06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਬਿਜਲੀ ਕਾਮਿਆਂ ਵਲੋਂ ਸਮੂਹਿਕ ਛੁੱਟੀ ਦੌਰਾਨ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ

ਅਜੀਤ ਡੈਸਕ 22-07-2026

ਭਗਤਾ ਭਾਈਕਾ, 21 ਜੁਲਾਈ (ਸੁਖਪਾਲ ਸਿੰਘ ਸੋਨੀ)-ਜੁਆਇੰਟ ਫੋਰਮ ਏਕਤਾ ਮੰਚ ਦੇ ਸੱਦੇ ’ਤੇ ਚੱਲ ਰਹੇ ਸੰਘਰਸ਼ ਦੇ ਤਹਿਤ ਮੰਡਲ ਦਫ਼ਤਰ ਭਗਤਾ ਭਾਈਕਾ ਵਿਖੇ ਸਮੂਹ ਜਥੇਬੰਦੀਆਂ ਅਤੇ ਸਮੂਹ ਬਿਜਲੀ ਕਾਮਿਆਂ ਵਲੋਂ ਸਮੂਹਿਕ ਛੁੱਟੀ ਭਰ ਕੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਮਹਿੰਦਰਪਾਲ ਸਿੰਘ (ਸਰਕਲ ਸਕੱਤਰ, ਬਠਿੰਡਾ), ਵਿਨੋਦ ਸਿੰਘ ਖਾਲਸਾ (ਡਵੀਜ਼ਨ ਆਗੂ) ਅਤੇ ਇੰਜੀਨੀਅਰ ਪਰਗਟ ਰਾਮ ਸ਼ਰਮਾ (ਡਵੀਜ਼ਨ ਆਗੂ) ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਬੁਲਾਰਿਆਂ ਨੇ ਪਾਵਰਕੌਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਅਤੇ ਪੰਜਾਬ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਜਦਕਿ ਦੂਜੇ ਪਾਸੇ ਆਪਣੇ ਹੱਕਾਂ ਲਈ ਮੁਲਾਜ਼ਮਾਂ ਨੂੰ ਸੜਕਾਂ ’ਤੇ ਉਤਰ ਕੇ ਸੰਘਰਸ਼ ਕਰਨਾ ਪੈ ਰਿਹਾ ਹੈ। ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਕਈ ਵਾਰ ਲਾਠੀਚਾਰਜ ਅਤੇ ਪੁਲਿਸ ਤਸ਼ੱਦਦ ਦਾ ਵੀ ਸਾਹਮਣਾ ਕਰਨਾ ਪਿਆ ਹੈ। ਆਗੂਆਂ ਨੇ ਕਿਹਾ ਕਿ ਪਾਵਰਕੌਮ ਦਾ ਸਮੂਹ ਮੁਲਾਜ਼ਮ ਵਰਗ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹੈ, ਪਰ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦੇ ਅੜੀਅਲ ਰਵੱਈਏ ਕਾਰਨ ਹੁਣ ਮੁਲਾਜ਼ਮਾਂ ਨੂੰ ਸਮੂਹਿਕ ਛੁੱਟੀ ਭਰ ਕੇ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਵਲੋਂ ਜਲਦੀ ਹੀ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਇਹ ਸੰਘਰਸ਼ ਮੰਗਾਂ ਦੀ ਪੂਰਤੀ ਤੱਕ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਦੌਰਾਨ ਹੋਣ ਵਾਲੇ ਹਰ ਤਰ੍ਹਾਂ ਦੇ ਵਿੱਤੀ ਅਤੇ ਪ੍ਰਸ਼ਾਸਨਿਕ ਨੁਕਸਾਨ ਲਈ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਖੁਦ ਜ਼ਿੰਮੇਵਾਰ ਹੋਣਗੇ। ਦਫ਼ਤਰੀ, ਟੈਕਨੀਕਲ ਅਤੇ ਫ਼ੀਲਡ ਅਮਲਾ ਸਮੂਹਿਕ ਛੁੱਟੀ ’ਤੇ ਹੋਣ ਕਾਰਨ ਸਮੁੱਚੇ ਅਦਾਰੇ ਦਾ ਕੰਮਕਾਜ ਪ੍ਰਭਾਵਿਤ ਰਿਹਾ। ਅੱਜ ਦੇ ਇਸ ਰੋਸ ਪ੍ਰਦਰਸ਼ਨ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਵੀ ਪੂਰਾ ਸਮਰਥਨ ਦਿੱਤਾ ਗਿਆ। ਇਸ ਮੌਕੇ ਰਜਿੰਦਰ ਸਿੰਘ ਭੈਣੀ, ਜਸਕਰਨ ਸਿੰਘ, ਲਖਬੀਰ ਸਿੰਘ, ਗੁਰਮੇਲ ਸਿੰਘ, ਕਮਲਦੀਪ ਸਿੰਘ, ਸੁਰਿੰਦਰਪਾਲ ਸਿੰਘ, ਜਸਵੀਰ ਸਿੰਘ, ਰਣਧੀਰ ਸਿੰਘ (ਕਿਸਾਨ ਆਗੂ), ਅਮਨਦੀਪ ਸਿੰਘ (ਜੇ.ਈ.), ਪਨੀਤ ਗੋਇਲ (ਜੇ.ਈ.), ਹਿਮਾਂਸ਼ੂ ਗੁਪਤਾ (ਜੇ.ਈ.), ਪੂਰਨ ਸਿੰਘ (ਸੂਬਾ ਆਗੂ) ਅਤੇ ਬਲਜੀਤ ਸਿੰਘ (ਜ਼ੋਨ ਆਗੂ) ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ।

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਨੇ ਕੇਂਦਰ ਸਰਕਾਰ ਦੇ ਅਰਥੀ ਫੂਕੀ ਅਗਲੀ ਖ਼ਬਰ ਬੈਂਕ ਦੇ ਸਫ਼ਾਈ ਸੇਵਕ ਨੇ ਸਟਰਾਂਗ ਰੂਮ ’ਚੋਂ 4 ਲੱਖ 56 ਹਜ਼ਾਰ 800 ਰੁਪਏ ਉਡਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।