ਸੂਬਾ ਸਰਕਾਰ ਬਰਤਾਨੀਆ ਤੋਂ ਸ਼ਹੀਦ ਢੀਂਗਰਾ ਦੀਆਂ ਨਿਸ਼ਾਨੀਆਂ ਲਿਆਵੇਗੀ ਅੰਮ੍ਰਿਤਸਰ- ਡਾ: ਰਵਜੋਤ ਸਿੰਘ
ਅੰਮ੍ਰਿਤਸਰ, 17 ਅਗਸਤ (ਸੁਰਿੰਦਰ ਕੋਛੜ)- ਪੰਜਾਬ ਸਰਕਾਰ ਵਲੋਂ ਸ਼ਹੀਦ ਮਦਨ ਲਾਲ ਢੀਂਗਰਾ ਦੇ 117ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਸ਼ਹੀਦ ਮਦਨ ਲਾਲ ਢੀਂਗਰਾ ਯਾਦਗਾਰੀ ਸਮਾਰਕ, ਗੋਲ ਬਾਗ ਵਿਖੇ ਕਰਵਾਏ ਗਏ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸੂਬੇ ਦੇ ਸੰਸਦੀ ਕਾਰਜ ਮਾਮਲੇ, ਪ੍ਰਵਾਸੀ ਭਾਰਤੀ ਮਾਮਲੇ ਅਤੇ ਜੇਲ੍ਹਾਂ ਮੰਤਰੀ ਡਾ: ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਰਾਹੀਂ ਬਰਤਾਨੀਆ ਦੀ ਹਕੂਮਤ ਤੱਕ ਪਹੁੰਚ ਕਰਕੇ ਸ਼ਹੀਦ ਢੀਂਗਰਾ ਦੀਆਂ ਨਿਸ਼ਾਨੀਆਂ ਉਨ੍ਹਾਂ ਦੀ ਜਨਮ ਭੂਮੀ ਅੰਮ੍ਰਿਤਸਰ ਵਿਖੇ ਲਿਆਂਦੀਆਂ ਜਾਣਗੀਆਂ।
ਅੰਮ੍ਰਿਤਸਰ, 17 ਅਗਸਤ (ਸੁਰਿੰਦਰ ਕੋਛੜ)- ਪੰਜਾਬ ਸਰਕਾਰ ਵਲੋਂ ਸ਼ਹੀਦ ਮਦਨ ਲਾਲ ਢੀਂਗਰਾ ਦੇ 117ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਸ਼ਹੀਦ ਮਦਨ ਲਾਲ ਢੀਂਗਰਾ ਯਾਦਗਾਰੀ ਸਮਾਰਕ, ਗੋਲ ਬਾਗ ਵਿਖੇ ਕਰਵਾਏ ਗਏ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸੂਬੇ ਦੇ ਸੰਸਦੀ ਕਾਰਜ ਮਾਮਲੇ, ਪ੍ਰਵਾਸੀ ਭਾਰਤੀ ਮਾਮਲੇ ਅਤੇ ਜੇਲ੍ਹਾਂ ਮੰਤਰੀ ਡਾ: ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਰਾਹੀਂ ਬਰਤਾਨੀਆ ਦੀ ਹਕੂਮਤ ਤੱਕ ਪਹੁੰਚ ਕਰਕੇ ਸ਼ਹੀਦ ਢੀਂਗਰਾ ਦੀਆਂ ਨਿਸ਼ਾਨੀਆਂ ਉਨ੍ਹਾਂ ਦੀ ਜਨਮ ਭੂਮੀ ਅੰਮ੍ਰਿਤਸਰ ਵਿਖੇ ਲਿਆਂਦੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ ਸ਼ਹੀਦੀ ਸਮਾਰਕ ਦੇ ਸੁੰਦਰੀਕਰਨ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਾਲ-ਨਾਲ ਇਸ ਨੂੰ ਅੰਮ੍ਰਿਤਸਰ ਦੇ ਟੂਰਿਸਟ ਮੈਪ ‘ਚ ਵੀ ਸ਼ਾਮਿਲ ਕੀਤਾ ਜਾ ਸਕੇਗਾ। ਸਮਾਗਮ ’ਚ ਵਿਸ਼ੇਸ਼ ਮਹਿਮਾਨ ਵਜੋਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ., ਅੰਮ੍ਰਿਤਸਰ ਕੇਂਦਰੀ ਦੇ ਵਿਧਾਇਕ ਡਾ: ਅਜੈ ਗੁਪਤਾ, ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ, ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਡਾ: ਜੀਵਨ ਜੋਤ ਕੌਰ, ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਵੀ ਸ਼ਾਮਿਲ ਹੋਏ। ਉਨ੍ਹਾਂ ਦੇ ਨਾਲ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੱਲਵੀ ਮਿਸ਼ਰਾ, ਐੱਸ. ਡੀ. ਐੱਮ. ਅੰਮ੍ਰਿਤਸਰ-2 