• ਮਿ੍ਤਕਾਂ 'ਚ 11 ਬੱਚੇ • ਤਾਲਿਬਾਨ ਵਲੋਂ ਹਵਾਈ ਖੇਤਰ ਦੀ ਉਲੰਘਣਾ ਦਾ ਦੋਸ਼
ਸੁਰਿੰਦਰ ਕੋਛੜ
ਅੰਮਿ੍ਤਸਰ, 10 ਜੂਨ-ਪਾਕਿਸਤਾਨ ਨੇ ਬੀਤੀ ਰਾਤ ਲਗਭਗ 8:12 ਵਜੇ ਅਫ਼ਗਾਨਿਸਤਾਨ ਦੇ ਕੁਨਾਰ, ਖੋਸਤ ਅਤੇ ਪਕਤਿਕਾ ਪ੍ਰਾਂਤਾਂ 'ਚ ਹਵਾਈ ਹਮਲੇ ਕੀਤੇ | ਤਾਲਿਬਾਨ ਅਨੁਸਾਰ ਇਨ੍ਹਾਂ ਹਮਲਿਆਂ 'ਚ 26 ਤੋਂ ਵੱਧ ਲੋਕ ਮਾਰੇ ਗਏ | ਮਿ੍ਤਕਾਂ 'ਚ 11 ਬੱਚੇ, ਇਕ ਔਰਤ ਅਤੇ ਇਕ ਬਜ਼ੁਰਗ ਵਿਅਕਤੀ ਵੀ ਸ਼ਾਮਿਲ ਹੈ | ਪਾਕਿ ਦੇ ਇਨ੍ਹਾਂ ਹਵਾਈ ਹਮਲਿਆਂ 'ਚ 15 ਅਫ਼ਗਾਨ ਔਰਤਾਂ, 8 ਬੱਚੇ ਅਤੇ ਹੋਰਨਾਂ ਸਮੇਤ 30 ਤੋਂ ਵੱਧ ਲੋਕ ਜ਼ਖ਼ਮੀ ਵੀ ਹੋਏ ਹਨ | ਜਾਣਕਾਰੀ ਅਨੁਸਾਰ ਤਾਜ਼ਾ ਹਮਲਾ ਪਕਤਿਕਾ ਸੂਬੇ ਦੇ ਬਰਮਲ ਜ਼ਿਲ੍ਹੇ ਦੇ ਕਾਜੀ ਖੇਲ ਖੇਤਰ 'ਚ ਕੀਤਾ ਗਿਆ | ਪਾਕਿਸਤਾਨੀ ਹਵਾਈ ਹਮਲੇ 'ਚ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ | ਇੱਥੇ 10 ਲੋਕ ਮਾਰੇ ਗਏ ਅਤੇ 14 ਔਰਤਾਂ ਜ਼ਖ਼ਮੀ ਹੋਈਆਂ | ਇਹ ਵੀ ਜਾਣਕਾਰੀ ਮਿਲੀ ਹੈ ਕਿ ਅਫ਼ਗਾਨਿਸਤਾਨ ਦੇ ਖੋਸਤ ਪ੍ਰਾਂਤ ਦੇ ਸਪੇਰਾ ਜ਼ਿਲ੍ਹੇ ਦੇ ਮਨਾਏ ਪਿੰਡ 'ਚ ਪਾਕਿਸਤਾਨੀ ਹਵਾਈ ਹਮਲੇ 'ਚ 9 ਲੋਕ ਮਾਰੇ ਗਏ, ਜਿਨ੍ਹਾਂ 'ਚ ਇਕ ਔਰਤ ਅਤੇ 8 ਬੱਚੇ ਸ਼ਾਮਿਲ ਹਨ | ਮਾਰੇ ਗਏ ਸਾਰੇ ਬੱਚਿਆਂ ਦੀ ਉਮਰ 7 ਤੋਂ 10 ਸਾਲ ਦੇ ਵਿਚਕਾਰ ਸੀ | ਹਮਲੇ ਦੌਰਾਨ ਬਾਬਰੀ ਨਾਂਅ ਦੇ ਇਕ ਸਥਾਨਕ ਅਫ਼ਗਾਨ ਨਿਵਾਸੀ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ | ਹਾਲਾਂਕਿ, ਪਾਕਿ ਨੇ ਅਜੇ ਤੱਕ ਇਸ ਕਾਰਵਾਈ ਬਾਰੇ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ | ਇਸਲਾਮਿਕ ਅਮੀਰਾਤ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਪਾਕਿਸਤਾਨ ਨੇ ਕੱਲ੍ਹ ਰਾਤ ਇਕ ਵਾਰ ਫਿਰ ਅਫ਼ਗਾਨਿਸਤਾਨ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ | ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨੀ ਹਵਾਈ ਹਮਲਿਆਂ ਨੇ ਕੁਨਾਰ, ਖੋਸਤ ਅਤੇ ਪਕਤਿਕਾ ਪ੍ਰਾਂਤਾਂ 'ਚ ਨਾਗਰਿਕ ਘਰਾਂ ਨੂੰ ਨਿਸ਼ਾਨਾ ਬਣਾਇਆ |
ਕਰਜ਼ਈ ਨੇ ਔਰਤਾਂ ਅਤੇ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੀਤੀ ਨਿੰਦਾ
ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਪਾਕਿ ਵਲੋਂ ਅਫ਼ਗਾਨਿਸਤਾਨ ਦੇ ਹਵਾਈ ਖੇਤਰ ਦੀ ਉਲੰਘਣਾ ਅਤੇ ਕੁਨਾਰ, ਖੋਸਤ ਅਤੇ ਪਕਤਿਕਾ ਪ੍ਰਾਂਤਾਂ 'ਚ ਔਰਤਾਂ ਅਤੇ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਖ਼ਤ ਨਿੰਦਾ ਕੀਤੀ ਹੈ | ਕਰਜ਼ਈ ਨੇ ਪੀੜਤ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ |
ਟੀ. ਟੀ. ਪੀ. ਕਮਾਂਡਰ ਉਮਰ ਮਨਸੂਰ ਨੂੰ ਮਾਰਨ ਦਾ ਦਾਅਵਾ
ਕੁਝ ਪਾਕਿਸਤਾਨੀ ਮੀਡੀਆ ਅਦਾਰਿਆਂ ਨੇ ਪਾਕਿ ਵਲੋਂ ਅਫ਼ਗਾਨਿਸਤਾਨ 'ਚ ਕੀਤੇ ਗਏ ਹਵਾਈ ਹਮਲਿਆਂ ਦੀਆਂ ਕਥਿਤ ਫੁਟੇਜ ਜਾਰੀ ਕੀਤੀਆਂ ਹਨ | ਇਨ੍ਹਾਂ ਹਮਲਿਆਂ 'ਚ ਅਫ਼ਗਾਨਿਸਤਾਨ ਵਿਚ ਟੀ. ਟੀ. ਪੀ. (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਸਮੂਹ ਦੇ ਮੁੱਖ ਕਮਾਂਡਰ ਉਮਰ ਮਨਸੂਰ ਨੂੰ ਮਾਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ |
ਪਾਕਿ ਵਲੋਂ ਅਫ਼ਗਾਨਿਸਤਾਨ 'ਤੇ ਮੁੜ ਹਵਾਈ ਹਮਲੇ-26 ਮੌਤਾਂ
ਪਾਕਿਸਤਾਨੀ ਹਵਾਈ ਹਮਲੇ 'ਚ ਢਹਿ-ਢੇਰੀ ਹੋਏ ਘਰ | ਤਸਵੀਰ ਰਾਹੀਂ : ਸੁਰਿੰਦਰ ਕੋਛੜ<br/>
11-06-2026