ਲੰਡਨ, 22 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂਰਪ ਦੇ ਵੱਡੇ ਗੁਰੂ ਘਰਾਂ ਵਿੱਚੋਂ ਜਾਣੇ ਜਾਂਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਬੰਦੀ ਛੋੜ ਦਿਵਸ ਮਨਾਇਆ ਗਿਆ | ਬੀਤੇ ਕੱਲ ਸਵੇਰ ਤੋਂ ਹੀ ਸੰਗਤਾਂ ਗੁਰਦੁਆਰਾ ਗੁਰੂ ਨਾਨਕ ਰੋਡ ਤੇ ਗੁਰਦੁਆਰਾ ਪਾਰਕ ਐਵੇਨਿਊ ਵਿਖੇ ਨਤਮਸਤਕ ਹੋਣ ਪਹੁੰਚਣ ਲੱਗੀਆਂ | ਸ੍ਰੀ ਅਖ਼ੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਾਰਾ ਦਿਨ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਦੇ ਦੀਵਾਨ ਸਜੇ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ 'ਚੋਂ 52 ਕੈਦੀ ਰਾਜਿਆਂ ਦੀ ਰਿਹਾਈ ਅਤੇ ਸਮੇਂ ਸਮੇਂ ਹਕੂਮਤਾਂ ਵੱਲੋਂ ਇਸ ਪਵਿੱਤਰ ਦਿਹਾੜੇ ਮੌਕੇ ਸਿੱਖਾਂ ਤੇ ਕੀਤੇ ਜ਼ੁਲਮਾਂ ਦੇ ਇਤਿਹਾਸ ਨੂੰ ਸਰਵਣ ਕਰਵਾਇਆ ਗਿਆ | ਦੀਵਾਨਾਂ 'ਚ ਭਾਈ ਮਨੋਹਰ ਸਿੰਘ ਬੰਗਲਾ ਸਾਹਿਬ ਵਾਲੇ, ਭਾਈ ਤਾਰਬਲਬੀਰ ਸਿੰਘ ਸ੍ਰੀ ਦਰਬਾਰ ਸਾਹਿਬ ਵਾਲੇ, ਢਾਡੀ ਗਿਆਨੀ ਇਕਬਾਲ ਸਿੰਘ, ਭਾਈ ਸੰਦੀਪ ਸਿੰਘ, ਭਾਈ ਅੰਮਿ੍ਪਾਲ ਸਿੰਘ, ਗਿਆਨੀ ਜੋਧਾ ਸਿੰਘ, ਕਵਿਸ਼ਰ ਗਿਆਨੀ ਸੁਲੱਖਣ ਸਿੰਘ ਤਰਨ ਤਾਰਨ ਆਦਿ ਦੇ ਜੱਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ | ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸੇਵਾਦਾਰ ਸ: ਗੁਰਮੇਲ ਸਿੰਘ ਮੱਲੀ ਨੇ ਸੰਗਤਾਂ ਨੂੰ ਬੰਦੀਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅੱਜ ਗੁਰੂ ਸਾਹਿਬਾਨ ਵੱਲੋਂ ਦਿੱਤੇ ਉਪਦੇਸ਼ਾਂ 'ਤੇ ਚੱਲ ਕੇ ਸਿੱਖ ਕੌਮ ਨੂੰ ਅੱਗੇ ਵੱਧਣਾ ਚਾਹੀਦਾ ਹੈ | ਉਹਨਾਂ ਕਿਹਾ ਕਿ ਅੱਜ ਆਪਸੀ ਸਾਂਝਾਂ ਮਜ਼ਬੂਤ ਕਰਨ ਲਈ ਗਿਆਨ ਦੇ ਦੀਵੇ ਜਗਾਉਣ ਦੀ ਲੋੜ ਹੈ |