ਫ਼ੈਸਲੇ ਤੋਂ ਬਾਅਦ ਮੀਡੀਆ ਸਾਹਮਣੇ ਭਾਵੁਕ ਹੋਏ ਕੇਜਰੀਵਾਲ
ਜਗਤਾਰ ਸਿੰਘ
ਨਵੀਂ ਦਿੱਲੀ, 27 ਫਰਵਰੀ-ਦਿੱਲੀ ਦੇ ਚਰਚਿਤ ਸ਼ਰਾਬ ਘੁਟਾਲੇ ਨੂੰ ਲੈ ਕੇ ਪਿਛਲੇ 3 ਸਾਲ ਤੋਂ ਚਲਦੀ ਆ ਰਹੀ 'ਅਦਾਲਤੀ' ਤੇ 'ਸਿਆਸੀ' ਜੰਗ ਬਾਰੇ ਅਦਾਲਤ ਵਲੋਂ ਸੀ.ਬੀ.ਆਈ. ਮਾਮਲੇ 'ਚ ਸੁਣਾਏ ਗਏ ਫ਼ੈਸਲੇ ਨਾਲ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ¢ ਦਿੱਲੀ ਦੀ ਰਾਊਜ਼ ਐਵਨਿਊ ਕੋਰਟ ਨੇ ਸ਼ਰਾਬ ਘੁਟਾਲਾ ਮਾਮਲੇ 'ਚ ਸੀ.ਬੀ.ਆਈ. ਦੇ ਦੋਸ਼ ਪੱਤਰ ਨੂੰ ਬੇਹੱਦ ਕਮਜ਼ੋਰ ਮੰਨਣ ਦੇ ਨਾਲ ਹੀ ਕੇਜਰੀਵਾਲ, ਸਿਸੋਦੀਆ ਤੇ ਕੇ. ਕਵਿਤਾ ਸਮੇਤ 23 ਮੁਲਜ਼ਮਾਂ ਨੂੰ ਕਲੀਨ ਚਿੱਟ ਦਿੰਦੇ ਹੋਏ ਬਰੀ ਕਰਨ ਦਾ ਫ਼ੈਸਲਾ ਸੁਣਾਇਆ | ਅਦਾਲਤ ਨੇ ਸਭ ਤੋਂ ਪਹਿਲਾਂ ਆਬਕਾਰੀ ਵਿਭਾਗ ਦੇ ਕਮਿਸ਼ਨਰ ਕੁਲਦੀਪ ਸਿੰਘ (ਮੁਲਜ਼ਮ ਨੰਬਰ 1) ਨੂੰ ਬਰੀ ਕੀਤਾ, ਇਸ ਤੋਂ ਬਾਅਦ ਕੇਜਰੀਵਾਲ ਤੇ ਸਿਸੋਦੀਆ ਸਮੇਤ ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ | ਅਦਾਲਤ ਦੇ ਅੱਜ ਦੇ ਫ਼ੈਸਲੇ ਨਾਲ ਸਭ ਤੋਂ ਵੱਡੀ ਰਾਹਤ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਲਈ ਮੰਨੀ ਜਾ ਰਹੀ ਹੈ, ਜਿਨ੍ਹਾਂ ਨੂੰ ਸ਼ਰਾਬ ਘੁਟਾਲੇ ਦੇ ਚੱਲਦਿਆਂ ਸਿਆਸੀ ਤੇ ਨਿੱਜੀ ਤੌਰ 'ਤੇ ਕਾਫ਼ੀ ਕੁਝ ਗਵਾਉਣਾ ਪਿਆ¢ ਅਦਾਲਤ ਨੇ ਸਾਫ਼ ਕਿਹਾ ਕਿ ਠੋਸ ਅਤੇ ਲੋੜੀਂਦੇ ਸਬੂਤਾਂ ਦੇ ਬਗੈਰ ਲਗਾਏ ਗਏ ਦੋਸ਼ਾਂ 'ਤੇ ਕਿਸੇ ਵੀ ਤਰ੍ਹਾਂ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ¢ ਦੂਜੇ ਪਾਸੇ ਸੀ.ਬੀ.ਆਈ. ਨੇ ਵਿਸ਼ੇਸ਼ ਅਦਾਲਤ ਦੇ ਇਸ ਫ਼ੈਸਲੇ ਦੇ ਖ਼ਿਲਾਫ਼ ਦਿੱਲੀ ਹਾਈ ਕੋਰਟ 'ਚ ਅਪੀਲ ਦਾਖ਼ਲ ਕੀਤੀ ਹੈ | ਇਸ ਮਾਮਲੇ 'ਚ ਕੇਜਰੀਵਾਲ ਨੂੰ 26 ਜੂਨ, 2024 ਨੂੰ ਗਿ੍ਫ਼ਤਾਰ ਕੀਤਾ ਗਿਆ ਸੀ¢ ਇਸ ਮਾਮਲੇ ਵਿਚ ਕੇਜਰੀਵਾਲ 2 ਵਾਰੀ ਜੇਲ੍ਹ ਗਏ ਅਤੇ 156 ਦਿਨ ਕੈਦ ਵਿਚ ਰਹੇ ¢ ਦੱਸਣਯੋਗ ਹੈ ਕਿ ਅਦਾਲਤ ਨੇ ਮੁਲਜ਼ਮਾਂ ਦੇ ਖ਼ਿਲਾਫ਼ ਦੋਸ਼ ਤੈਅ ਕਰਨ ਬਾਰੇ 12 ਫਰਵਰੀ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ ¢
ਕੇਜਰੀਵਾਲ ਨੂੰ ਬਗੈਰ ਠੋਸ ਸਬੂਤਾਂ ਦੇ ਫਸਾਇਆ ਗਿਆ-ਅਦਾਲਤ
ਅਦਾਲਤ ਨੇ ਕੇਜਰੀਵਾਲ 'ਤੇ ਦੋਸ਼ਾਂ ਨੂੰ ਲੈ ਕੇ ਤਿੰਨ ਵੱਡੀਆਂ ਤੇ ਖ਼ਾਸ ਟਿੱਪਣੀਆਂ ਕੀਤੀਆਂ¢ ਵਿਸ਼ੇਸ਼ ਜੱਜ ਜਿਤੇਂਦਰ ਸਿੰਘ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਦੋਸ਼ ਪੱਤਰ ਵਿਚ ਕਈ ਕਮੀਆਂ ਹਨ, ਜਿਨ੍ਹਾਂ ਦੀ ਪੁਸ਼ਟੀ ਸਬੂਤਾਂ ਜਾਂ ਗਵਾਹਾਂ ਤੋਂ ਨਹੀਂ ਹੁੰਦੀ¢ ਕਿਸੇ ਵੀ ਸਬੂਤ ਦੀ ਘਾਟ ਵਿਚ ਕੇਜਰੀਵਾਲ ਖ਼ਿਲਾਫ਼ ਲਗਾਏ ਗਏ ਦੋਸ਼ ਟਿਕ ਨਹੀਂ ਸਕਦੇ ਹਨ¢ ਅਦਾਲਤ ਨੇ ਸਾਫ਼ ਕਿਹਾ ਕਿ ਕੇਜਰੀਵਾਲ ਨੂੰ ਬਗੈਰ ਕਿਸੇ ਠੋਸ ਸਬੂਤਾਂ ਦੇ ਫਸਾਇਆ ਗਿਆ¢ ਅਦਾਲਤ ਨੇ ਕਿਹਾ ਕਿ ਜੇਕਰ ਦੋਸ਼ ਗੰਭੀਰ ਹੋਣ ਤਾਂ ਉਨ੍ਹਾਂ ਦੇ ਸਮਰਥਨ ਵਿਚ ਪੁਖ਼ਤਾ ਸਬੂਤ ਵੀ ਹੋਣੇ ਚਾਹੀਦੇ ਹਨ¢ ਅਦਾਲਤ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਨੂੰ ਇਸ ਮਾਮਲੇ ਦਾ ਮੁੱਖ 'ਸਾਜਿਸ਼ਘਾੜਾ' ਦੱਸਣ ਦਾ ਦਾਅਵਾ ਕੀਤਾ ਗਿਆ, ਜੋ ਬਗੈਰ ਪੁਖ਼ਤਾ ਸਬੂਤਾਂ ਦੇ ਟਿਕ ਹੀ ਨਹੀਂ ਸਕਦਾ¢ ਅਦਾਲਤ ਨੇ ਕਿਹਾ ਕਿ ਬਗੈਰ ਠੋਸ ਸਬੂਤ ਦੇ ਦੋਸ਼ ਲਗਾਏ ਜਾਂਦੇ ਹਨ, ਤਾਂ ਇਸ ਨਾਲ ਜਨਤਕ ਅਹੁਦਿਆਂ 'ਤੇ ਲੋਕਾਂ ਦਾ ਭਰੋਸਾ ਕਮਜ਼ੋਰ ਹੁੰਦਾ ਹੈ¢ ਇਸੇ ਤਰ੍ਹਾਂ ਮਨੀਸ਼ ਸਿਸੋਦੀਆ ਨੂੰ ਲੈ ਕੇ ਮਹੱਤਵਪੂਰਨ ਟਿੱਪਣੀ ਵਿਚ ਅਦਾਲਤ ਨੇ ਕਿਹਾ ਕਿ ਸਿਸੋਦੀਆ ਨੂੰ ਲੈ ਕੇ ਕੋਈ ਅਪਰਾਧਿਕ ਮਨਸ਼ਾ ਜ਼ਾਹਿਰ ਨਹੀਂ ਹੁੰਦੀ ਹੈ¢ ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਸਿਸੋਦੀਆ ਦੇ ਖ਼ਿਲਾਫ਼ ਪਹਿਲੀ ਨਜ਼ਰ ਵਿਚ ਵੀ ਮਾਮਲਾ ਸਾਬਤ ਨਹੀਂ ਕਰ ਸਕੀ¢
ਅਦਾਲਤ ਨੇ ਸੀ.ਬੀ.ਆਈ. ਦੀ ਜਾਂਚ 'ਤੇ ਖੜੇ੍ਹ ਕੀਤੇ ਸਵਾਲ
ਰਾਊਜ਼ ਐਵੇਨਿਊ ਕੋਰਟ ਦੇ ਸਪੈਸ਼ਲ ਜੱਜ ਜਿਤੇਂਦਰ ਸਿੰਘ ਨੇ 598 ਪੇਜ਼ਾਂ ਦੇ ਸਖ਼ਤ ਸ਼ਬਦਾਂ ਵਾਲੇ ਫ਼ੈਸਲੇ ਵਿਚ ਸੀ.ਬੀ.ਆਈ. ਨੂੰ ਉਸ ਦੀ ਜਾਂਚ ਦੇ ਤਰੀਕੇ ਲਈ ਫਟਕਾਰ ਲਾਈ ਅਤੇ ਨਾਲ ਹੀ ਏਜੰਸੀ ਦੀਆਂ ਕਮੀਆਂ ਨੂੰ ਵੀ ਗਿਣਾਇਆ¢ ਜੱਜ ਨੇ ਸੀ.ਬੀ.ਆਈ. ਦੇ ਦੋਸ਼ ਪੱਤਰ 'ਤੇ ਸਵਾਲ ਚੁੱਕਿਆ | ਅਦਾਲਤ ਨੇ ਕਿਹਾ ਕਿ ਸੀ.ਬੀ.ਆਈ. ਨੇ ਜੋ ਦਸਤਾਵੇਜ਼ ਦਿੱਤੇ ਉਹ ਦੋਸ਼ ਪੱਤਰ ਨਾਲ ਮੇਲ ਨਹੀਂ ਖਾਂਦੇ¢ ਸੀ.ਬੀ.ਆਈ. ਨੇ ਦੋਸ਼ ਪੱਤਰ ਵਿਚ ਕੇਜਰੀਵਾਲ ਨੂੰ ਹੀ ਸ਼ਰਾਬ ਘੁਟਾਲੇ ਦਾ ਪ੍ਰਮੁੱਖ ਸਾਜਿਸ਼ਘਾੜਾ ਕਰਾਰ ਦਿੱਤਾ ਸੀ¢ ਪਰ ਅਦਾਲਤ ਨੇ ਕਿਹਾ ਕਿ ਪੁਖ਼ਤਾ ਸਬੂਤਾਂ ਦੇ ਬਗੈਰ ਏਜੰਸੀ ਦੇ ਦਾਅਵਾ ਕਮਜ਼ੋਰ ਸਾਬਤ ਹੋਇਆ¢ ਉੱਧਰ ਰਾਊਜ਼ ਐਵਨਿਊ ਅਦਾਲਤ ਨੇ ਸੀ.ਬੀ.ਆਈ ਦੇ ਜਾਂਚ ਅਧਿਕਾਰੀ ਵਿਰੁੱਧ ਵਿਭਾਗੀ ਜਾਂਚ ਦੀ ਸਿਫ਼ਾਰਸ਼ ਕੀਤੀ ਹੈ ਕਿਉਂਕਿ ਉਸ ਨੇ ਇੱਕ ਸਰਕਾਰੀ ਸੇਵਕ ਨੂੰ ਮੁਲਜ਼ਮ ਵਜੋਂ ਪੇਸ਼ ਕੀਤਾ ਸੀ |
ਮੀਡੀਆ ਸਾਹਮਣੇ ਭਾਵੁਕ ਹੋਏ ਕੇਜਰੀਵਾਲ
ਅਦਾਲਤ ਦੇ ਫ਼ੈਸਲੇ ਉਪਰੰਤ ਮੀਡੀਆ ਨਾਲ ਗੱਲ ਕਰਦੇ ਹੋਏ ਕੇਜਰੀਵਾਲ ਕਾਫ਼ੀ ਭਾਵੁਕ ਹੋ ਗਏ¢ ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਖ਼ਿਲਾਫ਼ ਭਿ੍ਸ਼ਟਾਚਾਰ ਦਾ ਇਹ ਮਾਮਲਾ ਸੁਤੰਤਰ ਇਤਿਹਾਸ ਵਿਚ ਸਭ ਤੋਂ ਵੱਡੀ ਸਿਆਸੀ ਸਾਜਿਸ਼ ਸੀ¢ ਉਨ੍ਹਾਂ ਕਿਹਾ ਕਿ ਅਦਾਲਤ ਨੇ ਸਾਬਤ ਕਰ ਦਿੱਤਾ ਹੈ ਕਿ ਅਸੀਂ ਅਤੇ ਸਾਡੀ ਪਾਰਟੀ ਕੱਟੜ ਇਮਾਨਦਾਰ ਹੈ¢ ਇਸ ਦੌਰਾਨ ਉਨ੍ਹਾਂ ਪੂਰੇ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਨਸੀਹਤ ਦਿੱਤੀ¢ ਉਨ੍ਹਾਂ ਭਾਜਪਾ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਚੰਗੇ ਕੰਮ ਕਰਕੇ ਸੱਤਾ ਵਿਚ ਆਓ¢ ਉਨ੍ਹਾਂ ਕਿਹਾ ਕਿ ਝੂਠੇ ਕੇਸ ਕਰਕੇ ਸਾਨੂੰ ਜੇਲ੍ਹ ਵਿਚ ਸੁੱਟਣਾ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ ¢ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਭਾਜਪਾ ਜਿਸ ਤਰ੍ਹਾਂ ਸ਼ਰਾਬ ਘੁਟਾਲੇ ਦੇ ਬਾਰੇ ਆਖ ਰਹੀ ਸੀ ਅਤੇ ਸਾਡੇ 'ਤੇ ਦੋਸ਼ ਲਗਾ ਰਹੀ ਸੀ, ਅੱਜ ਅਦਾਲਤ ਨੇ ਉਹ ਸਾਰੇ ਦੋਸ਼ਾਂ ਨੂੰ ਖ਼ਾਰਜ ਕਰ ਦਿੱਤਾ ਹੈ ¢
ਅਜੇ ਕਾਨੂੰਨੀ ਮੁਸ਼ਕਿਲਾਂ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈਆਂ
