03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਗਰ ਕੌਂਸਲ ਰੂਪਨਗਰ 'ਤੇ ਪਹਿਲੀ ਵਾਰ 'ਆਪ' ਦਾ ਕਬਜ਼ਾ, 21 'ਚੋਂ 12 ਸੀਟਾਂ ਜਿੱਤ ਕੇ ਹਾਸਲ ਕੀਤਾ ਪੂਰਨ ਬਹੁਮਤ <br/>

ਅਜੀਤ ਡੈਸਕ 30-05-2026
ਰੂਪਨਗਰ, 29 ਮਈ (ਸਤਨਾਮ ਸਿੰਘ ਸੱਤੀ)- ਨਗਰ ਕੌਂਸਲ ਰੂਪਨਗਰ ਦੀਆਂ 21 ਵਾਰਡਾਂ ਲਈ ਹੋਈਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 12 ਸੀਟਾਂ ਜਿੱਤ ਕੇ ਪੂਰਨ ਬਹੁਮਤ ਹਾਸਲ ਕਰ ਲਿਆ ਹੈ | ਇਸ ਜਿੱਤ ਨਾਲ ਪਹਿਲੀ ਵਾਰ ਨਗਰ ਕੌਂਸਲ ਰੂਪਨਗਰ 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋ ਗਿਆ ਹੈ | ਭਾਰਤੀ ਜਨਤਾ ਪਾਰਟੀ ਨੇ ਉਮੀਦਾਂ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ 4 ਸੀਟਾਂ ਜਿੱਤ ਕੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਸ਼੍ਰੋਮਣੀ ਅਕਾਲੀ ਦਲ 3 ਸੀਟਾਂ ਨਾਲ ਤੀਜੇ ਨੰਬਰ 'ਤੇ ਰਿਹਾ | ਇੱਕ ਸੀਟ ਆਜ਼ਾਦ ਉਮੀਦਵਾਰ ਦੇ ਖਾਤੇ 'ਚ ਗਈ ਜਦਕਿ ਪਿਛਲੇ ਪੰਜ ਸਾਲਾਂ ਤੋਂ ਨਗਰ ਕੌਂਸਲ ਦੀ ਸੱਤਾ ਸੰਭਾਲ ਰਹੀ ਕਾਂਗਰਸ ਪਾਰਟੀ ਮਹਿਜ਼ ਇੱਕ ਸੀਟ ਜਿੱਤ ਕੇ ਆਪਣਾ ਖਾਤਾ ਖੋਲ੍ਹ ਸਕੀ | ਨਤੀਜੇ ਐਲਾਨੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਖੇਮੇ 'ਚ ਖੁਸ਼ੀ ਦੀ ਲਹਿਰ ਦੌੜ ਗਈ | ਗਿਣਤੀ ਕੇਂਦਰ ਦੇ ਬਾਹਰ ਢੋਲ-ਢਮੱਕੇ ਵੱਜਣੇ ਸ਼ੁਰੂ ਹੋ ਗਏ ਤੇ ਜਿਉਂ ਹੀ ਪਾਰਟੀ ਦੇ ਜੇਤੂ ਉਮੀਦਵਾਰ ਬਾਹਰ ਆਏ ਤਾਂ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਮੌਕੇ 'ਤੇ ਪਹੁੰਚ ਗਏ | ਪਾਰਟੀ ਵਰਕਰਾਂ ਨੇ ਵਿਧਾਇਕ ਤੇ ਜੇਤੂ ਕੌਂਸਲਰਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ | ਇਸ ਮੌਕੇ ਸਮਰਥਕਾਂ ਨੇ ਭੰਗੜੇ ਪਾ ਕੇ ਅਤੇ ਢੋਲ ਦੀ ਥਾਪ 'ਤੇ ਨੱਚ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ | ਇਸ ਤੋਂ ਬਾਅਦ ਵਿਧਾਇਕ ਦਿਨੇਸ਼ ਚੱਢਾ ਤੇ ਸਾਰੇ ਜੇਤੂ ਉਮੀਦਵਾਰਾਂ ਦੀ ਅਗਵਾਈ ਵਿੱਚ ਗੁਰਦੁਆਰਾ ਸਿੰਘ ਸਭਾ ਤੇ ਮੰਦਰ ਪਿੱਪਲ ਵਾਲਾ ਤੱਕ ਜੇਤੂ ਮਾਰਚ ਕੱਢਿਆ ਗਿਆ ਜਿੱਥੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ | ਜੇਤੂ ਜਲੂਸ ਦੌਰਾਨ ਲੋਕਾਂ ਨੇ ਥਾਂ-ਥਾਂ 'ਤੇ ਜੇਤੂ ਉਮੀਦਵਾਰਾਂ ਦਾ ਸਵਾਗਤ ਕੀਤਾ ਤੇ ਵਧਾਈਆਂ ਦਿੱਤੀਆਂ | ਆਗੂਆਂ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਸ਼ਹਿਰ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ | ਚੋਣ ਨਤੀਜਿਆਂ 'ਚ ਸਭ ਤੋਂ ਭਾਵੁਕ ਪਲ ਉਸ ਵੇਲੇ ਆਇਆ ਜਦੋਂ ਮਰਹੂਮ ਪੰਜ ਵਾਰ ਦੇ ਕੌਂਸਲਰ ਪੋਮੀ ਸੋਨੀ ਦੀ ਪਤਨੀ ਕਿਰਨ ਸੋਨੀ ਆਜ਼ਾਦ ਉਮੀਦਵਾਰ ਵਜੋਂ ਜਿੱਤ ਕੇ ਬਾਹਰ ਆਈ | ਕੁਝ ਮਹੀਨੇ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਪੋਮੀ ਸੋਨੀ ਦਾ ਅਚਾਨਕ ਦੇਹਾਂਤ ਹੋ ਗਿਆ ਸੀ | ਜਿੱਤ ਦੀ ਖ਼ਬਰ ਸੁਣਦਿਆਂ ਹੀ ਕਿਰਨ ਸੋਨੀ ਭਾਵੁਕ ਹੋ ਗਈ ਤੇ ਉਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਵਹਿ ਤੁਰੇ | ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਇਸ ਮੌਕੇ ਖੁਸ਼ੀ ਤੇ ਭਾਵਨਾਵਾਂ ਨਾਲ ਭਰ ਗਏ | ਇਨ੍ਹਾਂ ਚੋਣਾਂ ਵਿਚ ਇੱਕ ਹੋਰ ਵਿਸ਼ੇਸ਼ ਗੱਲ ਸਾਹਮਣੇ ਆਈ | ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਤੇ ਉਨ੍ਹਾਂ ਦੀ ਪਤਨੀ ਤਰਨਜੀਤ ਕੌਰ ਸਤਿਆਲ ਦੋਵੇਂ ਚੋਣ ਜਿੱਤਣ ਵਿਚ ਕਾਮਯਾਬ ਰਹੇ | ਇਸ ਤੋਂ ਪਹਿਲਾਂ ਮਰਹੂਮ ਕੌਮੀ ਸੋਨੀ ਤੇ ਉਸ ਦੀ ਪਤਨੀ ਇਕੱਠੇ ਚੋਣ ਜਿੱਤੇ ਸਨ | ਹੈਰਾਨੀਜਨਕ ਨਤੀਜਿਆਂ 'ਚ ਨਗਰ ਕੌਂਸਲ ਦੀ ਪਿਛਲੀ ਟਰਮ ਦੇ ਪ੍ਰਧਾਨ ਅਸ਼ੋਕ ਵਾਹੀ ਦੀ ਹਾਰ ਵੀ ਸ਼ਾਮਲ ਰਹੀ | ਅਸ਼ੋਕ ਵਾਹੀ ਨੂੰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਮਿੰਦਰ ਪਾਲ ਸਿੰਘ ਭੁੰਡੀਵਾਲੀਆ ਨੇ ਵੱਡੇ ਫਰਕ ਨਾਲ ਹਰਾਇਆ | ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਆਪਣੀ ਸੀਟ ਬਚਾਉਣ ਵਿੱਚ ਕਾਮਯਾਬ ਰਹੇ ਹਾਲਾਂਕਿ ਉਨ੍ਹਾਂ ਦੀ ਨੂੰ ਹ ਚੋਣ ਹਾਰ ਗਈ | ਭਾਰਤੀ ਜਨਤਾ ਪਾਰਟੀ ਨੇ ਵੀ ਇਨ੍ਹਾਂ ਚੋਣਾਂ ਵਿੱਚ ਆਪਣੇ ਸੰਗਠਨ ਦੀ ਮਜ਼ਬੂਤੀ ਦਾ ਪ੍ਰਦਰਸ਼ਨ ਕੀਤਾ | ਪਾਰਟੀ ਨੇ 4 ਸੀਟਾਂ ਜਿੱਤ ਕੇ ਆਪਣੀ ਪੁਰਾਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲੋਂ ਇੱਕ ਸੀਟ ਵੱਧ ਹਾਸਲ ਕੀਤੀ | ਦੂਜੇ ਪਾਸੇ ਕਾਂਗਰਸ ਪਾਰਟੀ ਲਈ ਇਹ ਚੋਣਾਂ ਵੱਡਾ ਝਟਕਾ ਸਾਬਤ ਹੋਈਆਂ | 21 ਵਾਰਡਾਂ ਵਿਚੋਂ 14 ਉਮੀਦਵਾਰ ਮੈਦਾਨ ਵਿੱਚ ਉਤਾਰਨ ਵਾਲੀ ਕਾਂਗਰਸ ਨੂੰ ਸਿਰਫ਼ ਇੱਕ ਸੀਟ ਨਾਲ ਹੀ ਸੰਤੁਸ਼ਟ ਹੋਣਾ ਪਿਆ | ਚੋਣਾਂ ਦੇ ਵਿਸ਼ਲੇਸ਼ਣ ਮੁਤਾਬਿਕ ਕਈ ਰਾਜਨੀਤਿਕ ਸਮੀਕਰਨ ਤੇ ਅਨੁਮਾਨ ਸਹੀ ਸਾਬਤ ਹੋਏ | ਆਮ ਆਦਮੀ ਪਾਰਟੀ ਨੂੰ 11 ਤੋਂ 12 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਸੀ ਜੋ ਲਗਭਗ ਸਹੀ ਸਾਬਤ ਹੋਇਆ | ਇਸੇ ਤਰ੍ਹਾਂ ਅਕਾਲੀ ਦਲ ਲਈ 2 ਤੋਂ 4 ਤੇ ਭਾਜਪਾ ਲਈ 1 ਤੋਂ 4 ਸੀਟਾਂ ਦਾ ਅੰਦਾਜ਼ਾ ਵੀ ਹਕੀਕਤ ਦੇ ਕਾਫ਼ੀ ਨੇੜੇ ਰਿਹਾ | ਹੁਣ ਨਗਰ ਕੌਂਸਲ ਦੇ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ | ਸਿਆਸੀ ਹਲਕਿਆਂ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਆਪਣੇ ਪਰਿਵਾਰ ਦੀਆਂ ਦੋ ਸੀਟਾਂ ਜਿਤਾਉਣ ਵਾਲੇ ਤੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਮਿਲਦੀ ਹੈ ਜਾਂ ਪਾਰਟੀ ਕੋਈ ਹੋਰ ਫੈਸਲਾ ਕਰਦੀ ਹੈ | ਇਸ ਦਾ ਜਵਾਬ ਆਉਣ ਵਾਲੇ ਦਿਨਾਂ 'ਚ ਮਿਲੇਗਾ | ਫਿਲਹਾਲ ਇਨ੍ਹਾਂ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਰੂਪਨਗਰ ਦੀ ਸਿਆਸਤ 'ਚ ਆਮ ਆਦਮੀ ਪਾਰਟੀ ਨੇ ਨਵਾਂ ਅਧਿਆਏ ਲਿਖਦਿਆਂ ਪਹਿਲੀ ਵਾਰ ਨਗਰ ਕੌਂਸਲ 'ਤੇ ਆਪਣਾ ਝੰਡਾ ਬੁਲੰਦ ਕਰ ਦਿੱਤਾ ਹੈ |

ਪਿਛਲੀ ਖ਼ਬਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਟਕਰਾਅ ਟਲ਼ਿਆ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਨਗਰ ਕੌਂਸਲ ਦੀ ਚੋਣ ਵਿਚ ਕਾਂਗਰਸ ਨੂੰ 7, 'ਆਪ' ਨੂੰ 3 ਅਤੇ 3 ਸੀਟਾਂ ਆਜ਼ਾਦ ਉਮੀਦਵਾਰਾਂ ਦੇ ਹਿੱਸੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।