02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਯੂਏਫਾ ਚੈਂਪੀਅਨ ਲੀਗ 2025 26 ਪੀ.ਐੱਸ.ਜੀ. ਦਾ ਲਗਾਤਾਰ ਦੂਜੀ ਵਾਰ ਚੈਂਪੀਅਨ ਬਣਨਾ

ਅਜੀਤ ਡੈਸਕ 23-06-2026

ਜਦੋਂ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਦੇ ਪੁਸਕਾਸ ਐਰੀਨਾ ਦੇ ਮੈਦਾਨ 'ਚ ਚੈਂਪੀਅਨ ਲੀਗ ਦੇ ਫਾਈਨਲ ਮੈਚ ਦੀ ਆਖਰੀ ਸੀਟੀ ਵੱਜੀ ਤਾਂ ਪੈਰਿਸ ਸੇਂਟ ਜਰਮੇਨ (ਪੀ.ਐੱਸ.ਜੀ.) ਟੀਮ ਦੇ ਪ੍ਰਸੰਸਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਇਹ ਉਹ ਸਮਾਂ ਸੀ, ਜਦੋਂ ਯੂਰਪ ਦੇ ਸਭ ਤੋਂ ਵੱਡੇ ਫੁੱਟਬਾਲ ਕਲੱਬ ਮੁਕਾਬਲੇ ਭਾਵ ਚੈਂਪੀਅਨ ਲੀਗ ਵਿਚ ਇਸ ਟੀਮ ਨੇ ਆਰਸੇਨਲ ਨੂੰ ਗਹਿਗੱਚ ਮੁਕਾਬਲੇ ਵਿਚ 4 3 ਪੈਨਲਟੀਆਂ ਦੇ ਫ਼ਰਕ ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਆਖਰੀ ਸਮੇਂ ਦਾ ਖੇਡ ਖਤਮ ਹੋਣ ਤੱਕ 1 1 ਦੀ ਬਰਾਬਰੀ 'ਤੇ ਰਹੀਆਂ। ਇਸ ਪ੍ਰਦਰਸ਼ਨ ਨਾਲ ਹੀ ਚੈਂਪੀਅਨ ਲੀਗ ਫਾਈਨਲ ਦੇ 70 ਸਾਲ ਦੇ ਇਤਿਹਾਸ ਵਿਚ ਲਗਾਤਾਰ ਦੂਜੀ ਵਾਰ ਪੀ.ਐੱਸ.ਜੀ. ਨੇ ਜਿੱਤ ਦਰਜ ਕੀਤੀ। ਜ਼ਿਕਰਯੋਗ ਹੈ ਕਿ ਪੀ.ਐੱਸ.ਜੀ. ਉਹੀ ਟੀਮ ਹੈ, ਜੋ ਇਸ ਟੂਰਨਾਮੈਂਟ ਦੇ ਲੀਗ ਫੇਜ਼ ਤੱਕ ਗਿਆਰਵੇਂ ਸਥਾਨ 'ਤੇ ਰਹੀ ਸੀ। ਪਰ ਨਾਕਆਊਟ ਪੜਾਅ ਵਿਚ ਇਸ ਟੀਮ ਨੇ ਮੋਨਾਕੋ, ਚੈਲਸੀ, ਬਾਇਰਨ ਮਿਊਨਿਖ ਅਤੇ ਲਿਵਰਪੂਲ ਜਿਹੀਆਂ ਵੱਕਾਰੀ ਟੀਮਾਂ ਨੂੰ ਹਰਾ ਕੇ ਫਾਈਨਲ ਤੱਕ ਦਾ ਸੰਘਰਸ਼ਮਈ ਸਫ਼ਰ ਤੈਅ ਕੀਤਾ। ਜਾਣਨਾ ਬਣਦਾ ਹੈ ਕਿ ਇਸ ਟੀਮ ਨੇ ਇਹ ਟਾਈਟਲ ਦੂਜੀ ਵਾਰ ਜਿੱਤਿਆ ਹੈ। ਇਸ ਤੋਂ ਪਹਿਲਾਂ ਇਹ ਟੀਮ 2019 20 ਵਿਚ ਫਾਈਨਲ ਵਿਚ ਪਹੁੰਚੀ ਸੀ ਪਰ ਉੱਥੇ ਇਸ ਨੂੰ ਬਾਇਰਨ ਮਿਊਨਿਖ ਕੋਲੋਂ 1 0 ਨਾਲ ਹਾਰ ਦਾ ਮੂੰਹ ਵੇਖਣਾ ਪਿਆ ਸੀ ਅਤੇ ਪਿਛਲੇ ਸੀਜ਼ਨ ਵਿਚ ਇੰਟਰ ਮਿਲਾਨ ਨੂੰ 5 0 ਨਾਲ ਹਰਾਇਆ ਸੀ। ਮੌਜੂਦਾ ਜਿੱਤ ਨਾਲ ਪੀ.ਐੱਸ.ਜੀ. ਦੀ ਟੀਮ 2026 27 ਦੇ ਚੈਂਪੀਅਨ ਲੀਗ ਦੇ ਲੀਗ ਫੇਜ਼ ਵਿਚ ਸਿੱਧੀ ਚੁਣੀ ਗਈ। ਇਸ ਸਾਲ ਸਾਲਜ਼ਬਰਗ ਦੇ ਰੈੱਡ ਬੁੱਲ ਐਰੀਨਾ ਵਿਖੇ ਹੋਣ ਵਾਲੇ ਯੂਏਫਾ ਸੁਪਰ ਕੱਪ ਵਿਚ ਵੀ ਇਸ ਦਾ ਮੁਕਾਬਲਾ ਐਸਟਨ ਵਿਲਾ ਟੀਮ ਨਾਲ ਹੋਵੇਗਾ। ਇਸੇ ਦੇ ਨਾਲ ਹੀ ਇਹ ਟੀਮ ਇੰਟਰਕਾਂਟੀਨੈਂਟਲ ਕੱਪ ਦੇ ਫਾਈਨਲ ਵਿਚ ਖੇਡਣ ਦੇ ਯੋਗ ਬਣ ਗਈ ਹੈ, ਜਿੱਥੇ ਇਹ ਯੂਰਪੀ ਟੀਮਾਂ ਦੀ ਨੁਮਾਇੰਦਗੀ ਕਰੇਗੀ। ਅਸਲ ਵਿਚ ਰੀਆਲ ਮੈਡਰਿਡ ਦੀ ਟੀਮ ਚੈਂਪੀਅਨ ਲੀਗ ਦੀ ਸਭ ਤੋਂ ਵੱਧ 15 ਵਾਰ ਟਾਈਟਲ ਜਿੱਤਣ ਵਾਲੀ ਟੀਮ ਹੈ। ਮੌਜੂਦਾ ਸੀਜ਼ਨ ਦੇ ਰਾਊਂਡ ਆਫ 16 ਵਿਚ ਰੀਆਲ ਮੈਡਰਿਡ ਨੇ ਮਾਨਚੈਸਟਰ ਸਿਟੀ ਵਰਗੀ ਵੱਕਾਰੀ ਟੀਮ ਨੂੰ 5 1 ਨਾਲ ਹਰਾਇਆ ਸੀ। ਪਰ ਕੁਆਰਟਰ ਫਾਈਨਲ ਵਿਚ ਬਾਇਰਨ ਮਿਊਨਿਖ ਨੇ ਇਸ ਨੂੰ 6 4 ਗੋਲਾਂ ਦੇ ਫ਼ਰਕ ਨਾਲ ਹਰਾ ਕੇ ਮੁਕਾਬਲੇ 'ਚੋਂ ਬਾਹਰ ਕਰ ਦਿੱਤਾ ਸੀ। ਦੱਸਣਾ ਬਣਦਾ ਹੈ ਕਿ 2004 05 ਤੋਂ ਚੈਂਪੀਅਨ ਲੀਗ ਦੀ ਟਰਾਫੀ ਇੰਗਲੈਂਡ, ਜਰਮਨੀ, ਇਟਲੀ ਤੇ ਸਪੇਨ ਦੀਆਂ ਟੀਮਾਂ ਹੀ ਜਿੱਤਦੀਆਂ ਰਹੀਆਂ ਹਨ। ਪੀ.