ਕੇਜਰੀਵਾਲ ਤੇ ਹੋਰਨਾਂ ਨੂੰ ਸੀ.ਬੀ.ਆਈ. ਮਾਮਲੇ 'ਚ ਅਦਾਲਤ ਤੋਂ ਕਲੀਨ ਚਿੱਟ ਮਿਲ ਗਈ ਹੈ ਪਰ ਅਜੇ ਉਨ੍ਹਾਂ ਦੀ ਇਹ ਰਾਹਤ ਅਧੂਰੀ ਹੀ ਹੈ, ਕਿਉਂਕਿ ਹਾਲੇ ਕਾਨੂੰਨੀ ਮੁਸ਼ਕਲਾਂ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈਆਂ ਹਨ¢ ਇੱਕ ਤਾਂ ਸੀ.ਬੀ.ਆਈ. ਵਲੋਂ ਹਾਈ ਕੋਰਟ ਵਿਚ ਅਪੀਲ ਦਾਖ਼ਲ ਕੀਤੀ ਗਈ ਹੈ ਅਤੇ ਨਾਲ ਹੀ ਇਸੇ ਸ਼ਰਾਬ ਘੁਟਾਲੇ ਨਾਲ ਜੁੜਿਆ ਮਨੀ ਲਾਂਡਰਿੰਗ ਦਾ ਮਾਮਲਾ ਵੀ ਅਜੇ ਵੱਡੀ ਚੁਨੌਤੀ ਹੈ ¢ ਮਨੀ ਲਾਂਡਰਿੰਗ ਦਾ ਮਾਮਲਾ ਅਜੇ ਬਕਾਇਆ ਹੈ ¢ ਜੇਕਰ ਈ.ਡੀ. ਇਹ ਸਾਬਤ ਕਰਨ ਵਿਚ ਕਾਮਯਾਬ ਰਹੀ ਕਿ ਉਸ ਦੇ ਦੋਸ਼ ਸੀ.ਬੀ.ਆਈ ਦੇ ਦੋਸ਼ਾਂ ਦੀ ਜਾਂਚ ਤੋਂ ਅਲੱਗ ਹਨ ਤਾਂ ਕੇਜਰੀਵਾਲ ਤੇ ਹੋਰਨਾਂ ਲਈ ਫਿਰ ਤੋਂ ਮੁਸ਼ਕਲ ਖੜੀ ਹੋ ਸਕਦੀ ਹੈ ¢ ਹਾਲਾਂਕਿ ਕਾਨੂੰਨੀ ਮਾਹਿਰਾਂ ਮੁਤਾਬਿਕ ਈ.ਡੀ. ਦਾ ਪੂਰਾ ਮਾਮਲਾ ਸੀ.ਬੀ.ਆਈ. ਦੀ ਐੱਫ਼.ਆਈ.ਆਰ. 'ਤੇ ਹੀ ਆਧਾਰਿਤ ਹੈ | ਇਸ ਕਰਕੇ ਮਨੀ ਲਾਂਡਰਿੰਗ ਵਾਲਾ ਕੇਸ ਵੀ ਕਮਜ਼ੋਰ ਹੋ ਸਕਦਾ ਹੈ ¢
ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ ਰਚੀ ਸਾਜਿਸ਼-ਕੇਜਰੀਵਾਲ
ਅਦਾਲਤ ਦੇ ਫ਼ੈਸਲੇ ਤੋਂ ਬਾਅਦ ਸ਼ਾਮ ਨੂੰ ਪ੍ਰੈੱਸ ਕਾਨਫ਼ਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਅਦਾਲਤ ਦੇ ਫ਼ੈਸਲੇ ਨੂੰ ਇਤਿਹਾਸਕ ਕਰਾਰ ਦੇਣ ਦੇ ਨਾਲ ਹੀ ਰਾਊਜ਼ ਐਵਨਿਊ ਕੋਰਟ ਤੋਂ ਇਲਾਵਾ ਉਨ੍ਹਾਂ ਦੀ ਲੜਾਈ ਲੜਨ ਵਾਲੇ ਵਕੀਲਾਂ ਦਾ ਵੀ ਧੰਨਵਾਦ ਕੀਤਾ ¢ ਕੇਜਰੀਵਾਲ ਨੇ ਕਿਹਾ ਕਿ 4 ਸਾਲਾਂ ਤੋਂ ਈ.ਡੀ. ਤੇ ਸੀ.ਬੀ.ਆਈ. ਦੀ ਵਰਤੋਂ ਕਰਕੇ ਆਮ ਆਦਮੀ ਪਾਰਟੀ 'ਤੇ ਸ਼ਰਾਬ ਘੁਟਾਲੇ ਦਾ ਦੋਸ਼ ਲਾਇਆ ਗਿਆ ਪਰ ਅੱਜ ਅਦਾਲਤ ਨੇ ਸਾਫ਼ ਕਰ ਦਿੱਤਾ ਕਿ ਇਹ ਪੂਰਾ ਕੇਸ ਫ਼ਰਜ਼ੀ ਸੀ, ਜਿਸ ਵਿਚ ਇੱਕ ਵੀ ਗਵਾਹ ਨਹੀਂ, ਜਿਸ ਨਾਲ ਮੁਕੱਦਮਾ ਚਲਾਇਆ ਜਾ ਸਕੇ ¢ ਕੇਜਰੀਵਾਲ ਨੇ ਭਾਜਪਾ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਪੂਰੀ ਸਾਜਿਸ਼ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੇ ਰਲ ਕੇ ਰਚੀ ਸੀ ਅਤੇ ਹੁਣ ਉਨ੍ਹਾਂ ਨੂੰ ਦੇਸ਼ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ ¢ ਕੇਜਰੀਵਾਲ ਨੇ ਕਿਹਾ ਕਿ ਅੱਜ ਅਮਰੀਕਾ ਭਾਰਤ ਨੂੰ ਅੱਖਾਂ ਵਿਖਾ ਰਿਹਾ ਹੈ ਪਰ ਪ੍ਰਧਾਨ ਮੰਤਰੀ ਦੀ ਹਿੰਮਤ ਨਹੀਂ ਹੈ ਕਿ ਉਹ ਟਰੰਪ ਦੇ ਖ਼ਿਲਾਫ਼ ਇੱਕ ਸ਼ਬਦ ਵੀ ਬੋਲ ਸਕਣ ¢ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਚਲਾਉਣ ਦੀ ਜ਼ਿੰਮੇਵਾਰੀ ਮਿਲੀ ਸੀ ਪਰ ਉਹ ਸਾਡੇ ਨਾਲ ਉਲਝਦੇ ਗਏ ¢ ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਭਾਜਪਾ ਨੇ ਦਿੱਲੀ ਦਾ ਬੇੜਾ ਗ਼ਰਕ ਕਰ ਦਿੱਤਾ ਹੈ ¢ ਉਨ੍ਹਾਂ ਚੁਨੌਤੀ ਦਿੰਦੇ ਹੋਏ ਕਿਹਾ ਕਿ ਦਿੱਲੀ ਵਿਚ ਦੁਬਾਰਾ ਚੋਣਾਂ ਕਰਵਾ ਕੇ ਵੇਖ ਲਓ ਜੇਕਰ ਭਾਜਪਾ ਦੀਆਂ 10 ਤੋਂ ਜ਼ਿਆਦਾ ਸੀਟਾਂ ਆ ਜਾਣ ਤਾਂ ਉਹ ਸਿਆਸਤ ਛੱਡ ਦੇਣਗੇ ¢
ਦਿੱਲੀ ਅਦਾਲਤ ਵਲੋਂ ਸ਼ਰਾਬ ਘੁਟਾਲਾ ਮਾਮਲੇ 'ਚ ਕੇਜਰੀਵਾਲ ਤੇ ਸਿਸੋਦੀਆ ਸਮੇਤ ਸਾਰੇ 23 ਬਰੀ <br/>
ਅਜੀਤ ਡੈਸਕ
28-02-2026