ਟੋਰਾਂਟੋ, 16 ਜੂਨ (ਹਰਜੀਤ ਸਿੰਘ ਬਾਜਵਾ)-ਪਿਤਾ ਦਿਵਸ ਦੇਸ਼ ਵਿਦੇਸ਼ ਵਿਚ ਬੜੇ ਪਿਆਰ, ਮੁਹੱਬਤ ਤੇ ਸਤਿਕਾਰ ਨਾਲ ਮਨਾਇਆ ਗਿਆ | ਇੱਥੇ ਪਿਤਾ ਦਿਵਸ 'ਤੇ ਵੱਖ-ਵੱਖ ਭਾਈਚਾਰਿਆਂ ਦੇ ਬੱਚਿਆਂ ਨੇ ਆਪੋ-ਆਪਣੇ ਢੰਗ ਨਾਲ ਜਿੱਥੇ ਇਸ ਦਿਵਸ ਨੂੰ ਮਨਾਇਆ ਉੱਥੇ ਹੀ ਬੱਚਿਆਂ ਵਲੋਂ ਜਿੱਥੇ ਆਪੋ-ਆਪਣੇ ਪਿਤਾਵਾਂ ਨੂੰ ਤੋਹਫੇ ਭੇਟ ਕੀਤੇ ਗਏ ਤੇ ਰੈਸਟੋਰੈਂਟਾਂ ਵਿਚ ਜਾ ਕੇ ਖਾਣਾ ਖਾਧਾ | ਪੰਜਾਬੀ ਲੋਕਾਂ ਵਲੋਂ ਗੁਰਦੁਆਰਾ ਸਾਹਿਬ ਜਾਂ ਮੰਦਰਾਂ 'ਚ ਜਾ ਕੇ ਵੀ ਆਪਣੇ ਪਿਤਾ/ਮਾਪਿਆਂ ਨਾਲ ਸਮਾਂ ਬਿਤਾਇਆ ਜਦੋਂ ਕਿ ਭਾਵੁਕ ਕਰ ਦੇਣ ਵਾਲੇ ਪਲ ਉਦੋਂ ਦੇਖਣ ਨੂੰ ਮਿਲੇ ਜਦੋਂ ਮੁਸਲਮਾਨ ਜਾਂ ਕਿ੍ਸਚਨ ਭਾਈਚਾਰੇ ਦੇ ਲੋਕ ਕਬਰਾਂ ਵਿਚ ਆਪਣੇ ਪਿਤਾਵਾਂ ਦੀਆਂ ਕਬਰਾਂ 'ਤੇ ਫੁੱਲ ਮਲਾਵਾਂ ਲੈ ਕੇ ਬੈਠੇ ਅੱਥਰੂ ਵਹਾਉਂਦੇ ਵੇਖੇ ਗਏ | ਪਿਤਾ ਦਿਵਸ 'ਤੇ ਛੋਟੇ ਵੱਡੇ ਤੇ ਨੌਜਵਾਨ ਬੱਚਿਆਂ ਵਲੋਂ ਆਪਣੇ ਪਿਤਾਵਾਂ ਨੂੰ ਤੋਹਫੇ ਦੇ ਕੇ ਇਸ ਦਿਵਸ ਦੀਆਂ ਖੁਸ਼ੀਆਂ ਮਨਾਈਆਂ ਗਈਆਂ | ਇਸ ਦਿਵਸ ਬਾਰੇ ਗੱਲ ਕਰਦਿਆਂ ਉੱਘੇ ਸਮਾਜ ਸੇਵੀ ਪਿ੍ਤਪਾਲ ਸਿੰਘ ਚੱਗਰ, ਕਰਨ ਅਜਾਇਬ ਸਿੰਘ ਸੰਘਾ, ਡਾ. ਸੁਖਦੇਵ ਸਿੰਘ ਝੰਡ, ਮਲੂਕ ਸਿੰਘ ਕਾਹਲੋਂ, ਪੂਰਨ ਸਿੰਘ ਪਾਂਧੀ ਨੇ ਆਖਿਆ ਕਿ ਪਿਤਾ ਦਿਵਸ ਸਾਲ ਵਿਚ ਸਿਰਫ ਇੱਕ ਦਿਨ ਨਹੀ ਸਗੋਂ ਸਾਲ ਦੇ ਸਾਰੇ 365 ਦਿਨ ਮਨਾਉਣਾ ਚਾਹੀਦਾ ਹੈ |
ਪਿਤਾ ਦਿਵਸ 'ਤੇ ਬੱਚਿਆਂ ਨੇ ਆਪਣੇ ਪਿਤਾਵਾਂ ਨੂੰ ਦਿੱਤੇ ਤੋਹਫੇ <br/>
ਪਿਤਾ ਦਿਵਸ 'ਤੇ ਪੰਜਾਬੀ ਮੂਲ ਦੇ ਬੱਚੇ ਆਪਣੇ ਪਿਤਾ ਨੂੰ ਤੋਹਫੇ ਦਿੰਦੇ ਹੋਏ | ਤਸਵੀਰ:-ਹਰਜੀਤ ਸਿੰਘ ਬਾਜਵਾ<br/>
17-06-2025