ਅੰਮ੍ਰਿਤਸਰ ਦੇ ਆਸ ਪਾਸ ਇਲਾਕਿਆਂ ’ਚ ਬੰਬ ਨੁੰਮਾ ਚੀਜ਼ ਮਿਲਣ ਨਾਲ ਹਫੜਾ-ਦਫੜੀ, ਪੁਲਿਸ ਜਾਂਚ ’ਚ ਜੁਟੀ

ਮਜੀਠਾ, (ਅੰਮ੍ਰਿਤਸਰ), 8 ਮਈ (ਜਗਤਾਰ ਸਿੰਘ ਸਹਿਮੀ)- ਭਾਰਤ-ਪਾਕਿਸਤਾਨ ਸਰਹੱਦ ’ਤੇ ਵਧਦੇ ਤਣਾਅ ਦਰਮਿਆਨ ਅੰਮ੍ਰਿਤਸਰ ਨਜ਼ਦੀਕ ਆਸ ਪਾਸ ਦੇ ਇਲਾਕਿਆਂ ’ਚ ਬੀਤੀ ਰਾਤ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਨੇ ਸਥਾਨਕ ਲੋਕਾਂ ’ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਘਟਨਾ ਮਗਰੋਂ ਸ਼ਹਿਰ ’ਚ ਦੋ ਵਾਰ ਬਲੈਕਆਊਟ ਵੀ ਕੀਤਾ ਗਿਆ, ਜਿਸ ਨੇ ਲੋਕਾਂ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ। ਅੱਜ ਸਵੇਰੇ ਜ਼ਿਲ੍ਹੇ ਦੇ ਪਿੰਡ ਪੰਧੇਰ ’ਚ ਬੀਰ ਸਿੰਘ ਦੇ ਖੇਤਾਂ ’ਚੋਂ ਇਕ ਬੰਬ ਨੁਮਾ ਚੀਜ਼ ਮਿਲਣ ਦੀ ਖਬਰ ਨੇ ਪੂਰੇ ਇਲਾਕੇ ’ਚ ਸਨਸਨੀ ਫੈਲਾ ਦਿੱਤੀ। ਸਥਾਨਕ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਮਗਰੋਂ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਪੁਲਿਸ ਨੇ ਖੇਤਰ ਨੂੰ ਘੇਰੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।