ਖੇਤ ਵਿਚ ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ

ਦਿੜ੍ਹਬਾ ਮੰਡੀ (ਸੰਗਰੂਰ), 27 ਮਈ (ਜਸਵੀਰ ਸਿੰਘ ਔਜਲਾ) - ਕਸਬੇ ਦੇ ਨੇੜਲੇ ਪਿੰਡ ਛਾਹੜ ਵਿਖੇ ਖੇਤ ਵਿਚ ਕੰਮ ਕਰਦੇ ਸਮੇਂ ਇਕ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਵਾਰਸਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਸ਼ਰਮਾ ਪੁੱਤਰ ਬਿਮਲ ਦੇਵ ਬੀਤੀ ਸ਼ਾਮ ਆਪਣੇ ਖੇਤ ਵਿਚ ਝੋਨੇ ਦੀ ਪਨੀਰੀ ਨੂੰ ਪਾਣੀ ਲਗਾਉਣ ਲਈ ਗਿਆ ਸੀ। ਮੋਟਰ ਦਾ ਸਟਾਟਰ ਸ਼ਾਟ ਹੋਣ ਕਾਰਨ ਉਕਤ ਨੌਜਵਾਨ ਕਿਸਾਨ ਨੂੰ ਜ਼ੋਰਦਾਰ ਕਰੰਟ ਲੱਗਿਆ ਅਤੇ ਮੌਕੇ 'ਤੇ ਹੀ ਮੌਤ ਹੋ ਗਈ। ਇੰਸਪੈਕਟਰ ਗੁਰਮੀਤ ਸਿੰਘ ਮੁਖੀ ਪੁਲਿਸ ਥਾਣਾ ਛਾਜਲੀ ਨੇ ਕਿਹਾ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ।