ਚੰਡੀਗੜ੍ਹ, 7 ਜੂਨ (ਸੰਦੀਪ ਕੁਮਾਰ ਮਾਹਨਾ)-ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਗਾਂਧੀ ਬ੍ਰਦਰਜ਼ ਲਾਟਰੀ ਦੇ ਨਾਂਅ ਦੀ ਦੁਰਵਰਤੋਂ ਕਰਕੇ ਸਾਈਬਰ ਠੱਗਾਂ ਵਲੋਂ ਲੋਕਾਂ ਨਾਲ ਵੱਡੇ ਪੱਧਰ 'ਤੇ ਧੋਖਾਧੜੀ ਕੀਤੇ ਜਾਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ | ਸੋਸ਼ਲ ਮੀਡੀਆ 'ਤੇ ਗਾਂਧੀ ਬ੍ਰਦਰਸ ਦੇ ਨਾਂਅ ਨਾਲ ਜਾਅਲੀ ਅਕਾਊਾਟ ਬਣਾ ਕੇ ਅਤੇ ਫ਼ੋਨ ਕਾਲਾਂ ਰਾਹੀਂ ਲੋਕਾਂ ਨੂੰ ਕਰੋੜਾਂ ਰੁਪਏ ਦੀ ਲਾਟਰੀ ਨਿਕਲਣ ਦਾ ਝਾਂਸਾ ਦਿੱਤਾ ਜਾਂਦਾ ਹੈ | ਇਸ ਤੋਂ ਬਾਅਦ ਰਜਿਸਟ੍ਰੇਸ਼ਨ ਫ਼ੀਸ, ਟੈਕਸ, ਪ੍ਰੋਸੈਸਿੰਗ ਚਾਰਜ ਅਤੇ ਹੋਰ ਖਰਚਿਆਂ ਦੇ ਨਾਂਅ 'ਤੇ ਉਨ੍ਹਾਂ ਤੋਂ ਰਕਮ ਵਸੂਲ ਕੀਤੀ ਜਾਂਦੀ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਕੋਲ ਕਈ ਸ਼ਿਕਾਇਤਾਂ ਦਰਜ ਹੋਣ ਅਤੇ ਕੁਝ ਦੋਸ਼ੀਆਂ ਦੀਆਂ ਗਿ੍ਫ਼ਤਾਰੀਆਂ ਹੋਣ ਦੇ ਬਾਵਜੂਦ ਇਹ ਸਾਈਬਰ ਠੱਗੀ ਦਾ ਕਾਰੋਬਾਰ ਅਜੇ ਵੀ ਬੇਰੋਕ ਜਾਰੀ ਹੈ | ਜਾਣਕਾਰੀ ਅਨੁਸਾਰ ਪਿਛਲੇ ਕਰੀਬ ਦੋ ਸਾਲਾਂ ਦੌਰਾਨ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਚਾਰ ਸੂਬਿਆਂ ਦੇ 400 ਤੋਂ ਵੱਧ ਲੋਕ ਇਸ ਠੱਗੀ ਦਾ ਸ਼ਿਕਾਰ ਬਣ ਚੁੱਕੇ ਹਨ | ਪੀੜਤਾਂ ਤੋਂ ਲਗਭਗ 2 ਕਰੋੜ ਰੁਪਏ ਤੋਂ ਵੱਧ ਦੀ ਰਕਮ ਠੱਗੇ ਜਾਣ ਦਾ ਅਨੁਮਾਨ ਹੈ | ਕਈ ਮਾਮਲਿਆਂ ਵਿਚ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਉਨ੍ਹਾਂ ਦੀ 5 ਕਰੋੜ, 7 ਕਰੋੜ ਜਾਂ ਇਸ ਤੋਂ ਵੀ ਵੱਧ ਦੀ ਲਾਟਰੀ ਨਿਕਲੀ ਹੈ ਅਤੇ ਇਨਾਮੀ ਰਕਮ ਜਾਰੀ ਕਰਨ ਲਈ ਪਹਿਲਾਂ ਕੁਝ ਰਸਮੀ ਫ਼ੀਸ ਜਮਾਂ ਕਰਵਾਉਣੀ ਪਵੇਗੀ | ਜਦ ਇਸ ਸਬੰਧੀ ਗਾਂਧੀ ਬ੍ਰਦਰਜ਼ ਲਾਟਰੀ ਦੇ ਮਾਲਕ ਮਨਮੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਸਬੰਧੀ ਪੁਲਿਸ ਤੇ ਸਾਈਬਰ ਕ੍ਰਾਈਮ ਸੈੱਲ ਨੂੰ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ | ਉਨ੍ਹਾਂ ਦੀ ਫ਼ਰਮ ਦੇ ਨਾਂਅ ਤੇ ਸਾਖ ਦਾ ਗਲਤ ਫਾਇਦਾ ਚੁੱਕ ਕੇ ਸਾਈਬਰ ਠੱਗ ਲੋਕਾਂ ਨੂੰ ਧੋਖਾ ਦੇ ਰਹੇ ਹਨ | ਉਨ੍ਹਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿਚ ਐੱਫ.ਆਈ.ਆਰ. ਦਰਜ ਕੀਤੀਆਂ ਹਨ ਅਤੇ ਜਾਂਚ ਦੌਰਾਨ ਕੁਝ ਦੋਸ਼ੀਆਂ ਨੂੰ ਗਿ੍ਫ਼ਤਾਰ ਵੀ ਕੀਤਾ ਗਿਆ ਹੈ |
ਆਨਲਾਈਨ ਲਾਟਰੀ ਦਾ ਕੋਈ ਕਾਨੂੰਨੀ ਵਿਕਲਪ ਨਹੀਂ
ਇਸ ਮਾਮਲੇ 'ਚ ਅਹਿਮ ਗੱਲ ਇਹ ਹੈ ਕਿ ਪੰਜਾਬ ਸਰਕਾਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਸੂਬੇ ਵਿਚ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਲਾਟਰੀ ਪ੍ਰਣਾਲੀ ਮਾਨਤਾ ਪ੍ਰਾਪਤ ਨਹੀਂ ਹੈ | ਸਰਕਾਰ ਅਤੇ ਲਾਟਰੀ ਵਿਭਾਗ ਵਲੋਂ ਸਮੇਂ-ਸਮੇਂ 'ਤੇ ਲੋਕਾਂ ਨੂੰ ਚਿਤਾਵਨੀ ਦਿੱਤੀ ਜਾਂਦੀ ਰਹੀ ਹੈ ਕਿ ਵਟਸਐਪ, ਫੇਸਬੁੱਕ, ਟੈਲੀਗ੍ਰਾਮ ਜਾਂ ਹੋਰ ਸੋਸ਼ਲ ਮੀਡੀਆ ਮਾਧਿਅਮਾਂ ਰਾਹੀਂ ਲਾਟਰੀ ਨਿਕਲਣ ਦੇ ਦਾਅਵਿਆਂ ਤੋਂ ਸਾਵਧਾਨ ਰਹਿਣ | ਇਸ ਦੇ ਬਾਵਜੂਦ ਲਾਲਚ ਜਾਂ ਅਣਜਾਣਪੁਣੇ ਕਾਰਨ ਕਈ ਲੋਕ ਠੱਗਾਂ ਦੇ ਜਾਲ 'ਚ ਫ਼ਸ ਜਾਂਦੇ ਹਨ |
ਗਾਂਧੀ ਬ੍ਰਦਰਸ ਲਾਟਰੀ ਦੇ ਨਾਂਅ 'ਤੇ ਲੋਕਾਂ ਨਾਲ ਕੀਤੀ ਜਾ ਰਹੀ ਕਰੋੜਾਂ ਰੁਪਏ ਦੀ ਸਾਈਬਰ ਠੱਗੀ <br/>
ਅਜੀਤ ਡੈਸਕ
08-06-2026