ਮੁੱਲਾਂਪੁਰ-ਦਾਖਾ, 3 ਜੂਨ (ਨਿਰਮਲ ਸਿੰਘ ਧਾਲੀਵਾਲ)-ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ (ਮੁੱਲਾਂਪੁਰ) ਦੇ ਪ੍ਰਬੰਧਕਾਂ ਵਲੋਂ ਆਪਣੇ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਸਿੱਖਿਆਤਮਕ ਅਤੇ ਮਨੋਰੰਜਕ ਟੂਰ ਦਾ ਪ੍ਰਬੰਧ ਕੀਤਾ ਗਿਆ | ਪੰਜ ਰੋਜ਼ਾ ਸਕੂਲ ਟੂਰ ਦੌਰਾਨ ਵਿਦਿਆਰਥੀ ਹਿਮਾਚਲ ਪ੍ਰਦੇਸ਼ ਦੇ ਹਿੱਲ ਸਟੇਸ਼ਨ ਬਰੌਟ ਵੈਲੀ ਘੁੰਮਣ ਗਏ | ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਕੁਦਰਤ ਦੇ ਨੇੜੇ ਰਹਿ ਕੇ ਨਵੇਂ-ਨਵੇਂ ਤਜਰਬੇ ਹਾਸਲ ਕੀਤੇ | ਬਰੌਟ ਵੈਲੀ ਵਿਖੇ ਜਿੱਥੇ ਵਿਦਿਆਰਥੀਆਂ ਨੇ ਯੋਗਾ, ਲੈਪਸ ਫੋਲ, ਜਿਪ ਲਾਈਨ, ਟ੍ਰੈਕਿੰਗ, ਟੀਮ ਬਿਲਡਿੰਗ, ਕਈ ਹੋਰ ਗਤੀਵਿਧੀਆਂ ਵਿਚ ਹਿੱਸਾ ਲਿਆ, ਉਥੇ ਵਿਦਿਆਰਥੀਆਂ ਵਿਚ ਖਾਣਾ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ | ਟੂਰ ਦੌਰਾਨ ਵਿਦਿਆਰਥੀਆਂ ਨੂੰ ਬਰੌਟ ਵੈਲੀ ਅਤੇ ਆਸ-ਪਾਸ ਦੇ ਖੇਤਰਾਂ ਦੀ ਸੈਰ ਵੀ ਕਰਵਾਈ ਗਈ, ਜਿੱਥੇ ਉਨ੍ਹਾਂ ਨੂੰ ਹਿਮਾਚਲੀ ਸੱਭਿਆਚਾਰ, ਰੀਤੀ-ਰਿਵਾਜ਼ਾਂ ਅਤੇ ਸਥਾਨਕ ਜੀਵਨ ਸ਼ੈਲੀ ਨਾਲ ਜਾਣੂ ਕਰਵਾਇਆ ਗਿਆ | ਇਸ ਟੂਰ ਨੇ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ, ਟੀਮ ਵਰਕ ਅਤੇ ਲੀਡਰਸ਼ਿਪ ਗੁਣਾਂ ਨੂੰ ਹੋਰ ਮਜ਼ਬੂਤ ਕੀਤਾ | ਸਕੂਲ ਦੇ ਪ੍ਰਬੰਧਕੀ ਚੇਅਰਮੈਨ ਬਲਦੇਵ ਕਿ੍ਸ਼ਨ ਅਰੋੜਾ ਵਿਦਿਆਰਥੀਆਂ ਦੇ ਇਸ ਟੂਰ 'ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਅਜਿਹੇ ਟੂਰ ਵਿਦਿਆਰਥੀਆਂ ਅੰਦਰ ਆਤਮ ਵਿਸ਼ਵਾਸ਼, ਕੁਦਰਤ ਦੇ ਨੇੜੇ ਜਾਣ ਅਤੇ ਹੋਰ ਨਵੇਂ ਤਜ਼ਰਬਿਆਂ ਨੂੰ ਗ੍ਰਹਿਣ ਕਰਨ ਲਈ ਸਹਾਈ ਬਣਦੇ ਹਨ | ਸਕੂਲ ਦੇ ਹਿਮਾਚਲ ਟੂਰ ਦੌਰਾਨ ਸੁਪਰਵਾਈਜਰ ਹਰਪ੍ਰੀਤ ਕੌਰ ਵਿਰਕ, ਕੋਆਰਡੀਨੇਟਰ ਮਨਜੀਤ ਕੌਰ, ਅਧਿਆਪਕਾ ਗੁਰਪ੍ਰੀਤ ਕੌਰ, ਬਬੀਤਾ ਚੌਹਾਨ ਹੋਰ ਅਧਿਆਪਕ ਵਿਦਿਆਰਥੀਆਂ ਨਾਲ ਮੌਜੂਦ ਰਹੇ |