ਐੱਸ.ਜੀ. ਨੇ ਦੂਜੀ ਵਾਰ ਚੈਂਪੀਅਨ ਬਣ ਕੇ ਇਸ ਰਵਾਇਤ ਨੂੰ ਵੀ ਖ਼ਤਮ ਕਰ ਦਿੱਤਾ। ਰੀਆਲ ਮੈਡਰਿਡ ਦਾ ਫਾਰਵਰਡ ਖਿਡਾਰੀ ਕਿਲੀਅਨ ਐਮਬਾਪੇ ਇਸ ਸੀਜ਼ਨ ਵਿਚ 15 ਗੋਲ ਕਰਕੇ ਟੂਰਨਾਮੈਂਟ ਦਾ ਟਾਪ ਸਕੋਰਰ ਰਿਹਾ। ਇਸੇ ਤਰ੍ਹਾਂ ਬਾਇਰਨ ਮਿਊਨਿਖ ਦੇ ਖਿਡਾਰੀ ਹੈਰੀ ਕੇਨਜ਼ ਨੇ 14 ਗੋਲ ਕੀਤੇ। ਪੀ.ਐੱਸ.ਜੀ. ਦੇ ਸਟ੍ਰਾਈਕਰ ਉਸਮਾਨ ਡੇਂਬੇਲੇ ਨੂੰ 'ਪਹਿਲੇ ਸੈਮੀਫਾਈਨਲ ਦਾ ਸਰਬੋਤਮ ਖਿਡਾਰੀ' ਅਤੇ ਵਿਟਨਿਹਾ ਨੂੰ 'ਫਾਈਨਲ ਦਾ ਸਰਬੋਤਮ ਖਿਡਾਰੀ' ਐਲਾਨਿਆ ਗਿਆ। ਦੱਸਣਯੋਗ ਹੈ ਕਿ ਪੀ.ਐੱਸ.ਜੀ. ਦੇ ਕੋਚ ਲੁਈਸ ਐਨਰਿਕ ਦੀ ਚਾਰੇ ਪਾਸੇ ਤਾਰੀਫ ਕੀਤੀ ਜਾ ਰਹੀ ਹੈ ਕਿਉਂਕਿ ਪੀ.ਐੱਸ.ਜੀ. ਲਗਾਤਾਰ ਦੂਜੀ ਵਾਰ ਯੂਰਪੀ ਚੈਂਪੀਅਨ ਬਣੀ ਹੈ। ਐਨਰਿਕ ਦੋ ਵੱਖ ਵੱਖ ਕਲੱਬਾਂ ਨੂੰ ਚੈਂਪੀਅਨਜ਼ ਲੀਗ ਜਿਤਾਉਣ ਵਾਲਾ ਸੱਤਵਾਂ ਕੋਚ ਬਣ ਗਿਆ ਹੈ। ਇਸ ਤੋਂ ਪਹਿਲਾਂ ਉਸ ਨੇ ਬਾਰਸੀਲੋਨਾ ਟੀਮ ਨੂੰ ਇਹ ਲੀਗ ਜਿਤਵਾਈ ਸੀ।

-ਸੇਵਾਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।
ਮੋਬਾਈਲ : 62842-20595

ਪਿਛਲੀ ਖ਼ਬਰ ਪੇਸ਼ੇਵਰ ਮੁੱਕੇਬਾਜ਼ ਬਣਨ ਦੀ ਤਿਆਰੀ 'ਚ ਮੈਰੀ ਕਾਮ ਅਗਲੀ ਖ਼ਬਰ ਫੀਫਾ ਵਿਸ਼ਵ ਕੱਪ 'ਚ ਕੇਪ ਵਰਡੇ ਦੇਸ਼ ਬਣਿਆ ਨਵਾਂ ਸਿਤਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।