ਸੁਭਾਨਪੁਰ, 31 ਅਗਸਤ (ਸਤਨਾਮ ਸਿੰਘ) - ਡੀ. ਐੱਸ. ਪੀ. ਕਰਨੈਲ ਸਿੰਘ ਦੀ ਅਗਵਾਈ ਹੇਠ ਥਾਣਾ ਸੁਭਾਨਪੁਰ ਦੀ ਪੁਲਿਸ ਵੱਲੋਂ ਗਸ਼ਤ ਦੌਰਾਨ ਇੱਕ ਔਰਤ ਨੂੰ ਕਥਿਤ ਤੌਰ 'ਤੇ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਮੁਖੀ ਇੰਸਪੈਕਟਰ ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਏ. ਐਸ. ਆਈ. ਲਖਬੀਰ ਸਿੰਘ ਗੋਸਲ ਤੇ ਏ. ਐਸ. ਆਈ. ਰਾਜਿੰਦਰ ਕੁਮਾਰ ਸਮੇਤ ਪੁਲਿਸ ਪਾਰਟੀ ਡੋਗਰਾਂਵਾਲ, ਹਮੀਰਾ ਤੇ ਦਿਆਲਪੁਰ, ਪਿੰਡਾਂ ਦੀ ਤਰਫ ਗਸ਼ਤ ਕਰ ਰਹੇ ਸਨ ਤਾਂ ਜਦੋਂ ਪੁਲਿਸ ਪਾਰਟੀ ਡੋਗਰਾਂਵਾਲ ਮੋੜ ਦੇ ਨਜ਼ਦੀਕ ਪਹੁੰਚੀ ਤਾਂ ਇਕ ਔਰਤ ਆਉਂਦੀ ਦਿਖਾਈ ਦਿੱਤੀ ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਯੱਕਦਮ ਪਿੱਛੇ ਨੂੰ ਮੁੜ ਕੇ ਆਪਣੀ ਚੁੰਨੀ ਵਿੱਚੋਂ ਇਕ ਮੋਮੀ ਲਿਫ਼ਾਫ਼ਾ ਕੱਢ ਕੇ ਘਾਸਫੂਸ ਵਿਚ ਸੁੱਟ ਦਿੱਤਾ ਤੇ ਪਿੱਛੇ ਨੂੰ ਤੇਜ਼ ਕਦਮੀ ਤੁਰ ਪਈ ਜਿਸ ਨੂੰ ਪੁਲਿਸ ਪਾਰਟੀ ਵੱਲੋਂ ਸ਼ੱਕ ਦੀ ਬਿਨਾਂਹ 'ਤੇ ਕਾਬੂ ਕਰਕੇ ਜਦੋਂ ਲੇਡੀਜ਼ ਪੁਲਿਸ ਨੇ ਉਸ ਦਾ ਨਾਂਅ ਪਤਾ ਪੁੱਛਿਆ ਤਾਂ ਉਕਤ ਔਰਤ ਨੇ ਆਪਣਾ ਪਰਮਜੀਤ ਕੌਰ ਪਤਨੀ ਲਖਬੀਰ ਸਿੰਘ ਉਰਫ ਪੰਮਾ ਵਾਸੀ ਪਿੰਡ ਡੋਗਰਾਂਵਾਲ ਦੱਸਿਆ | ਉਕਤ ਔਰਤ ਵੱਲੋਂ ਸੁੱਟੇ ਗਏ ਲਿਫ਼ਾਫੇ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਦੇ ਪਾਸੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ | ਥਾਣਾ ਮੁਖੀ ਇੰਸਪੈਕਟਰ ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਕਾਬੂ ਕੀਤੀ ਗਈ ਔਰਤ ਖਿਲਾਫ ਥਾਣਾ ਸੁਭਾਨਪੁਰ ਵਿਚ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |