30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪਾਕਿ ਖ਼ਤਰਨਾਕ ਤਰੀਕੇ ਨਾਲ ਵਧਾ ਰਿਹਾ ਪ੍ਰਮਾਣੂ ਹਥਿਆਰ ਤੇ ਮਿਜ਼ਾਈਲਾਂ <br/>

ਅਜੀਤ ਡੈਸਕ 05-11-2025
ਅੰਮਿ੍ਤਸਰ, 4 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਬਹੁਤ ਹੀ ਖ਼ਤਰਨਾਕ ਤਰੀਕੇ ਨਾਲ ਪ੍ਰਮਾਣੂ ਬੰਬ ਅਤੇ ਮਿਜ਼ਾਈਲਾਂ ਬਣਾਈਆਂ ਜਾ ਰਹੀਆਂ ਹਨ | ਇਸ ਬਾਰੇ ਪ੍ਰਮਾਣੂ ਵਿਗਿਆਨੀਆਂ ਦੀ ਜਾਰੀ ਹੋਈ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਪਾਕਿ ਇਸੇ ਰਫ਼ਤਾਰ ਨਾਲ ਪ੍ਰਮਾਣੂ ਬੰਬ ਬਣਾਉਂਦਾ ਰਿਹਾ ਤਾਂ ਸਾਲ 2025 ਦੇ ਅੰਤ ਤੱਕ ਉਸ ਦੇ ਕੋਲ ਤਕਰੀਬਨ 200 ਪ੍ਰਮਾਣੂ ਬੰਬ ਹੋਣਗੇ | ਹਾਲਾਂਕਿ, ਇਸ ਵੇਲੇ ਪਾਕਿ ਕੋਲ ਤਕਰੀਬਨ 170 ਪ੍ਰਮਾਣੂ ਹਥਿਆਰ ਹਨ | ਇੰਨਾ ਹੀ ਨਹੀਂ, ਪਾਕਿ ਇਨ੍ਹਾਂ ਪ੍ਰਮਾਣੂ ਬੰਬਾਂ ਨੂੰ ਸੁੱਟਣ ਲਈ ਆਪਣੀ ਮਿਜ਼ਾਈਲ ਅਤੇ ਹਵਾਈ ਸ਼ਕਤੀ 'ਚ ਵੀ ਲਗਾਤਾਰ ਵਾਧਾ ਕਰ ਰਿਹਾ ਹੈ | ਉਕਤ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਪ੍ਰਮਾਣੂ ਵਿਗਿਆਨੀਆਂ ਦੀ ਟੀਮ ਨੇ ਸੈਟੇਲਾਈਟ ਤਸਵੀਰਾਂ ਦੀ ਮਦਦ ਨਾਲ ਪਾਕਿਸਤਾਨੀ ਫ਼ੌਜ ਦੇ ਅੱਡਿਆਂ ਅਤੇ ਹਵਾਈ ਸੈਨਾ ਦੇ ਠਿਕਾਣਿਆਂ ਦੀ ਜਾਂਚ ਕੀਤੀ ਹੈ | ਜਿਨ੍ਹਾਂ 'ਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਪਾਕਿਸਤਾਨੀ ਫ਼ੌਜ ਨਵੇਂ ਲਾਂਚਰ ਪੈਡ ਅਤੇ ਹੋਰਨਾਂ ਢਾਂਚਿਆਂ ਦਾ ਨਿਰਮਾਣ ਕਰ ਰਹੀ ਹੈ | ਇਸ ਤੋਂ ਪਹਿਲਾਂ ਅਮਰੀਕੀ ਡਿਫੈਂਸ ਇੰਟੈਲੀਜੈਂਸ ਏਜੰਸੀ ਵੀ ਕਹਿ ਚੁੱਕੀ ਹੈ ਕਿ ਪਾਕਿ ਆਪਣੇ ਪ੍ਰਮਾਣੂ ਹਥਿਆਰਾਂ ਦੇ ਭੰਡਾਰ 'ਚ ਵਾਧਾ ਕਰਦਾ ਹੋਇਆ ਕਈ ਅਜਿਹੀ ਪ੍ਰਣਾਲੀਆਂ ਵਿਕਸਤ ਕਰ ਰਿਹਾ ਹੈ ਜਿਸ ਨਾਲ ਉਸ ਦੀ ਪ੍ਰਮਾਣੂ ਬੰਬ ਸੁੱਟਣ ਦੀ ਸ਼ਕਤੀ 'ਚ ਵਾਧਾ ਹੋ ਸਕਦਾ ਹੈ | ਉਕਤ ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿ ਕੋਲ 4 ਪਲੂਟੋਨੀਅਮ ਉਤਪਾਦਨ ਰਿਐਕਟਰ ਹਨ ਅਤੇ ਉਹ ਆਪਣੇ ਯੂਰੇਨੀਅਮ ਦੇ ਭੰਡਾਰ 'ਚ ਵੀ ਵਾਧਾ ਕਰ ਰਿਹਾ ਹੈ | ਪਾਕਿਸਤਾਨੀ ਫ਼ੌਜ ਦੇ ਸਾਬਕਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿ ਦੀ ਇਸ ਪ੍ਰਮਾਣੂ ਰਣਨੀਤੀ ਦਾ ਮਕਸਦ ਭਾਰਤ ਦੀ 'ਕੋਲਡ ਸਟਾਰਟ' (ਇਸ 'ਚ ਆਦੇਸ਼ ਮਿਲਣ ਦੇ 48 ਘੰਟੇ ਦੇ ਅੰਦਰ ਹਮਲਾ ਕਰਨਾ ਹੁੰਦਾ ਹੈ) ਰਣਨੀਤੀ ਦਾ ਜਵਾਬ ਦੇਣਾ ਹੈ | ਦੱਸਿਆ ਜਾ ਰਿਹਾ ਹੈ ਕਿ ਪ੍ਰਮਾਣੂ ਹਮਲੇ ਕਰਨ ਲਈ ਪਾਕਿ ਕੋਲ ਮਿਰਾਜ਼ ਲੜਾਕੂ ਜਹਾਜ਼, ਅਬਦਾਲੀ, ਗ਼ਜ਼ਨਵੀ, ਸ਼ਾਹੀਨ, ਗ਼ੌਰੀ, ਨਸਰ, ਅਬਾਬੀਲ ਬੈਲਿਸਟਿਕ ਮਿਜ਼ਾਈਲਾਂ ਹਨ | ਇਸ ਤੋਂ ਇਲਾਵਾ ਪਾਕਿ ਕੋਲ ਸਮੁੰਦਰ ਤੋਂ ਲਾਂਚ ਕੀਤੀ ਜਾਣ ਵਾਲੀ ਬਾਬਰ ਕਰੂਜ਼ ਮਿਜ਼ਾਈਲ ਵੀ ਹੈ | ਦੂਜੇ ਪਾਸੇ, ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੇ ਅਨੁਸਾਰ ਜਨਵਰੀ 2025 ਤੱਕ ਦੁਨੀਆ ਦੇ 9 ਦੇਸ਼ਾਂ ਕੋਲ ਕੁੱਲ 12,241 ਪ੍ਰਮਾਣੂ ਹਥਿਆਰ ਸਨ | ਇਸ ਸੂਚੀ ਮੁਤਾਬਿਕ ਅਮਰੀਕਾ ਕੋਲ 5177, ਰੂਸ 5459, ਚੀਨ 600, ਫਰਾਂਸ 290, ਯੂ. ਕੇ. 225, ਭਾਰਤ 180, ਪਾਕਿਸਤਾਨ 170, ਇਜ਼ਰਾਈਲ 90 ਅਤੇ ਉੱਤਰੀ ਕੋਰੀਆ ਕੋਲ 50 ਪ੍ਰਮਾਣੂ ਹਥਿਆਰ ਹਨ | ਉਕਤ ਜਥੇਬੰਦੀ ਦੀ ਯੀਅਰ-ਬੁੱਕ 2025 'ਚ ਦਾਅਵਾ ਕੀਤਾ ਗਿਆ ਹੈ ਕਿ 12,241 ਪ੍ਰਮਾਣੂ ਹਥਿਆਰਾਂ 'ਚੋਂ 3,912 ਮਿਜ਼ਾਈਲਾਂ ਅਤੇ ਹਵਾਈ ਜਹਾਜ਼ਾਂ 'ਤੇ ਤਾਇਨਾਤ ਹਨ | ਜਦਕਿ 2,100 ਹਥਿਆਰ ਬੈਲਿਸਟਿਕ ਮਿਜ਼ਾਈਲਾਂ 'ਤੇ ਹਾਈ ਅਲਰਟ 'ਤੇ ਹਨ |
ਪਾਕਿ ਵਲੋਂ ਮੁੜ ਬਲੋਚਿਸਤਾਨ 'ਚ ਪ੍ਰਮਾਣੂ ਪ੍ਰੀਖਣ ਕਰਨ ਦੀ ਚਰਚਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਪਾਕਿਸਤਾਨ ਦੇ ਗੁਪਤ ਢੰਗ ਨਾਲ ਪ੍ਰਮਾਣੂ ਪ੍ਰੀਖਣ ਕਰਨ ਬਾਰੇ ਕੀਤੇ ਖ਼ੁਲਾਸੇ ਤੋਂ ਬਾਅਦ ਇਹ ਸਵਾਲ ਉੱਠਣਾ ਸ਼ੁਰੂ ਹੋ ਗਿਆ ਹੈ ਕਿ ਜੇਕਰ ਗੁਆਂਢੀ ਮੁਲਕ ਪਾਕਿਸਤਾਨ ਸੱਚਮੁੱਚ ਆਪਣੇ ਪ੍ਰਮਾਣੂ ਹਥਿਆਰਾਂ ਦਾ ਪ੍ਰੀਖਣ ਕਰ ਰਿਹਾ ਹੈ ਤਾਂ ਉਹ ਅਜਿਹਾ ਕਿੱਥੇ ਕਰ ਰਿਹਾ ਹੋਵੇਗਾ ਜਾਂ ਕਿੱਥੇ ਕਰੇਗਾ? ਜਾਣਕਾਰਾਂ ਦਾ ਇਹ ਵੀ ਅਨੁਮਾਨ ਹੈ ਕਿ ਪਾਕਿ ਪ੍ਰਮਾਣੂ ਪ੍ਰੀਖਣ ਸੂਬਾ ਬਲੋਚਿਸਤਾਨ ਦੇ ਕਿਸੇ ਖੇਤਰ 'ਚ ਕਰ ਰਿਹਾ ਹੋਵੇਗਾ | ਦੱਸਣਯੋਗ ਹੈ ਕਿ ਪਾਕਿ ਪਹਿਲਾਂ ਵੀ ਬਲੋਚਿਸਤਾਨ 'ਚ ਆਪਣੇ ਪ੍ਰਮਾਣੂ ਧਮਾਕੇ ਦੇ ਪ੍ਰੀਖਣ ਕਰ ਚੁੱਕਿਆ ਹੈ | 28 ਮਈ 1998 ਨੂੰ ਕੀਤੇ ਗਏ ਪ੍ਰੀਖਣ ਦਾ ਕੋਡ ਨੇਮ 'ਚਗਾਈ-1' (ਪੰਜ ਇੱਕੋ ਸਮੇਂ ਟੈਸਟ) ਅਤੇ 30 ਮਈ 1998 ਨੂੰ ਕੀਤੇ ਗਏ ਪ੍ਰੀਖਣ ਦਾ ਨਾਂਅ 'ਚਗਾਈ-2' (ਇਕ ਟੈਸਟ) ਰੱਖਿਆ ਗਿਆ ਸੀ | ਬਲੋਚਿਸਤਾਨ ਦੇ ਲੋਕ ਆਪਣੇ ਆਪ ਨੂੰ ਇਨ੍ਹਾਂ ਪ੍ਰਮਾਣੂ ਪ੍ਰੀਖਣਾਂ ਦਾ ਸ਼ਿਕਾਰ ਮੰਨਦੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖੇਤਰ ਨੂੰ ਬਿਨਾਂ ਕਿਸੇ ਚਿਤਾਵਨੀ ਦੇ ਪ੍ਰਮਾਣੂ ਟੈਸਟ ਸਾਈਟ 'ਚ ਬਦਲ ਦਿੱਤਾ ਗਿਆ | ਭੂਚਾਲ ਸੂਚੀ ਦੇ ਅਨੁਸਾਰ ਪਿਛਲੇ 10 ਸਾਲਾਂ ਦੇ ਅੰਕੜਿਆਂ ਦੇ ਆਧਾਰ 'ਤੇ ਬਲੋਚਿਸਤਾਨ 'ਚ ਹਰ ਸਾਲ ਔਸਤਨ 29 ਭੂਚਾਲ ਆਉਂਦੇ ਹਨ |

ਪਿਛਲੀ ਖ਼ਬਰ ਬਰਤਾਨੀਆ ਦੇ ਸਭ ਤੋਂ ਅਮੀਰ ਵਿਅਕਤੀ ਜੀ.ਪੀ. ਹਿੰਦੂਜਾ ਦਾ ਲੰਡਨ 'ਚ ਦਿਹਾਂਤ <br/> ਅਗਲੀ ਖ਼ਬਰ ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਹਾੜ੍ਹੀ ਫ਼ਸਲ ਬਿਜਾਈ ਸਮੇਂ ਡੀ.ਏ.ਪੀ. ਦੀ ਥੁੜ ਆਈ-ਦਿਓਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।