ਓਰਬਿਟ ਵਾਲਵੋ ਬੱਸ ਵਿਚ ਬੰਬ ਹੋਣ ਦੀ ਧਮਕੀ ਨਿਕਲੀ ਅਫਵਾਹ

ਸਮਰਾਲਾ, 7 ਮਈ (ਗੋਪਾਲ ਸੋਫਤ)-ਇਕ ਨਿੱਜੀ ਬੱਸ ਕੰਪਨੀ ਓਰਬਿਟ ਦੀ ਬੱਸ ਅੱਜ ਤੜਕੇ ਗੁਰੂ ਗ੍ਰਾਮ ਤੋਂ ਬਾਇਆ ਚੰਡੀਗੜ੍ਹ ਕਟੜਾ-ਜੰਮੂ ਲਈ ਰਵਾਨਾ ਹੋਈ ਸੀ। ਜਦੋਂ ਚੰਡੀਗੜ੍ਹ ਤੋਂ ਸਵਾਰੀਆਂ ਲੈ ਕੇ ਲਗਭਗ ਤਿੰਨ ਕੁ ਵਜੇ ਇਹ ਬੱਸ ਸਮਰਾਲਾ ਥਾਣੇ ਅਧੀਨ ਪੈਂਦੀ ਚੌਕੀ ਹੇਡੋ ਤੋਂ 2 ਕਿਲੋਮੀਟਰ ਦੂਰ ਪਹੁੰਚੀ ਸੀ ਤਾਂ ਦਿੱਲੀ ਤੋਂ ਸਵਾਰੀਆਂ ਦੀ ਬੁਕਿੰਗ ਕਰਨ ਵਾਲੀ ਰੈੱਡ ਕੰਪਨੀ ਵਲੋਂ ਡਰਾਈਵਰ ਨੂੰ ਫੋਨ ਕਰਕੇ ਬੱਸ ਅੰਦਰ ਬੰਬ ਹੋਣ ਦੀ ਜਾਣਕਾਰੀ ਦਿੱਤੀ ਗਈ। ਬੱਸ ਡਰਾਈਵਰ ਨੇ ਆਪਣੀ ਸੂਝ-ਬੂਝ ਵਰਤਦਿਆਂ ਤੇ ਦਲੇਰੀ ਵਿਖਾਉਂਦੇ ਹੋਏ ਪੁਲਿਸ ਚੌਕੀ ਹੇਡੋਂ ਕੋਲ ਇਸ ਬੱਸ ਨੂੰ ਖੇਤਾਂ ਵਿਚ ਲਿਜਾ ਕੇ ਰੋਕ ਲਿਆ ਅਤੇ ਸਾਰੀਆਂ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਨੇੜਲੀ ਹੇਡੋਂ ਦੀ ਪੁਲਿਸ ਚੌਕੀ ਵਿਚ ਪਹੁੰਚਾ ਦਿੱਤਾ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਐੱਸ.ਐੱਸ.ਪੀ. ਖੰਨਾ ਡਾ. ਜੋਤੀ ਯਾਦਵ, ਸਥਾਨਕ ਉਪ ਪੁਲਿਸ ਕਪਤਾਨ ਤਰਲੋਚਨ ਸਿੰਘ, ਥਾਣਾ ਮੁਖੀ ਪਵਿੱਤਰ ਸਿੰਘ ਤੇ ਹੋਰ ਪੁਲਿਸ ਉੱਚ ਅਧਿਕਾਰੀਆਂ ਸਮੇਤ ਭਾਰੀ ਗਿਣਤੀ ਵਿਚ ਮੌਕੇ ’ਤੇ ਪਹੁੰਚ ਗਏ।