ਕਿਸਾਨ ਜਥੇਬੰਦੀ ਵਲੋਂ ਫਾਜ਼ਿਲਕਾ ਦਾਣਾ ਮੰਡੀ 'ਚ ਸਭ ਤੋਂ ਵੱਧ ਅਨਾਜ ਦੇ ਖਰਾਬ ਹੋਣ ਦੇ ਲਗਾਏ ਦੋਸ਼

ਫ਼ਾਜ਼ਿਲਕਾ, 13 ਮਈ (ਬਲਜੀਤ ਸਿੰਘ)-ਕਿਸਾਨ ਜਥੇਬੰਦੀ ਵਲੋਂ ਫਾਜ਼ਿਲਕਾ ਮੰਡੀ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਉਪਰ ਮਾੜੇ ਪ੍ਰਬੰਧਾਂ ਦੇ ਚਲਦੇ ਫਾਜ਼ਿਲਕਾ ਦਾਣਾ ਮੰਡੀ ਵਿਚ ਸੂਬੇ ਭਰ ਵਿਚੋਂ ਸਭ ਤੋਂ ਵੱਧ ਅਨਾਜ ਦੇ ਖਰਾਬ ਹੋਣ ਦੇ ਦੋਸ਼ ਲਗਏ ਹਨ।ਫ਼ਾਜ਼ਿਲਕਾ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਾਰਕੀਟ ਕਮੇਟੀ ਵਿਚ ਹੋਈ ਇਕ ਹੰਗਾਮੀ ਮੀਟਿੰਗ ਵਿਚ ਕਿਸਾਨ ਯੂਨੀਅਨ ਵਲੋਂ ਪਿਛਲੇ ਦਿਨਾਂ ਦੌਰਾਨ ਹੋਈ ਬਾਰਿਸ਼ ਨਾਲ ਦਾਣਾ ਮੰਡੀ ਵਿਚ ਮੰਡੀ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਦੇ ਚਲਦਿਆਂ ਖਰਾਬ ਹੋਈ ਕਣਕ ਦੀ ਫਸਲ ਦੇ ਰੋਸ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਰੱਜ ਕੇ ਕੋਸਿਆ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ, ਪੰਜਾਬ ਪ੍ਰੈਸ ਸਕੱਤਰ ਮਾਸਟਰ ਬੂਟਾ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਵਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੂਬੇ ਵਿਚ ਮੀਂਹ ਦੇ ਮੌਸਮ ਦੇ ਚਲਦਿਆਂ ਮੰਡੀ ਬੋਰਡ ਵਲੋਂ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਅਤੇ ਲਿਫ਼ਟਿੰਗ ਨਾ ਹੋਣ ਕਾਰਨ ਕਣਕ ਦਾ ਜੋ ਨੁਕਸਾਨ ਹੋਇਆ ਹੈ, ਉਹ ਨੁਕਸਾਨ ਹੁਣ ਸਰਕਾਰੀ ਵਿਭਾਗਾਂ ਜਾਂ ਆੜ੍ਹਤੀਆਂ ਵਲੋਂ ਕਿਸਾਨਾਂ ਤੋਂ ਵਸੂਲਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਵਲੋਂ ਪੰਜਾਬ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਸਰਕਾਰ ਹਾਈਬ੍ਰਿਡ ਝੋਨੇ ਦੇ ਪਾਬੰਦੀ ਦੇ ਆਪਣੇ ਫੈਸਲੇ ਨੂੰ ਤੁਰੰਤ ਵਾਪਸ ਲਵੇ ਤਾਂ ਕਿ ਮਾੜੇ ਪਾਣੀ ਅਤੇ ਮਾੜੀਆਂ ਜ਼ਮੀਨਾਂ ਵਾਲੇ ਕਿਸਾਨਾਂ ਦਾ ਆਰਥਿਕ ਨੁਕਸਾਨ ਨਾ ਹੋਵੇ।