ਤਪਾ ਮੰਡੀ, 29 ਮਾਰਚ (ਵਿਜੇ ਸ਼ਰਮਾ)-ਤਪਾ ਖੇਤਰ ਅੰਦਰ ਕਿਸਾਨਾਂ ਵਲੋਂ ਪਿਛਲੇ ਸਾਲਾਂ ਨਾਲੋਂ ਇਸ ਸਾਲ ਆਲੂ ਦੀ ਫ਼ਸਲ ਦੀ ਕਾਫੀ ਬਿਜਾਈ ਕੀਤੀ ਗਈ ਸੀ ਪਰ ਜਦੋਂ ਆਲੂਆਂ ਦੀ ਫ਼ਸਲ ਦੀ ਪੁਟਾਈ ਕੀਤੀ ਤਾਂ ਆਲੂ ਪਾਲਕਾਂ ਨੂੰ ਇਹ ਉਮੀਦਾਂ ਸਨ ਕਿ ਇਸ ਵਾਰ ਆਲੂ ਦੀ ਫ਼ਸਲ ਵਧੀਆ ਹੈ ਅਤੇ ਇਸ ਦਾ ਭਾਅ ਵੀ ਪਿਛਲੇ ਸਾਲ ਨਾਲੋਂ ਚੰਗਾ ਮਿਲਣ ਦੀ ਸੰਭਾਵਨਾ ਹੈ | ਪਰ ਕਿਸਾਨਾਂ ਦੀਆਂ ਉਮੀਦਾਂ 'ਤੇ ਉਸ ਵੇਲੇ ਪਾਣੀ ਫਿਰ ਗਿਆ ਜਦੋਂ ਪਿਛਲੇ ਸਾਲ ਨਾਲੋਂ ਆਲੂ ਦਾ ਭਾਅ ਕਾਫੀ ਹੇਠਾਂ ਵੱਲ ਡਿਗ ਚੁੱਕਾ ਹੈ | ਜਿਸ ਕਾਰਨ ਆਲੂਆਂ ਦੀ ਫ਼ਸਲ ਬੀਜਣ ਵਾਲੇ ਕਿਸਾਨ ਕਾਫੀ ਚਿੰਤਤ ਵਿਖਾਈ ਦੇ ਰਹੇ ਹਨ | ਇਸ ਸਬੰਧੀ ਸਾਡੇ ਨਾਲ ਗੱਲਬਾਤ ਕਰਦੇ ਕਿਸਾਨ ਹਰਦੀਪ ਸਿੰਘ ਕਾਕਾ ਸੇਖੋਂ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਸਾਲ ਦੀ ਤਰ੍ਹਾਂ 9 ਏਕੜ ਜਿਸ ਵਿਚ ਡਾਇਮੰਡ ਆਲੂ ਅਤੇ ਖੇਤੀ ਆਲੂ ਦੀ ਫ਼ਸਲ ਲਗਾਈ ਸੀ ਪਰ ਜਦੋਂ ਆਲੂ ਦੀ ਫ਼ਸਲ ਦੀ ਪੁਟਾਈ ਕੀਤੀ ਗਈ ਤਾਂ ਆਲੂ ਦੀ ਫ਼ਸਲ ਸਾਫ਼ ਸੁਥਰੀ ਵੇਖ ਕੇ ਇਹ ਲੱਗ ਰਿਹਾ ਸੀ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਆਲੂ ਦਾ ਭਾਅ ਚੰਗਾ ਮਿਲਣ ਦੀ ਸੰਭਾਵਨਾ ਹੈ | ਪਰ ਉਸ ਵੇਲੇ ਆਸਾਂ ਉਮੀਦਾਂ 'ਤੇ ਪਾਣੀ ਫਿਰ ਗਿਆ ਜਦੋਂ ਡਾਇਮੰਡ ਆਲੂ 210 ਰੁਪਏ ਗੱਟਾ ਭਰਤੀ 50 ਕਿੱਲੋ ਅਤੇ ਖੇਤੀ ਆਲੂ 120-130 ਰੁਪਏ ਭਾਅ ਵਪਾਰੀਆਂ ਵਲੋਂ ਖ਼ਰੀਦ ਕਰਨ ਲੱਗੇ | ਉਨ੍ਹਾਂ ਦੱਸਿਆ ਕਿ ਖੇਤੀ ਆਲੂ ਤਾਂ ਘੱਟ ਵੱਧ ਕਰ ਕੇ ਵਪਾਰੀਆਂ ਨੂੰ ਦੇ ਦਿੱਤਾ ਕਿਉਂਕਿ ਖੇਤੀ ਆਲੂ ਨੂੰ ਕਈ ਦਿਨ ਨਹੀਂ ਰੱਖ ਸਕਦੇ ਕਿਉਂਕਿ ਕਾਫੀ ਦਿਨ ਰੱਖਣ ਤੋਂ ਬਾਅਦ ਇਹ ਆਲੂ ਖ਼ਰਾਬ ਹੋ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਖੇਤੀ ਆਲੂ 330 ਵਪਾਰੀਆਂ ਨੂੰ ਦਿੱਤਾ ਸੀ ਅਤੇ ਡਾਇਮੰਡ ਆਲੂ 450 ਰੁਪਏ ਭਾਅ ਦੇ ਨਾਲ ਵੇਚਿਆ ਗਿਆ ਸੀ ਪਰ ਇਸ ਵਾਰ ਪਿਛਲੇ ਸਾਲ ਨਾਲੋਂ ਆਲੂ ਦਾ ਭਾਅ ਬਹੁਤ ਹੀ ਘੱਟ ਚੁੱਕਿਆ ਹੈ ਜਿਸ ਕਾਰਨ ਆਲੂਆਂ ਦੀ ਫ਼ਸਲ ਵਾਲੇ ਕਿਸਾਨਾਂ ਨੂੰ ਚਿੰਤਾ ਸਤਾਉਣ ਲੱਗੀ ਹੈ | ਉਨ੍ਹਾਂ ਇਹ ਵੀ ਦੱਸਿਆ 25 ਹਜ਼ਾਰ ਤੋਂ 28 ਹਜ਼ਾਰ ਦੇ ਕਰੀਬ ਆਲੂ ਦੀ ਫ਼ਸਲ ਪ੍ਰਤੀ ਏਕੜ ਖਰਚਾ ਆਉਂਦਾ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਆਲੂਆਂ ਦੀ ਸਫ਼ਾਈ ਕਰਨ ਲਈ 12 ਤੋਂ 15 ਔਰਤਾਂ ਦਿਹਾੜੀ 'ਤੇ ਹਰ ਰੋਜ਼ ਆਲੂਆਂ ਦੀ ਸਫ਼ਾਈ ਅਤੇ ਵੱਖ-ਵੱਖ ਸਾਈਜ਼ ਦੇ ਆਲੂਆਂ ਨੂੰ ਵੱਖਰਾ ਕੀਤਾ ਜਾਂਦਾ ਹੈ ਜਿਸ ਕਰ ਕੇ ਦਿਹਾੜੀਆਂ ਨੂੰ ਹਰ ਰੋਜ਼ ਉਨ੍ਹਾਂ ਦੀ ਦਿਹਾੜੀ ਦਿੱਤੀ ਜਾਂਦੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਆਲੂ ਦਾ ਭਾਅ ਚੰਗਾ ਨਾ ਮਿਲਿਆ ਤਾਂ ਡਾਇਮੰਡ ਆਲੂ ਨੂੰ ਕੋਲਡ ਸਟੋਰ ਦੇ ਵਿਚ ਸਟੋਰ ਕੀਤਾ ਜਾਵੇਗਾ | ਜਦੋਂ ਮਾਰਕੀਟ ਵਿਚ ਡਾਇਮੰਡ ਆਲੂ ਦਾ ਭਾਅ ਚੰਗਾ ਮਿਲਣ ਲੱਗਾ ਉਸ ਵੇਲੇ ਵਪਾਰੀਆਂ ਨੂੰ ਵੇਚ ਦਿੱਤਾ ਜਾਵੇਗਾ | ਕਾਕਾ ਸੇਖੋਂ ਨੇ ਕਿਹਾ ਕਿ ਆਲੂ ਦੀ ਫ਼ਸਲ ਇਕ ਸੱਟਾ ਹੈ ਕਿਤੇ ਵੱਧ ਜਾਂਦਾ ਹੈ ਕਿਤੇ ਘੱਟ ਜਾਂਦਾ ਹੈ ਕਿਤੇ ਪੈਸੇ ਪੂਰੇ ਵੀ ਨਹੀਂ ਹੁੰਦੇ, ਕਿਤੇ ਚਾਰ ਰੁਪਏ ਕਿਸਾਨ ਨੂੰ ਬੱਚਤ ਵੀ ਹੋ ਜਾਂਦੀ ਹੈ | ਇਸ ਵਾਰ ਆਲੂ ਦੀ ਫ਼ਸਲ ਬੀਜਣ ਵਾਲਿਆਂ ਨੂੰ ਇਹ ਨਹੀਂ ਪਤਾ ਸੀ ਕਿ ਇਸ ਵਾਰ ਆਲੂ ਦੀ ਫ਼ਸਲ ਦਾ ਭਾਅ ਬਹੁਤ ਹੀ ਘੱਟ ਜਾਵੇਗਾ | ਉਨ੍ਹਾਂ ਦੱਸਿਆ ਕਿ ਇਕ ਏਕੜ ਵਿਚੋਂ ਖੇਤੀ ਆਲੂ ਦੇ ਲਗਭਗ 300 ਗੱਟੇ ਨਿਕਲਦੇ ਹਨ ਅਤੇ ਇਕ ਏਕੜ ਵਿਚੋਂ ਡਾਇਮੰਡ ਆਲੂ ਦੇ 265 ਗੱਟਿਆਂ ਦੇ ਕਰੀਬ ਗੱਟੇ ਨਿਕਲਦੇ ਹਨ ਪਿਛਲੇ ਸਾਲ ਨਾਲੋਂ ਇਸ ਸਾਲ ਆਲੂ ਦੀ ਫ਼ਸਲ ਦਾ ਝਾੜ ਵੀ ਘੱਟ ਨਿਕਲਿਆ ਹੈ |