ਯੂ.ਐਨ.ਐਸ.ਸੀ. ਮੈਂਬਰਾਂ ਨੇ ਪਾਕਿ ਨੂੰ ਲਗਾਈ ਫਟਕਾਰ, ਪਹਿਲਗਾਮ ਹਮਲੇ ਦੀ ਕੀਤੀ ਨਿੰਦਾ
ਵਾਸ਼ਿੰਗਟਨ, 6 ਮਈ- 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਏ ਹਨ। ਇਸ ਦੌਰਾਨ, ਪਾਕਿਸਤਾਨ ਦੀ ਬੇਨਤੀ ’ਤੇ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇਕ ਮੀਟਿੰਗ ਬੰਦ ਕਮਰੇ ਵਿਚ ਹੋਈ। ਇਸ ਮੀਟਿੰਗ ਦੌਰਾਨ ਪਾਕਿਸਤਾਨ ਨੂੰ ਅਲੱਗ-ਥਲੱਗ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ, ਯੂ.ਐਨ.ਐਸ.ਸੀ. ਮੈਂਬਰਾਂ ਨਾਲ ਬੰਦ ਦਰਵਾਜ਼ੇ ਦੀ ਮੀਟਿੰਗ ਵਿਚ, ਪਾਕਿਸਤਾਨ ਵਲੋਂ ਭਾਰਤ ਬਾਰੇ ਬਣਾਏ ਗਏ ਬਿਰਤਾਂਤ ’ਤੇ ਸਵਾਲ ਉਠਾਏ ਗਏ। ਸੰਯੁਕਤ ਰਾਸ਼ਟਰ ਦੇ ਮੈਂਬਰਾਂ ਨੇ ਪਹਿਲਗਾਮ ਹਮਲੇ ਵਿਚ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੀ ਭੂਮਿਕਾ ਬਾਰੇ ਸਵਾਲ ਚੁੱਕੇ। ਸੰਯੁਕਤ ਰਾਸ਼ਟਰ ਦੇ ਮੈਂਬਰਾਂ ਨੇ ਪਾਕਿਸਤਾਨ ਦੇ ਝੂਠੇ ਝੰਡੇ (ਫਾਲਸ ਫਲੈਗ) ਵਾਲੇ ਬਿਆਨ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਫਾਲਸ ਫਲੈਗ ਇਕ ਫੌਜੀ ਕਾਰਵਾਈ ਹੈ ਜਿੱਥੇ ਕੋਈ ਦੇਸ਼ ਗੁਪਤ ਰੂਪ ਵਿਚ ਅਤੇ ਜਾਣਬੁੱਝ ਕੇ ਆਪਣੀ ਜਾਇਦਾਦ ਅਤੇ ਮਨੁੱਖੀ ਜੀਵਨ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜਦੋਂ ਕਿ ਉਹ ਦੁਨੀਆ ਨੂੰ ਦੱਸਦਾ ਹੈ ਕਿ ਉਸ ਦੇ ਦੁਸ਼ਮਣ ਦੇਸ਼ ਨੇ ਇਹ ਕੀਤਾ ਹੈ। ਇਸ ਮੀਟਿੰਗ ਦੌਰਾਨ, ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ। ਕੁਝ ਮੈਂਬਰਾਂ ਨੇ ਧਰਮ ਦੇ ਆਧਾਰ ’ਤੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਉਣ ਦਾ ਮੁੱਦਾ ਉਠਾਇਆ। ਕੁਝ ਦੇਸ਼ਾਂ ਨੇ ਪਾਕਿਸਤਾਨ ਦੇ ਮਿਜ਼ਾਈਲ ਪ੍ਰੀਖਣ ’ਤੇ ਚਿੰਤਾ ਪ੍ਰਗਟ ਕੀਤੀ ਤੇ ਇਸ ਨੂੰ ਭੜਕਾਊ ਕਾਰਵਾਈ ਦੱਸਿਆ। ਇਸ ਤਰ੍ਹਾਂ, ਮੌਜੂਦਾ ਸਥਿਤੀ ਨੂੰ ਅੰਤਰਰਾਸ਼ਟਰੀਕਰਨ ਕਰਨ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ। ਇੰਨਾ ਹੀ ਨਹੀਂ, ਮੈਂਬਰ ਦੇਸ਼ਾਂ ਨੇ ਪਾਕਿਸਤਾਨ ਨੂੰ ਭਾਰਤ ਨਾਲ ਆਪਣੀਆਂ ਸਮੱਸਿਆਵਾਂ ਦੁਵੱਲੇ ਪੱਧਰ ’ਤੇ ਹੱਲ ਕਰਨ ਦੀ ਸਲਾਹ ਵੀ ਦਿੱਤੀ।
;
;
;
;
;
;