ਪੰਜਾਬ ਸਰਕਾਰ ਤੇ ਸੈਨਿਕ ਸਕੂਲ ਦਰਮਿਆਨ ਹੋਇਆ 'ਮੈਮੋਰੈਂਡਮ ਆਫ਼ ਐਗਰੀਮੈਂਟ'

ਕਪੂਰਥਲਾ, 27 ਮਈ (ਅਮਰਜੀਤ ਕੋਮਲ) - ਪੰਜਾਬ ਸਰਕਾਰ ਵਲੋਂ ਸੈਨਿਕ ਸਕੂਲ ਦੀ 19 ਸਾਲ ਪੁਰਾਣੀ ਮੰਗ ਨੂੰ ਪੂਰਾ ਕਰਦਿਆਂ ਸੈਨਿਕ ਸਕੂਲ ਨਾਲ 'ਮੈਮੋਰੈਂਡਮ ਆਫ਼ ਐਗਰੀਮੈਂਟ' ਕੀਤਾ ਗਿਆ ਹੈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੋਹਿੰਦਰ ਭਗਤ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਸੈਨਿਕ ਸਕੂਲ ਕਪੂਰਥਲਾ ਦੇ ਦੌਰੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ । ਉਨ੍ਹਾਂ ਸੈਨਿਕ ਸਕੂਲ ਤੇ ਪੰਜਾਬ ਸਰਕਾਰ ਦਰਮਿਆਨ ਦਸਖ਼ਤ ਕੀਤੇ ਗਏ 'ਮੈਮੋਰੈਂਡਮ ਆਫ਼ ਐਗਰੀਮੈਂਟ' ਨੂੰ ਜਾਰੀ ਕੀਤਾ, ਜਿਸ ਤਹਿਤ ਸਰਕਾਰ ਸੈਨਿਕ ਸਕੂਲ ਨੂੰ ਲਗਾਤਾਰ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ । ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ ਸੈਨਿਕ ਸਕੂਲ ਦੀ ਮੁਰੰਮਤ ਲਈ ਲੋੜੀਂਦੇ ਫੰਡ ਜਾਰੀ ਕੀਤੇ ਜਾ ਰਹੇ ਹਨ । ਉਨ੍ਹਾਂ ਲੋਕ ਨਿਰਮਾਣ ਵਿਭਾਗ ਪੰਜਾਬ ਨੂੰ ਇਸ ਸੰਬੰਧੀ ਵਿਸਥਾਰਤ ਪ੍ਰੋਜੈਕਟ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੈਨਿਕ ਸਕੂਲ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਕੋਈ ਵੀ ਫ਼ੰਡ ਜਾਰੀ ਨਹੀਂ ਸੀ ਕੀਤਾ ਜਾਂਦਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੈਨਿਕ ਸਕੂਲ ਨੂੰ ਲਗਾਤਾਰ 3-3 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਜਾ ਰਹੇ ਹਨ । ਮੋਹਿੰਦਰ ਭਗਤ ਨੇ 26 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਬਣਾਏ ਅਸਤਬਲ ਦਾ ਉਦਘਾਟਨ ਵੀ ਕੀਤਾ ।