ਅਲਕਾ ਕਾਲੀਆ, ਡਿਪਟੀ ਮੇਅਰ ਪ੍ਰਿਅੰਕਾ ਸ਼ਰਮਾ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੋਤ ਸਿੰਘ ਧੰਜਲ, ਜਰਨੈਲ ਸਿੰਘ ਢੋਟ, ਸਤਪਾਲ ਸਿੰਘ ਸੋਖੀ, ਕੌਂਸਲਰ ਵਿੱਕੀ ਦੱਤਾ, ਜ਼ਿਲ੍ਹਾ ਮੀਡੀਆ ਇੰਚਾਰਜ ਸਤਨਾਮ ਸਿੰਘ ਮਠਾੜੂ ਆਦਿ ਸ਼ਾਮਿਲ ਸਨ। ਇਹ ਸਮਾਗਮ ਸ਼ਹੀਦ ਮਦਨ ਲਾਲ ਢੀਂਗਰਾ ਯਾਦਗਾਰੀ ਸਮਾਰਕ ਦੀ ਸਰਪ੍ਰਸਤ ਅਤੇ ਸਾਬਕਾ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ, ਸਮਾਰਕ ਦੇ ਪ੍ਰਧਾਨ ਡਾ: ਰਾਕੇਸ਼ ਸ਼ਰਮਾ ਅਤੇ ਬੀਬੀ ਮਾਲਾ ਚਾਵਲਾ ਦੇ ਵਿਸ਼ੇਸ਼ ਯਤਨਾਂ ਨਾਲ ਕਰਵਾਇਆ ਗਿਆ। ਦੋਵਾਂ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਸ਼ਹੀਦ ਢੀਂਗਰਾ ਦੇ ਬੁੱਤ ‘ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਾ: ਰਵਜੋਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ਹੀਦ ਢੀਂਗਰਾ ਨੂੰ ਸ਼ਰਧਾ ਦੇ ਫੁੱਟ ਭੇਟ ਕੀਤੇ ਅਤੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਸਾਡਾ ਦੇਸ਼ ਆਜ਼ਾਦ ਹੋਇਆ ਹੈ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਮਾਨ ਸਰਕਾਰ ਸ਼ਹੀਦਾਂ ਵਲੋਂ ਸਿਰਜੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ। ਵਿਧਾਇਕ ਡਾ: ਅਜੈ ਗੁਪਤਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਉਸ ਸ਼ਹਿਰ ਦੇ ਵਾਸੀ ਹਾਂ ਜਿੱਥੇ ਮਦਨ ਲਾਲ ਢੀਂਗਰਾ ਨੇ ਜਨਮ ਲਿਆ। ਇਸ ਮੌਕੇ ਉਨ੍ਹਾਂ ਨੇ ਆਪਣੀ ਦੋ ਮਹੀਨੇ ਦੀ ਤਨਖ਼ਾਹ ਸ਼ਹੀਦ ਮਦਨ ਲਾਲ ਢੀਂਗਰਾ ਯਾਦਗਾਰੀ ਸਮਾਰਕ ਨੂੰ ਦੇਣ ਦਾ ਐਲਾਨ ਕੀਤਾ। ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਸਪੂਤ ਸ਼ਹੀਦ ਮਦਨ ਲਾਲ ਢੀਂਗਰਾ ਨੇ ਦੇਸ਼ ਦੀ ਆਜ਼ਾਦੀ ਖ਼ਾਤਰ ਆਪਣੀ ਜਾਨ ਕੁਰਬਾਨ ਕਰਕੇ ਅਜਿਹੀ ਮਿਸਾਲ ਕਾਇਮ ਕੀਤੀ ਹੈ ਜਿਸ ‘ਤੇ ਭਾਰਤ ਵਾਸੀ ਹਮੇਸ਼ਾ ਮਾਣ ਕਰਦੇ ਰਹਿਣਗੇ । ਇਸ ਤੋਂ ਪਹਿਲਾਂ ਸ਼ਹੀਦ ਮਦਨ ਲਾਲ ਢੀਂਗਰਾ ਯਾਦਗਾਰੀ ਸਮਾਰਕ ਵਲੋਂ ਟਾਊਨ ਹਾਲ ਵਿਖੇ ਵੱਡਾ ਸਮਾਗਮ ਹੋਇਆ, ਜਿੱਥੇ ਪ੍ਰੋ: ਲਕਸ਼ਮੀ ਕਾਂਤਾ ਚਾਵਲਾ, ਡਾ: ਰਾਕੇਸ਼ ਸ਼ਰਮਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਸ਼ਹੀਦ ਮਦਨ ਲਾਲ ਢੀਂਗਰਾ ਦੇ ਬੁੱਤ ਤੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਪੰਜਾਬ ਪੁਲਿਸ ਦੀ ਬੈਂਡ ਟੀਮ ਵਲੋਂ ਵੀ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।