ਮਲੋਟ, 7 ਜੂਨ (ਪਾਟਿਲ)-ਮਲੋਟ ਸਬ ਡਵੀਜ਼ਨ ਦੇ ਪਿੰਡ ਝੋਰੜ ਵਿਚ ਮੋਬਾਈਲ ਚੋਰੀ ਦੇ ਕਥਿਤ ਦੋਸ਼ ਹੇਠ ਦੋ ਨੌਜਵਾਨਾਂ ਨੂੰ ਕੁਝ ਲੋਕਾਂ ਵਲੋਂ ਘਰਾਂ ਵਿਚੋਂ ਚੁੱਕ ਕੇ ਰੱਸੀਆਂ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਣ ਤੇ ਖੇਤਾਂ-ਸੜਕਾਂ 'ਤੇ ਘੁਮਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ | ਦਲਿਤ ਭਾਈਚਾਰੇ ਨਾਲ ਸੰਬੰਧਿਤ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਨੌਜਵਾਨਾਂ ਦੇ ਕੱਪੜੇ ਉਤਾਰ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਤੇ ਜਾਤੀਸੂਚਕ ਸ਼ਬਦ ਬੋਲ ਕੇ ਬੇਇੱਜ਼ਤ ਕੀਤਾ ਗਿਆ | ਦੂਜੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਨੌਜਵਾਨਾਂ ਨੇ ਪ੍ਰਵਾਸੀ ਮਜ਼ਦੂਰਾਂ ਦਾ ਮੋਬਾਇਲ ਖੋਹਿਆ ਸੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਮਲੋਟ ਜਸਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਦੋਵੇਂ ਨੌਜਵਾਨ (ਜਿਨ੍ਹਾਂ ਵਿਚੋਂ ਇਕ ਦੀ ਪਛਾਣ ਗੁਰਪਿੰਦਰ ਸਿੰਘ ਪੁੱਤਰ ਪੱਪੂ ਸਿੰਘ ਉਮਰ 28 ਸਾਲ ਵਜੋਂ ਹੋਈ ਹੈ) ਨਸ਼ੇ ਦੇ ਆਦੀ ਹਨ | ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਮਾਨਸਾ ਦੇ ਬੁਢਲਾਡਾ ਥਾਣੇ ਵਿਚ ਨਸ਼ੀਲੀਆਂ ਗੋਲੀਆਂ ਦਾ ਮੁਕੱਦਮਾ ਦਰਜ ਹੈ | ਝੋਨੇ ਦੇ ਸੀਜ਼ਨ ਕਰਕੇ ਇਕੱਠੇ ਹੋਏ ਹਜੂਮ ਨੇ ਇਨ੍ਹਾਂ ਨੂੰ ਫ਼ੜ੍ਹ ਲਿਆ ਸੀ ਅਤੇ ਖਿੱਚ-ਧੂਹ ਦੌਰਾਨ ਇਨ੍ਹਾਂ ਦੇ ਕੱਪੜੇ ਫਟ ਗਏ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਅਤੇ ਦੋਵਾਂ ਨੌਜਵਾਨਾਂ 'ਤੇ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ | ਡੀ.ਐੱਸ.ਪੀ. ਨੇ ਮੂੰਹ ਕਾਲਾ ਕਰਕੇ ਘੁਮਾਉਣ ਦੀ ਗੱਲ ਨੂੰ ਨਕਾਰਦਿਆਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਬੰਨਿ੍ਹਆ ਜ਼ਰੂਰ ਸੀ | ਉਨ੍ਹਾਂ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਕਿਸੇ ਵੀ ਨਾਗਰਿਕ ਨੂੰ ਕਾਨੂੰਨ ਆਪਣੇ ਹੱਥ ਵਿਚ ਲੈਣ ਦਾ ਕੋਈ ਅਧਿਕਾਰ ਨਹੀਂ ਹੈ | ਪੁਲਿਸ ਨੇ ਦੋਵਾਂ ਧਿਰਾਂ ਦਾ ਮੈਡੀਕਲ ਕਰਵਾ ਲਿਆ ਹੈ |
ਐਸ.ਸੀ.ਕਮਿਸ਼ਨ ਨੇ ਲਿਆ ਸੂ ਮੋਟੋ ਨੋਟਿਸ, ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਤਲਬ
ਚੰਡੀਗੜ੍ਹ, (ਅਜੀਤ ਬਿਊਰੋ)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਝੋਰੜ ਵਿਚ ਦੋ ਦਲਿਤ ਨੌਜਵਾਨਾਂ ਨੂੰ ਰੱਸੀ ਨਾਲ ਬੰਨ੍ਹ ਕੇ ਖੇਤਾਂ ਵਿਚ ਘੜੀਸਣ ਦੇ ਮਾਮਲੇ ਵਿਚ ਸੂ ਮੋਟੋ ਨੋਟਿਸ ਲਿਆ ਹੈ | ਇਸ ਸਬੰਧੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਇਹ ਮਾਮਲਾ ਅਖ਼ਬਾਰ ਵਿਚ ਛਪੀ ਖ਼ਬਰ ਰਾਹੀਂ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਜਿਸ 'ਤੇ ਕਮਿਸ਼ਨ ਵਲੋਂ ਸੂ ਮੋਟੋ ਨੋਟਿਸ ਲੈਂਦਿਆਂ ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ ਤੋਂ ਐਸ.ਪੀ. ਹੈੱਡਕੁਆਟਰ ਸ੍ਰੀ ਮੁਕਤਸਰ ਸਾਹਿਬ ਰਾਹੀਂ ਮਿਤੀ 9 ਜੂਨ 2026 ਨੂੰ ਰਿਪੋਰਟ ਤਲਬ ਕੀਤੀ ਗਈ ਹੈ |
ਪਿੰਡ ਝੋਰੜ ਵਿਖੇ ਚੋਰੀ ਦੇ ਸ਼ੱਕ 'ਚ ਦੋ ਨੌਜਵਾਨਾਂ ਨੂੰ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ <br/>
ਅਜੀਤ ਡੈਸਕ
08-06-2026