ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਲਗਾਇਆ ਸਤਲੁਜ ਸਦਨ ਦੇ ਮੁੱਖ ਗੇਟ ਨੂੰ ਤਾਲਾ

ਨੰਗਲ, 8 ਮਈ (ਅਸ਼ੋਕ ਚੋਪੜਾ)- ਸਤਲੁਜ ਸਦਨ ਨੰਗਲ ਦੇ ਮੁੱਖ ਗੇਟ ਮੂਹਰੇ ਅੱਜ ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵਲੋਂ ਸਾਥੀਆਂ ਸਮੇਤ ਦਿੱਤੇ ਜਾ ਰਹੇ ਧਰਨੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਜਿੱਥੇ ਸਮੁੱਚਾ ਦੇਸ਼ ਪਾਕਿਸਤਾਨ ਨਾਲ ਲੜਾਈ ਲੜ ਰਿਹਾ ਹੈ ਉਥੇ ਹੀ ਅੱਜ ਸਵੇਰੇ ਅਚਾਨਕ ਚੇਅਰਮੈਨ ਵਲੋਂ ਨੰਗਲ ਡੈਮ ਵਿਖੇ ਪਹੁੰਚ ਕੇ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵਲੋਂ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਦੇ ਐਸ.ਐਸ.ਪੀ. ਨੂੰ ਸਾਡੇ ਵਲੋਂ ਇਥੇ ਬੁਲਾਇਆ ਗਿਆ ਤਾਂ ਜੋ ਸਤਲੁਜ ਸਦਨ ਵਿਚ ਬੈਠੇ ਚੇਅਰਮੈਨ ਬੀ.ਬੀ.ਐਮ.ਬੀ. ਮਨੋਜ ਤਿ੍ਪਾਠੀ ਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਦੋਸ਼ ਲਾਉਂਦਿਆ ਕਿਹਾ ਕਿ ਚੇਅਰਮੈਨ ਪਾਣੀ ਛੱਡਣ ਦਾ ਯਤਨ ਕਰਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਇਸ ਲਈ ਤੁਰੰਤ ਉਨ੍ਹਾਂ ਨੂੰ ਸਤਲੁਜ ਸਦਨ ਤੋਂ ਗਿ੍ਫ਼ਤਾਰ ਕੀਤਾ ਜਾਵੇ।