ਚੋਰ ਗਰੋਹ ਦੇ 3 ਮੈਂਬਰ ਮੋਟਰਸਾਈਕਲਾਂ ਸਣੇ ਕਾਬੂ

ਮਾਛੀਵਾੜਾ ਸਾਹਿਬ, 19 ਜੂਨ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਵਲੋਂ ਇਕ ਮੋਟਰਸਾਈਕਲ ਚੋਰ ਗਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 8 ਮੋਟਰਸਾਈਕਲ ਤੇ 1 ਐਕਟਿਵਾ ਬਰਾਮਦ ਕਰ ਲਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਪ੍ਰਗਟ ਸਿੰਘ ਉਰਫ਼ ਕਾਲਾ ਵਾਸੀ ਭੱਟੀਆਂ, ਪ੍ਰਦੀਪ ਸਿੰਘ ਉਰਫ਼ ਦੀਪਾ ਵਾਸੀ ਟਾਂਡਾ ਕੁਸ਼ਲ ਸਿੰਘ ਵਜੋਂ ਹੋਈ ਹੈ ਜਦਕਿ ਇਨ੍ਹਾਂ ਵਿਚ ਇਕ ਨਾਬਾਲਿਗ ਲੜਕਾ ਸ਼ਾਮਿਲ ਹੈ। ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ. ਡਾ. ਜੋਤੀ ਯਾਦਵ, ਐੱਸ.ਪੀ.ਡੀ. ਪਵਨਜੀਤ, ਡੀ.ਐੱਸ.ਪੀ. ਤਰਲੋਚਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਿਸ ਪਾਰਟੀ ਵਲੋਂ ਸ਼ੱਕੀ ਪੁਰਸ਼ਾਂ ਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਸਹਾਇਕ ਥਾਣੇਦਾਰ ਪਵਨਜੀਤ ਨੂੰ ਗਸ਼ਤ ਦੌਰਾਨ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਮਾਛੀਵਾੜਾ-ਕੁਹਾਡ਼ਾ ਰੋਡ ’ਤੇ ਪ੍ਰਗਟ ਸਿੰਘ ਤੇ ਉਸਦੇ ਸਾਥੀ ਚੋਰੀ ਦੇ ਮੋਟਰਸਾਈਕਲਾਂ ਸਮੇਤ ਆ ਰਹੇ ਹਨ। ਪੁਲਿਸ ਵਲੋਂ ਤੁਰੰਤ ਕਪੂਰ ਪੈਲੇਸ ਨੇੜੇ ਨਾਕਾਬੰਦੀ ਕਰਕੇ ਜਾਂਚ ਲਈ ਜਦੋਂ ਸ਼ੱਕੀ ਵਾਹਨਾਂ ਨੂੰ ਰੋਕਿਆ ਤਾਂ ਪ੍ਰਗਟ ਸਿੰਘ ਕਾਲਾ ਤੇ ਉਸ ਨਾਲ ਨਾਬਾਲਿਗ ਲੜਕੇ ਨੂੰ ਚੋਰੀ ਦੇ 2 ਮੋਟਰਸਾਈਕਲਾਂ ਸਮੇਤ ਕਾਬੂ ਕਰ ਲਿਆ ਜਦਕਿ ਉਨ੍ਹਾਂ ਦਾ ਇਕ ਹੋਰ ਸਾਥੀ ਮੇਜਰ ਸਿੰਘ ਵਾਸੀ ਭਮਾ ਕਲਾਂ ਪੁਲਿਸ ਨੂੰ ਦੇਖ ਕੇ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪ੍ਰਗਟ ਸਿੰਘ ਨੇ ਦੱਸਿਆ ਕਿ ਚੋਰੀ ਦੀਆਂ ਘਟਨਾਵਾਂ ਵਿਚ ਪ੍ਰਦੀਪ ਸਿੰਘ ਉਰਫ਼ ਦੀਪਾ ਵੀ ਸ਼ਾਮਿਲ ਹੈ, ਜਿਸ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਥਾਣਾ ਮੁਖੀ ਨੇ ਕਿਹਾ ਕਿ ਚੋਰ ਗਰੋਹ ਵਿਚ ਨਾਬਾਲਿਗ ਲੜਕਾ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ, ਜਿਸ ਨੂੰ ਬਾਕੀ ਮੈਂਬਰ ਰੇਕੀ ਕਰਕੇ ਭੇਜਦੇ ਸਨ। ਫਿਲਹਾਲ ਚੋਰੀ ਦੇ 8 ਮੋਟਰਸਾਈਕਲ ਤੇ 1 ਐਕਟਿਵਾ ਬਰਾਮਦ ਕਰ ਲਈ ਹੈ ਅਤੇ ਚੋਰ ਗਰੋਹ ਦੇ ਮੈਂਬਰ ਪ੍ਰਵਾਸੀ ਮਜ਼ਦੂਰਾਂ ਨੂੰ ਮਹਿੰਗੇ ਭਾਅ ਦਾ ਮੋਟਰਸਾਈਕਲ ਸਿਰਫ 5 ਤੋਂ 10 ਹਜ਼ਾਰ ਰੁਪਏ ’ਤੇ ਵੇਚ ਦਿੰਦੇ ਸਨ। ਉਨ੍ਹਾਂ ਕਿਹਾ ਕਿ ਪੁੱਛਗਿੱਛ ਜਾਰੀ ਹੈ ਅਤੇ ਚੋਰੀ ਦੀਆਂ ਹੋਰ ਘਟਨਾਵਾਂ ਦਾ ਖੁਲਾਸਾ ਵੀ ਹੋ ਸਕਦਾ ਹੈ।