ਸ੍ਰੀ ਮੁਕਤਸਰ ਸਾਹਿਬ, 1 ਮਾਰਚ (ਹਰਮਹਿੰਦਰ ਪਾਲ)-40 ਮੁਕਤਿਆਂ ਦੇ 300ਵੇਂ ਸ਼ਹੀਦੀ ਦਿਵਸ ਦੀ ਯਾਦ 'ਚ 2005 'ਚ ਮਾਰਕਫ਼ੈੱਡ ਵਲੋਂ ਡੀ.ਸੀ. ਕੰਪਲੈਕਸ ਦੇ ਨੇੜੇ ਬਣਾਇਆ ਗਿਆ ਮੁਕਤ-ਏ-ਮੀਨਾਰ ਪਾਰਕ ਅੱਜ ਬਦਹਾਲ ਹਾਲਤ 'ਚ ਹੈ | ਪਾਰਕ ਦੀ ਸੰਭਾਲ ਨਾ ਹੋਣ ਕਾਰਨ ਇਹ ਨਸ਼ੇੜੀਆਂ ਦਾ ਅੱਡਾ ਬਣ ਗਿਆ ਹੈ, ਜਿਸ ਨਾਲ ਇੱਥੇ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਵੀ ਵਧ ਰਹੀਆਂ ਹਨ | ਪਾਰਕ 'ਚ ਲੱਗੀਆਂ ਟਾਇਲਾਂ ਕਈ ਥਾਵਾਂ ਤੋਂ ਟੁੱਟੀਆਂ ਹੋਈਆਂ ਹਨ ਤੇ ਸੁੰਦਰਤਾ ਲਈ ਲਗਾਈਆਂ ਗਈਆਂ ਲਾਈਟਾਂ ਖ਼ਰਾਬ ਹੋ ਕੇ ਹੇਠਾਂ ਡਿੱਗ ਚੁੱਕੀਆਂ ਹਨ | ਲੋਕਾਂ ਵਲੋਂ ਬਲਬ ਤੱਕ ਕੱਢ ਕੇ ਲਿਜਾਏ ਜਾ ਚੁੱਕੇ ਹਨ | ਪਾਰਕ ਦੀ ਗਰਿੱਲ ਤੇ ਹੋਰ ਸਾਮਾਨ ਵੀ ਚੋਰੀ ਹੋ ਚੁੱਕਾ ਹੈ, ਜਿਸ ਕਾਰਨ ਪਾਰਕ ਦੀ ਹਾਲਤ ਲਗਾਤਾਰ ਖ਼ਰਾਬ ਹੁੰਦੀ ਜਾ ਰਹੀ ਹੈ | ਪਾਰਕ ਦੇ ਮਾਲੀ ਮਲਕੀਤ ਸਿੰਘ ਨੇ ਦੱਸਿਆ ਕਿ ਸਫ਼ਾਈ ਲਈ ਇਕ ਕਰਮਚਾਰੀ ਰੱਖਿਆ ਗਿਆ ਹੈ, ਜੋ ਸਵੇਰੇ 8 ਵਜੇ ਆਉਂਦਾ ਹੈ ਅਤੇ ਦੁਪਹਿਰ 12 ਵਜੇ ਚਲਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਪਾਰਕ ਵਿਚ ਧਰਨਾ-ਪ੍ਰਦਰਸ਼ਨ ਕਰਨ ਵਾਲਿਆਂ ਤੇ ਸਕੂਲਾਂ ਦੀਆਂ ਟੀਮਾਂ ਦੇ ਆਉਣ ਨਾਲ ਗੰਦਗੀ ਵਧ ਜਾਂਦੀ ਹੈ | ਕਾਫ਼ੀ ਸਮੇਂ ਤੋਂ ਪਾਰਕ 'ਚ ਕੋਈ ਮੁਰੰਮਤ ਦਾ ਕੰਮ ਨਹੀਂ ਹੋਇਆ ਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ | ਪੌਦਿਆਂ ਨੂੰ ਪਾਣੀ ਦੇਣ ਲਈ ਲਗਾਈ ਗਈ ਮੋਟਰ ਵੀ ਚੋਰੀ ਹੋ ਚੁੱਕੀ ਹੈ | ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ | ਸੈਰ ਕਲੱਬ ਦੇ ਮੈਂਬਰ ਜਸਪਾਲ ਸਿੰਘ, ਇਕਬਾਲ ਸਿੰਘ, ਡਾ. ਸਤੀਸ਼ ਗੋਇਲ, ਅੰਮਿ੍ਤਪਾਲ ਸਿੰਘ, ਰਾਜਿੰਦਰ ਸਿੰਘ, ਭੁਪਿੰਦਰ ਸਿੰਘ, ਰਾਜਬਖ਼ਸ਼ ਸਿੰਘ ਤੇ ਸੁਖਚੈਨ ਸਿੰਘ ਸੰਧੂ ਨੇ ਦੱਸਿਆ ਕਿ ਪਾਰਕ 'ਚ ਰੱਖੇ ਕਰਮਚਾਰੀਆਂ ਦੀ ਰੋਜ਼ਾਨਾ ਹਾਜ਼ਰੀ ਲੱਗਣੀ ਚਾਹੀਦੀ ਹੈ, ਕਿਉਂਕਿ ਕਈ ਵਾਰ ਕਰਮਚਾਰੀ ਸਮੇਂ 'ਤੇ ਮੌਜੂਦ ਨਹੀਂ ਹੁੰਦੇ | ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਹ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਮਿਲੇ ਸਨ ਤੇ ਪਾਰਕ ਦੇ ਸੁਧਾਰ ਲਈ 22 ਲੱਖ ਰੁਪਏ ਮਨਜ਼ੂਰ ਕਰਵਾਏ ਗਏ ਹਨ | ਕਲੱਬ ਮੈਂਬਰਾਂ ਦਾ ਕਹਿਣਾ ਹੈ ਕਿ ਨਸ਼ੇੜੀ ਕਿਸਮ ਦੇ ਲੋਕ ਪਾਰਕ ਤੋਂ ਗਰਿੱਲ ਤੇ ਹੋਰ ਸਾਮਾਨ ਚੋਰੀ ਕਰ ਲੈਂਦੇ ਹਨ | ਸੈਰ ਕਲੱਬ ਵਲੋਂ ਪਾਰਕ ਵਿਚ ਲਾਈਟਾਂ ਲਗਵਾਈਆਂ ਜਾ ਰਹੀਆਂ ਹਨ, ਲੋਕਾਂ ਦੇ ਬੈਠਣ ਲਈ ਬੈਂਚ ਰੱਖਵਾਏ ਗਏ ਹਨ ਤੇ ਪੌਦਿਆਂ ਨੂੰ ਪਾਣੀ ਦੇਣ ਲਈ ਪਾਈਪ ਵੀ ਉਪਲਬਧ ਕਰਵਾਏ ਗਏ ਹਨ | ਇਸ ਦੇ ਬਾਵਜੂਦ ਨਾ ਤਾਂ ਮਾਰਕਫ਼ੈੱਡ ਦੇ ਅਧਿਕਾਰੀ ਅਤੇ ਨਾ ਹੀ ਪ੍ਰਸ਼ਾਸਨ ਪਾਰਕ ਵੱਲ ਧਿਆਨ ਦੇ ਰਿਹਾ ਹੈ | ਪਾਰਕ ਵਿਚ ਚੌਂਕੀਦਾਰ ਨਾ ਹੋਣ ਕਾਰਨ ਲੁੱਟ-ਖੋਹ ਤੇ ਚੋਰੀ ਦੀਆਂ ਘਟਨਾਵਾਂ ਵੀ ਹੁੰਦੀਆਂ ਰਹਿੰਦੀਆਂ ਹਨ | ਲੋਕਾਂ ਨੇ ਪ੍ਰਸ਼ਾਸਨ ਤੋਂ ਪਾਰਕ ਵਿਚ ਚੌਂਕੀਦਾਰ ਤੇ ਪੁਲਿਸ ਤਾਇਨਾਤ ਕਰਨ ਦੀ ਮੰਗ ਕੀਤੀ ਹੈ | ਇਸ ਮਾਮਲੇ 'ਚ ਮਾਰਕਫ਼ੈੱਡ ਦੇ ਜ਼ਿਲ੍ਹਾ ਪ੍ਰਬੰਧਕ ਸੁਨੀਲ ਕੁਮਾਰ ਸੋਫਤ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਵਿਭਾਗ ਦੇ ਫ਼ੰਡ ਬੰਦ ਹੋਣ ਕਾਰਨ ਪਾਰਕ ਦੀ ਮੁਰੰਮਤ ਨਹੀਂ ਹੋ ਸਕੀ | ਉਨ੍ਹਾਂ ਕਿਹਾ ਕਿ ਪਾਰਕ ਨੂੰ ਪ੍ਰਸ਼ਾਸਨ ਦੇ ਹਵਾਲੇ ਕਰਨ ਲਈ ਡੀ.ਸੀ. ਨੂੰ ਪੱਤਰ ਵੀ ਲਿਖਿਆ ਗਿਆ ਹੈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਉਮੀਦ ਜਤਾਈ ਕਿ ਜੇਕਰ ਪ੍ਰਸ਼ਾਸਨ ਪਾਰਕ ਦੀ ਜ਼ਿੰਮੇਵਾਰੀ ਸੰਭਾਲ ਲਵੇ ਤਾਂ ਇਸ ਦੀ ਦੇਖਭਾਲ ਬਿਹਤਰ ਹੋ ਸਕਦੀ ਹੈ |