਜਿੱਤ ਵਿਚ ਕਾਂਗਰਸ ਮੈਂਬਰ ਬਰੈਂਟਨ ਗਿੱਲ ਨੇ ਵੀ ਅਹਿਮ ਯੋਗਦਾਨ ਪਾਇਆ ਹੈ | ਗਿੱਲ ਨੇ ਸੋਸ਼ਲ ਮੀਡੀਆ ਉੱਪਰ ਠਾਕੁਰ ਦਾ ਖੁਲ ਕੇ ਸਮਰਥਨ ਕੀਤਾ ਸੀ |
ਭਾਰਤੀ ਮੂਲ ਦੇ ਅਮਰੀਕੀ ਨੇ ਫਰਿਸਕੋ ਸਿਟੀ ਕੌਂਸਲ ਦੀ ਚੋਣ ਜਿੱਤੀ <br/>
ਅਜੀਤ ਡੈਸਕ
17-06-2025