10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਅਮਰੀਕਾ ਤੇ ਇਜ਼ਰਾਈਲ ਵਲੋਂ ਈਰਾਨ 'ਤੇ ਹਮਲਾ-ਖਾਮੇਨੇਈ ਦੇ ਮਾਰੇ ਜਾਣ ਦਾ ਦਾਅਵਾ <br/>

ਅਜੀਤ ਡੈਸਕ 01-03-2026

* 85 ਵਿਦਿਆਰਥਣਾਂ ਸਮੇਤ 200 ਤੋਂ ਵੱਧ ਮੌਤਾਂ * ਈਰਾਨ ਦਾ ਰੱਖਿਆ ਮੰਤਰੀ ਤੇ ਫ਼ੌਜ ਮੁਖੀ ਮਾਰੇ ਗਏ
* ਈਰਾਨ ਨੇ ਜਵਾਬੀ ਕਾਰਵਾਈ 'ਚ ਦਾਗੀਆਂ 400 ਮਿਜ਼ਾਈਲਾਂ * ਮੱਧ ਪੂਰਬ ਦੇ 9 ਦੇਸ਼ਾਂ 'ਤੇ ਹਮਲਾ

ਦੁਬਈ, 28 ਫਰਵਰੀ (ਏ. ਪੀ.)-ਇਜ਼ਰਾਈਲ ਨੇ ਸਨਿਚਰਵਾਰ ਸਵੇਰੇ ਈਰਾਨ ਦੀ ਰਾਜਧਾਨੀ ਤਹਿਰਾਨ ਸਮੇਤ ਕਈ ਸ਼ਹਿਰਾਂ 'ਤੇ ਵੱਡੇ ਹਮਲੇ ਕੀਤੇ | ਇਜ਼ਰਾਇਲੀ ਅਧਿਕਾਰੀਆਂ ਨੇ ਈਰਾਨ ਦੇ ਸੁਪਰੀਮ ਲੀਡਰ ਅਲੀ ਖਾਮੇਨੇਈ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ | ਇਜ਼ਰਾਈਲ ਦੇ ਇਕ ਸੀਨੀਅਰ ਅਧਿਕਾਰੀ ਨੇ ਰਾਇਟਰ ਨੂੰ ਦੱਸਿਆ ਕਿ ਹਮਲੇ 'ਚ ਖਾਮੇਨੇਈ ਦੀ ਮੌਤ ਹੋ ਗਈ ਹੈ | ਉਨ੍ਹਾਂ ਦੀ ਲਾਸ਼ ਮਲਬੇ 'ਚੋਂ ਮਿਲੀ ਹੈ | ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ | ਇਸ ਤੋਂ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕਿਹਾ ਸੀ ਕਿ ਈਰਾਨ ਦੇ ਸੁਪਰੀਮ ਲੀਡਰ ਖਾਮੇਨੇਈ ਦੇ ਮਾਰੇ ਜਾਣ ਦੇ ਸੰਕੇਤ ਹਨ | ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਰਾਸ਼ਟਰ ਦੇ ਨਾਂਅ ਟੀ.ਵੀ. 'ਤੇ ਸੰਬੋਧਨ ਦੌਰਾਨ ਕਿਹਾ ਕਿ ਹਮਲਿਆਂ ਦਾ ਨਿਸ਼ਾਨਾ ਖਾਮੇਨੇਈ ਦਾ ਕੰਪਲੈਕਸ ਸੀ | ਉਨ੍ਹਾਂ ਕਿਹਾ ਕਿ ਇਸ ਗੱਲ ਦੇ ਸੰਕੇਤ ਵਧ ਰਹੇ ਹਨ ਕਿ ਖਾਮੇਨੇਈ ਹੁਣ ਜ਼ਿੰਦਾ ਨਹੀਂ ਹੈ | ਆਪ੍ਰੇਸ਼ਨ ਸ਼ੁਰੂ ਹੋਣ ਦੇ ਬਾਅਦ ਤੋਂ ਖਾਮੇਨੇਈ ਨੂੰ ਜਨਤਕ ਤੌਰ 'ਤੇ ਨਹੀਂ ਦੇਖਿਆ ਗਿਆ ਹੈ | ਦੂਸਰੇ ਪਾਸੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਰੀਮ ਲੀਡਰ ਖਾਮੇਨੇਈ ਜ਼ਿੰਦਾ ਹੈ ਅਤੇ ਉਹ ਸੁਰੱਖਿਆ ਥਾਂ 'ਤੇ ਮੌਜੂਦ ਹੈ | ਉਧਰ ਅਮਰੀਕਾ ਅਤੇ ਇਜ਼ਰਾਈਲ ਵਲੋਂ ਕੀਤੇ ਹਮਲਿਆਂ 'ਚ 200 ਤੋਂ ਵੱਧ ਵਿਅਕਤੀ ਮਾਰੇ ਗਏ ਅਤੇ 700 ਤੋਂ ਵੱਧ ਜ਼ਖਮੀ ਹੋਏ ਹਨ | ਇਰਨਾ ਖਬਰ ਏਜੰਸੀ ਅਨੁਸਾਰ ਦੱਖਣੀ ਈਰਾਨ 'ਚ ਇਨ੍ਹਾਂ ਹਮਲਿਆਂ 'ਚ 85 ਵਿਦਿਆਰਥਣਾਂ ਦੀ ਮੌਤ ਹੋ ਗਈ ਤੇ 45 ਹੋਰ ਜ਼ਖਮੀ ਹੋ ਗਏ ਹਨ | ਇਸ ਦੇ ਜਵਾਬ 'ਚ ਈਰਾਨ ਨੇ ਇਜ਼ਰਾਈਲ ਵਿਰੁੱਧ ਜਵਾਬੀ ਹਮਲੇ ਕੀਤੇ | ਮੀਡੀਆ ਰਿਪੋਰਟਾਂ ਅਨੁਸਾਰ ਈਰਾਨ ਨੇ ਜਵਾਬੀ ਕਾਰਵਾਈ 'ਚ ਲਗਭਗ 400 ਮਿਜ਼ਾਈਲਾਂ ਦਾਗੀਆਂ | ਇਜ਼ਰਾਈਲ ਤੋਂ ਇਲਾਵਾ ਈਰਾਨ ਨੇ ਕੁਵੈਤ, ਕਤਰ, ਬਹਿਰੀਨ, ਜਾਰਡਨ ਤੇ ਸਾਊਦੀ ਅਰਬ 'ਚ ਅਮਰੀਕੀ ਟਿਕਾਣਿਆਂ 'ਤੇ ਵੀ ਹਮਲਾ ਕੀਤਾ | ਈਰਾਨ ਨੇ ਯੂ.ਏ.ਈ. ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਦੁਬਈ ਨੂੰ ਵੀ ਨਿਸ਼ਾਨਾ ਬਣਾਇਆ | ਦਰਅਸਲ, ਇਜ਼ਰਾਈਲ ਨੇ ਈਰਾਨ ਦੇ ਖੁਫੀਆ ਮੰਤਰਾਲੇ, ਰੱਖਿਆ ਮੰਤਰਾਲੇ, ਸੁਪਰੀਮ ਲੀਡਰ ਖਾਮੇਨੇਈ ਦੇ ਦਫ਼ਤਰ ਤੇ ਈਰਾਨ ਦੇ ਪ੍ਰਮਾਣੂ ਊਰਜਾ ਸੰਗਠਨ ਨੂੰ ਨਿਸ਼ਾਨਾ ਬਣਾਇਆ | ਹਮਲੇ ਤੋਂ ਬਾਅਦ ਖਾਮੇਨੇਈ ਨੂੰ ਸੁਰੱਖਿਅਤ ਥਾਂ 'ਤੇ ਤਬਦੀਲ ਕਰ ਦਿੱਤਾ ਗਿਆ ਹੈ | ਪਹਿਲਾ ਹਮਲਾ ਈਰਾਨ ਦੇ ਸੁਪਰੀਮ ਆਗੂ ਅਯਾਤੁੱਲਾ ਅਲੀ ਖਾਮੇਨੇਈ ਦੇ ਦਫਤਰ ਕੋਲ ਹੋਇਆ | ਈਰਾਨ ਦੇ ਪੈਰਾਮਿਲਟਰੀ ਰੈਵੋਲਿਊਸ਼ਨਰੀ ਗਾਰਡ ਨੇ ਕਿਹਾ ਕਿ ਉਸ ਨੇ ਇਜ਼ਰਾਈਲ ਨੂੰ ਨਿਸ਼ਾਨਾ ਬਣਾਉਂਦਿਆਂ ਡਰੋਨ ਤੇ ਮਿਜ਼ਾਈਲਾਂ ਦੀ 'ਪਹਿਲੀ ਲਹਿਰ' ਲਾਂਚ ਕਰਕੇ ਜਵਾਬ ਦਿੱਤਾ | ਇਸ ਦੌਰਾਨ ਬਹਿਰੀਨ ਨੇ ਕਿਹਾ ਕਿ ਇਕ ਮਿਜ਼ਾਈਲ ਹਮਲੇ 'ਚ ਆਈਲੈਂਡ ਕਿੰਗਡਮ 'ਚ ਅਮਰੀਕੀ ਨੇਵੀ ਦੇ 5ਵੇਂ ਫਲੀਟ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ ਗਿਆ | ਜਿਵੇਂ ਹੀ ਈਰਾਨੀ ਮੀਡੀਆ ਨੇ ਦੇਸ਼ ਭਰ 'ਚ ਹਮਲਿਆਂ ਦੀ ਖ਼ਬਰ ਦਿੱਤੀ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਇਕ ਵੀਡੀਓ 'ਚ ਕਿਹਾ ਕਿ ਅਮਰੀਕਾ ਨੇ 'ਈਰਾਨ 'ਚ ਵੱਡੀ ਲੜਾਕੂ ਕਾਰਵਾਈ' ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਨੇ ਦਾਅਵਾ ਕੀਤਾ ਕਿ ਈਰਾਨ ਆਪਣਾ ਪ੍ਰਮਾਣੂ ਪੋ੍ਰਗਰਾਮ ਵਿਕਸਿਤ ਕਰ ਰਿਹਾ ਹੈ ਅਤੇ ਅਮਰੀਕਾ ਤੱਕ ਪਹੁੰਚਣ ਦੇ ਲਈ ਮਿਜ਼ਾਈਲਾਂ ਵਿਕਸਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ | ਉਨ੍ਹਾਂ ਨੇ ਈਰਾਨੀ ਲੋਕਾਂ ਨੂੰ ਅਪੀਲ ਕੀਤੀ ਕਿ 'ਆਪਣੀ ਸਰਕਾਰ ਸੰਭਾਲੋ-ਇਹ ਤੁਹਾਡੀ ਹੋਵੇਗੀ |' ਟਰੰਪ ਨੇ ਮੰਨਿਆ ਕਿ ਈਰਾਨ ਦੇ ਹਮਲਿਆਂ ਦੇ ਬਾਅਦ ਅਮਰੀਕੀ ਜਾਨੀ ਨੁਕਸਾਨ ਹੋ ਸਕਦਾ ਹੈ ਅਤੇ ਕਿਹਾ ਕਿ 'ਜੰਗ 'ਚ ਅਕਸਰ ਅਜਿਹਾ ਹੁੰਦਾ ਹੈ |' ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿ ਸਾਂਝਾ ਹਮਲਾ ਈਰਾਨ ਤੋਂ ਪੈਦਾ ਹੋਏ 'ਮੌਜੂਦਾ ਖਤਰੇ ਨੂੰ ਦੂਰ ਕਰਨ' ਦੇ ਲਈ ਸੀ | ਨੇਤਨਯਾਹੂ ਨੇ ਕਿਹਾ, ਸਾਡੀ ਸਾਂਝੀ ਕਾਰਵਾਈ ਬਹਾਦਰ ਈਰਾਨੀ ਲੋਕਾਂ ਦੇ ਲਈ ਆਪਣੀ ਕਿਸਮਤ ਆਪਣੇ ਹੱਥਾਂ 'ਚ ਲੈਣ ਦੇ ਹਾਲਾਤ ਬਣਾਵੇਗੀ |' ਈਰਾਨ ਦੇ ਹਮਲਿਆਂ ਦੇ ਕੁਝ ਘੰਟਿਆਂ ਦੇ ਬਾਅਦ, ਉੱਤਰੀ ਇਜ਼ਰਾਈਲ 'ਚ ਧਮਾਕੇ ਹੋਏ, ਕਿਉਂਕਿ ਦੇਸ਼ ਆਉਣ ਵਾਲੀਆਂ ਈਰਾਨੀ ਮਿਜ਼ਾਈਲਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ | ਇਹ ਧਮਾਕੇ ਉਦੋਂ ਹੋਏ ਜਦੋਂ ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹ ਈਰਾਨੀ ਗੋਲੀਬਾਰੀ ਨੂੰ ਰੋਕਣ ਦੇ ਲਈ ਆਪਣੇ ਹਵਾਈ ਰੱਖਿਆ ਪ੍ਰਣਾਲੀ ਦਾ ਇਸਤੇਮਾਲ ਕਰੇਗੀ |' ਜਾਰਡਨ 'ਚ ਸਾਇਰਨ ਵੱਜ ਰਹੇ ਸਨ | ਇਜ਼ਰਾਈਲ ਦੇ ਕਈ ਹਸਪਤਾਲਾਂ ਨੇ ਆਪਣੇ ਐਮਰਜੈਂਸੀ ਪ੍ਰੋਟੋਕਾਲ ਸ਼ੁਰੂ ਕਰ ਦਿੱਤੇ, ਜਿਸ ਵਿਚ ਮਰੀਜ਼ਾਂ ਅਤੇ ਸਰਜਰੀ ਨੂੰ ਜ਼ਮੀਨ ਹੇਠਲੀਆਂ ਥਾਂਵਾਂ 'ਤੇ ਲੈ ਕੇ ਜਾਣਾ ਵੀ ਸ਼ਾਮਿਲ ਸੀ | ਇਸ ਦੌਰਾਨ ਸੰਯੁਕਤ ਅਰਬ ਅਮੀਰਾਤ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ | ਤਹਿਰਾਨ 'ਚ ਵੀ ਧਮਾਕੇ ਸੁਣੇ ਗਏ | ਤਹਿਰਾਨ ਦੇ ਡਾਊਨਟਾਊਨ 'ਚ ਖਾਮੇਨੇਈ ਦੇ ਅਹਾਤੇ ਦੀਆਂ ਸੜਕਾਂ ਅਧਿਕਾਰੀਆਂ ਨੇ ਬੰਦ ਕਰ ਦਿੱਤੀਆਂ ਸਨ, ਕਿਉਂਕਿ ਰਾਜਧਾਨੀ 'ਚ ਦੂਸਰੇ ਧਮਾਕੇ ਵੀ ਸੁਣਾਈ ਦੇ ਰਹੇ ਸਨ | ਟਰਾਂਸਪੋਰਟ ਮੰਤਰਾਲੇ ਦੇ ਅਨੁਸਾਰ, ਗੁਆਂਢੀ ਇਰਾਕ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ | ਤਹਿਰਾਨ 'ਚ ਗਵਾਹਾਂ ਨੇ ਖਾਮੇਨੇਈ ਦੇ ਦਫਤਰ ਦੇ ਕੋਲ ਪਹਿਲਾ ਧਮਾਕਾ ਸੁਣਿਆ | ਈਰਾਨੀ ਸਰਕਾਰੀ ਟੈਲੀਵਿਜ਼ਨ ਨੇ ਬਾਅਦ 'ਚ ਬਿਨਾਂ ਕੋਈ ਵਜ੍ਹਾ ਦੱਸਿਆ ਧਮਾਕੇ ਦੀ ਜਾਣਕਾਰੀ ਦਿੱਤੀ | ਇਜ਼ਰਾਈਲ ਦੇ ਦੇਸ਼ 'ਤੇ ਹਮਲਾ ਕਰਨ ਦੀ ਗੱਲ ਕਹਿਣ ਦੇ ਬਾਅਦ ਈਰਾਨ ਦੀ ਰਾਜਧਾਨੀ 'ਚ ਹੋਰ ਧਮਾਕੇ ਹੋਏ | ਇਸ ਦੌਰਾਨ, ਈਰਾਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਅਤੇ ਮੋਬਾਈਲ ਫੋਨ ਸੇਵਾਵਾਂ ਵੀ ਕੱਟ ਦਿੱਤੀਆਂ ਗਈਆਂ | ਪਾਇਲਟਾਂ ਨੂੰ ਚਿਤਾਵਨੀ ਉਦੋਂ ਦਿੱਤੀ ਗਈ ਜਦੋਂ ਪੂਰੇ ਤਹਿਰਾਨ 'ਚ ਧਮਾਕੇ ਗੂੰਜ ਰਹੇ ਸਨ | ਇਸ ਦੌਰਾਨ ਯਮਨ 'ਚ ਈਰਾਨ ਦੇ ਸਮਰਥਕ ਹੂਤੀ ਨੇ ਲਾਲ ਸਾਗਰ ਸ਼ਿੰਪਿੰਗ ਰੂਟ ਅਤੇ ਇਜ਼ਰਾਈਲ 'ਤੇ ਮਿਜ਼ਾਈਲ ਅਤੇ ਡਰੋਨ ਹਮਲੇ ਫਿਰ ਤੋਂ ਸ਼ੁਰੂ ਕਰਨ ਦੀ ਸਹੁੰ ਖਾਧੀ ਹੈ, ਅਜਿਹਾ ਹੂਥੀ ਦੇ ਦੋ ਸੀਨੀਅਰ ਅਧਿਕਾਰੀਆਂ ਨੇ ਦੱਸਿਆ |

ਪਿਛਲੀ ਖ਼ਬਰ ਦੁਨੀਆ ਭਰ 'ਚ ਹਵਾਈ ਉਡਾਣਾਂ ਪ੍ਰਭਾਵਿਤ <br/> ਅਗਲੀ ਖ਼ਬਰ ਏਅਰ ਇੰਡੀਆ ਵਲੋਂ ਯੂਰਪ, ਅਮਰੀਕਾ ਤੇ ਕੈਨੇਡਾ ਲਈ 28 ਉਡਾਣਾਂ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।